ਮੋਦੀ ਤੇ ਬਾਇਡਨ ਵੱਲੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ’ਤੇ ਜ਼ੋਰ

0
306

ਵਾਸ਼ਿੰਗਟਨ, 24 ਸਤੰਬਰ-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੀਟਿੰਗ ਜਾਰੀ ਹੈ। ਸ੍ਰੀ ਮੋਦੀ ਨੇ ਅਮਰੀਕੀ ਰਾਸ਼ਟਪਤੀ ਦਾ ਕਰੋਨਾ ਮਹਾਮਾਰੀ ਤੇ ਵਾਤਾਵਰਨ ਵਿਚ ਸਹਿਯੋਗ ਲਈ ਧੰਨਵਾਦ ਕੀਤਾ। ਦੋਵਾਂ ਆਗੂਆਂ ਨੇ ਕਿਹਾ ਕਿ ਉਹ ਆਪਸੀ ਸਹਿਯੋਗ ਨਾਲ ਚੁਣੌਤੀਆਂ ਦਾ ਟਾਕਰਾ ਕਰਨਗੇ ਤੇ ਦੋਹਾਂ ਦੇਸ਼ਾਂ ਦਰਮਿਆਨ ਸਬੰਧ ਮਜ਼ਬੂਤ ਕਰਨ ਲਈ ਬਣਦਾ ਯੋਗਦਾਨ ਪਾਉਣਗੇ। ਸ੍ਰੀ ਮੋਦੀ ਨੇ ਕਿਹਾ ਕਿ ਇਸ ਦਹਾਕੇ ਨੂੰ ਨਵੀਂ ਦਿਸ਼ਾ ਦੇਣ ਵਿਚ ਬਾਇਡਨ ਦੀ ਅਗਵਾਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਦੋਸਤੀ ਚਿਰਸਥਾਈ ਰਹੇਗੀ ਤੇ ਦੋਵੇਂ ਦੇਸ਼ ਪਹਿਲਾਂ ਦੀ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ’ਤੇ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਬਾਇਡਨ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਮਾਂ ਦੀ ਜ਼ਿਕਰ ਕਰਦਿਆਂ ਕਿਹਾ ਕਿ ਉਹ ਭਾਰਤ ਤੋਂ ਸੀ ਜਿਸ ਨੇ ਉੱਘੀ ਵਿਗਿਆਨੀ ਵਜੋਂ ਨਾਮਣਾ ਖੱਟਿਆ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਸ਼ਾਂਤੀ, ਸਹਿਣਸ਼ੀਲਤਾ ਆਦਿ ਕਦਰਾਂ ਕੀਮਤਾਂ ਦੀ ਜ਼ਰੂਰਤ ਹੈ।

ਤਿੰਨ ਦਿਨੀਂ ਦੌਰੇ ‘ਤੇ ਅਮਰੀਕਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁੱਕਰਵਾਰ ਨੂੰ ਦੂਜਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਵ੍ਹਾਈਟ ਹਾਊਸ ‘ਚ ਬੈਠਕ ਜਾਰੀ ਹੈ। ਵ੍ਹਾਈਟ ਹਾਊਸ ‘ਚ ਚੱਲ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਅਹਿਮ ਬੈਠਕ ਦੀ ਪਹਿਲੀ ਤਸਵੀਰ ਵੀ ਸਾਹਮਣੇ ਆ ਗਈ ਹੈ। ਇਸ ‘ਚ ਦੋਵਾਂ ਦੇਸ਼ਾਂ ਦੇ ਨੇਤਾ ਮਾਸਕ ਪਾਏ ਹੋਏ ਬੈਠੇ ਨਜ਼ਰ ਆ ਰਹੇ ਹਨ।

ਬੈਠਕ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਭਾਰਤ ਨਾਲ ਬਿਹਤਰ ਰਿਸ਼ਤੇ ਲਈ ਵਚਨਬੱਧ ਹਾਂ। ਦੋਵਾਂ ਨੇਤਾਵਾਂ ਦਰਮਿਆਨ ਕੋਵਿਡ-19 ਮਹਾਮਰੀ, ਜਲਵਾਯੂ ਪਰਿਵਰਤਨ, ਅਫਗਾਨਿਸਤਾਨ ਅਤੇ ਆਰਥਿਕ ਸਹਿਯੋਗ ਸਮੇਤ ਕਈ ਮੁੱਦਿਆਂ ‘ਤੇ ਚਰਚਾ ਹੋਣ ਦੀ ਉਮੀਦ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਬਾਈਡੇਨ ਦੀ ਆਹਮੋ-ਸਾਹਮਣੇ ਮੁਲਾਕਾਤ ਪੀ.ਐੱਮ. ਮੋਦੀ ਬੈਠਕ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਦੀ ਮੁਲਾਕਾਤ ਹੋਈ ਹੈ। ਉਸ ਸਮੇਂ ਬਾਈਡੇਨ ਦੇਸ਼ ਦੇ ਉਪ ਰਾਸ਼ਟਰਪਤੀ ਸਨ। ਬਾਈਡੇਨ ਨੇ ਇਸ ਸਾਲ ਜਨਵਰੀ ‘ਚ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਸੀ। ਬਾਈਡੇਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਪੀ.ਐੱਮ. ਮੋਦੀ ਦੇ ਆਉਣ ਨਾਲ ਉਹ ਬਹੁਤ ਖੁਸ਼ ਹਨ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪੀ.ਐੱਮ. ਮੋਦੀ ਦਾ ਇਹ ਅਮਰੀਕ ‘ਚ ਸੱਤਵਾਂ ਦੌਰਾ ਹੈ। 2014 ‘ਚ ਮੋਦੀ ਅਮਰੀਕਾ ਗਏ ਸਨ। ਇਸ ਤੋਂ ਬਾਅਦ ਅਗਲੇ ਸਾਲ ਫਿਰ ਉਹ ਅਮਰੀਕਾ ਗਏ, ਜਿਥੇ ਕਈ ਸੀ.ਈ.ਓ. ਨਾਲ ਮਿਲੇ ਸਨ। 2016 ‘ਚ ਪ੍ਰਮਾਣੂ ਸੁਰੱਖਿਆ ਸਮਿਟ ‘ਚ ਹਿੱਸਾ ਲਿਆ। ਇਸ ਤੋਂ ਬਾਅਦ ਫਿਰ ਜੂਨ ਮਹੀਨੇ ‘ਚ ਉਨ੍ਹਾਂ ਨੇ ਅਮਰੀਕੀ ਸੰਸਦ ਨੂੰ ਸੰਬੋਧਿਤ ਕੀਤਾ ਸੀ। ਅਗਲੇ ਸਾਲ 2017 ‘ਚ ਟਰੰਪ ਨਾਲ ਮੁਲਾਕਾਤ ਹੋਈ ਅਤੇ ਵ੍ਹਾਈਟ ਹਾਊਸ ‘ਚ ਡਿਨਰ ਵੀ ਕੀਤਾ। ਇਸ ਤੋਂ ਬਾਅਦ 2019 ‘ਚ ਅਮਰੀਕਾ ‘ਚ ਹਾਊਡੀ ਪ੍ਰੋਗਰਾਮ ‘ਚ ਪੀ.ਐੱਮ. ਮੋਦੀ ਸ਼ਾਮਲ ਹੋਏ। 2021 ‘ਚ ਹੁਣ ਪੀ.ਐੱਮ. ਮੋਦੀ ਦੀ ਬਾਈਡੇਨ ਨਾਲ ਵ੍ਹਾਈਟ ਹਾਊਸ ‘ਚ ਮੁਲਾਕਾਤ ਚੱਲ ਰਹੀ ਹੈ।

ਪੀ.ਐੱਮ. ਮੋਦੀ ਨੇ ਬੈਠਕ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਹਾਰਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਕੋਵਿਡ ਹੋਵੇ, ਜਲਵਾਯੂ ਪਰਿਵਰਤਨ ਹੋਵੇ ਜਾਂ ਕਵਾਡ ਹੋਵੇ, ਹਰ ਖੇਤਰ ‘ਚ ਇਕ ਅਨੋਖੀ ਪਹਿਲ ਕੀਤੀ ਹੈ। ਜੋ ਆਉਣ ਵਾਲੇ ਦਿਨਾਂ ‘ਚ ਬਹੁਤ ਵੱਡਾ ਪ੍ਰਭਾਵ ਪੈਦਾ ਕਰੇਗਾ। ਮੈਨੂੰ ਭਰੋਸਾ ਹੈ ਕਿ ਅੱਜ ਦੀ ਸਾਡੀ ਗੱਲਬਾਤ ‘ਚ ਵੀ ਇਨ੍ਹਾਂ ਸਾਰਿਆਂ ਮੁੱਦਿਆਂ ‘ਤੇ ਅਸੀਂ ਵਿਸਤਾਰ ਨਾਲ ਚਰਚਾ ਕਰ ਸਕਦੇ ਹਾਂ। ਅਸੀਂ ਕਿਵੇਂ ਇਕੱਠੇ ਚੱਲ ਸਕਦੇ ਹਾਂ, ਦੁਨੀਆ ਲਈ ਅਸੀਂ ਕੀ ਵਧੀਆ ਕਰ ਸਕਦੇ ਹਾਂ, ਇਸ ‘ਤੇ ਅਸੀਂ ਅੱਜ ਸਾਰਥਕ ਚਰਚਾ ਕਰਾਂਗੇ।

ਪੀ.ਐੱਮ. ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੇ ਗਾਂਧੀ ਜੀ ਦੀ ਜਯੰਤੀ ਦਾ ਜ਼ਿਕਰ ਕੀਤਾ। ਗਾਂਧੀ ਜੀ ਨੇ ਟਰੱਸਟੀਸ਼ਿਪ ਦੇ ਬਾਰੇ ‘ਚ ਵੀ ਗੱਲ ਕੀਤੀ ਸੀ ਭਾਵ ਉਹ ਸੰਕਲਪ ਜੋ ਆਉਣ ਵਾਲੇ ਸਮੇਂ ‘ਚ ਸਾਡੇ ਗ੍ਰਹਿ ਲਈ ਬਹੁਤ ਮਹੱਤਵਪੂਰਨ ਹੈ। ਇਹ ਦਹਾਕਾ ਉਸ ਟਰੱਸਟੀਸ਼ਿਪ ਲਈ ਵੀ ਬਹੁਤ ਮਹੱਤਵਪੂਰਨ ਹੈ। ਮਹਾਤਮਾ ਗਾਂਧੀ ਹਮੇਸ਼ਾ ਇਸ ਗੱਲ ਦੀ ਵਕਾਲਤ ਕਰਦੇ ਸਨ ਕਿ ਇਸ ਗ੍ਰਹਿ ਦੇ ਅਸੀਂ ਟਰੱਸਟੀ ਹਾਂ। ਇਹ ਟਰੱਸਟੀ ਦੀ ਭਾਵਨਾ ਵੀ ਭਾਰਤ ਅਤੇ ਅਮਰੀਕਾ ਦਰਮਿਆਨ ਦੇ ਸੰਬੰਧਾਂ ‘ਚ ਬਹੁਤ ਭੂਮਿਕਾ ਰੱਖੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਵਪਾਰ ਦੇ ਮੁੱਦੇ ‘ਤੇ ਵੀ ਗੱਲ਼ਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰ ਦਾ ਆਪਣਾ ਮਹੱਤਵ ਹੈ। ਇਸ ਦਹਾਕੇ ‘ਚ ਵਪਾਰ ਦੇ ਖੇਤਰ ‘ਚ ਵੀ ਅਸੀਂ ਇਕ ਦੂਜੇ ਨੂੰ ਕਾਫੀ ਮਦਦ ਕਰ ਸਕਦੇ ਹਾਂ। ਬਹੁਤ ਸਾਰੀਆਂ ਚੀਜ਼ਾਂ ਹਨ ਜੋ ਅਮਰੀਕਾ ਕੋਲ ਹਨ ਜਿਨ੍ਹਾਂ ਦੀ ਭਾਰਤ ਨੂੰ ਲੋੜ ਹੈ। ਬਹੁਤ ਸਾਰੀਆਂ ਚੀਜ਼ਾਂ ਭਾਰਤ ਕੋਲ ਹਨ ਜੋ ਅਮਰੀਕਾ ਦੇ ਕੰਮ ਆ ਸਕਦੀਆਂ ਹਨ। ਪੀ.ਐੱਮ. ਮੋਦੀ ਨੇ ਤਕਨਾਲੋਜੀ ‘ਤੇ ਕਿਹਾ ਕਿ ਤਕਨਾਲੋਜੀ ਇਕ ਪ੍ਰੇਰਕ ਸ਼ਕਤੀ ਬਣ ਰਹੀ ਹੈ। ਸਾਨੂੰ ਜ਼ਿਆਦਾ ਤੋਂ ਜ਼ਿਆਦਾ ਗਲੋਬਲੀ ਭਲਾਈ ਲਈ ਤਕਨਾਲੋਜੀ ਦਾ ਲਾਭ ਲੈਣ ਲਈ ਆਪਣੀ ਪ੍ਰਤੀਭਾ ਦੀ ਵਰਤੋਂ ਕਰਨੀ ਹੋਵੇਗੀ।