ਸੰਦੀਪ ਨੰਗਲ ਅੰਬੀਆਂ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਪੰਜਾਬ ਪੁਲਿਸ ਨੇ ਇਸ ਨੂੰ ਕੈਨੇਡਾ ਤੋਂ ਸੁਪਾਰੀ ਦੇ ਕੇ ਕਰਵਾਇਆ ਗਿਆ ਕਤਲ ਦੱਸਿਆ ਹੈ, ਜਿਸ ਪਿੱਛੇ ਤਿੰਨ ਮੁੱਖ ਸਾਜਿਸ਼ਘਾੜਿਆਂ ਨੂੰ ਵੀ ਨਾਮਜ਼ਦ ਕੀਤਾ ਹੈ।
੧. ਸਨੋਵਰ ਢਿੱਲੋਂ, ਜੋ ਅੰਮ੍ਰਿਤਸਰ ਦਾ ਵਸਨੀਕ ਹੈ ਅਤੇ ਅੱਜ-ਕੱਲ੍ਹ ਬਰੈਂਪਟਨ, ਓਨਟਾਰੀਓ, ਕੈਨੇਡਾ ਵਿੱਚ ਰਹਿੰਦਾ ਹੈ ਅਤੇ ਕੈਨੇਡੀਅਨ ਸੱਥ ਟੀਵੀ ਅਤੇ ਰੇਡੀਓ ਸ਼ੋਅ ਦਾ ਨਿਰਮਾਤਾ ਅਤੇ ਨਿਰਦੇਸ਼ਕ ਹੈ।
੨. ਸੁਖਵਿੰਦਰ ਸਿੰਘ ਉਰਫ ਸੁੱਖਾ ਦੁੱਨੇਕੇ ਉਰਫ ਸੁੱਖ ਸਿੰਘ ਵਾਸੀ ਪਿੰਡ ਦੁੱਨੇਕੇ, ਵਾਸੀ ਮੋਗਾ ਅਤੇ ਜੋ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ‘ਚ ਰਹਿ ਰਿਹਾ ਹੈ।
੩. ਜਗਜੀਤ ਸਿੰਘ ਉਰਫ ਗਾਂਧੀ ਵਾਸੀ ਡੇਹਲੋਂ, ਲੁਧਿਆਣਾ ਜ਼ੋ ਮੌਜੂਦਾ ਸਮੇਂ ਵਿੱਚ ਮਲੇਸ਼ੀਆ ਵਿੱਚ ਰਹਿ ਰਿਹਾ ਹੈ।
ਦੱਸਣਯੋਗ ਹੈ ਕਿ 14 ਮਾਰਚ, 2022 ਨੂੰ ਸ਼ਾਮ 6 ਵਜੇ ਦੇ ਕਰੀਬ ਜਲੰਧਰ ਦੇ ਪਿੰਡ ਮੱਲ੍ਹੀਆਂ ਵਿੱਚ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਨੇ ਨਾਮਵਰ ਕਬੱਡੀ ਖਿਡਾਰੀ ਸੰਦੀਪ ਸਿੰਘ ਉਰਫ਼ ਸੰਦੀਪ ਨੰਗਲ ਅੰਬੀਆ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਗ੍ਰਿਫਤਾਾਰ ਕੀਤੇ ਵਿਅਕਤੀਆਂ ਦੀ ਪਛਾਣ ਇਸ ਤਰਾਂ ਹੋਈ ਹੈਃ
੧. ਫਤਿਹ ਸਿੰਘ ਉਰਫ ਯੁਵਰਾਜ ਵਾਸੀ ਸੰਗਰੂਰ
੨. ਕੌਸ਼ਲ ਚੌਧਰੀ ਵਾਸੀ ਨਾਹਰਪੁਰ ਰੂਪਾ, ਗੁਰੂਗ੍ਰਾਮ, ਹਰਿਆਣਾ
੩. ਹਰਿਆਣਾ ਦੇ ਪਿੰਡ ਮਹੇਸ਼ਪੁਰ ਪਲਵਾਂ ਦਾ ਅਮਿਤ ਡਾਲਰ
੫. ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਉਰਫ ਗੈਂਗਸਟਰ ਵਾਸੀ ਪਿੰਡ ਮਾਧੋਪੁਰ ਪੀਲੀਭੀਤ, ਯੂ.ਪੀ.
ਇਹ ਚਾਰੇ ਅਪਰਾਧੀ 20 ਤੋਂ ਵੱਧ ਅਪਰਾਧਿਕ ਮਾਮਲਿਆਂ ਜਿਨ੍ਹਾਂ ਵਿੱਚ ਜਿ਼ਆਦਾਤਰ ਕਤਲ ਅਤੇ ਇਰਾਦਾ ਕ਼ਤਲ ਦੇ ਕੇਸ ਹਨ, ‘ਚ ਲੋੜੀਂਦੇ ਸਨ।
ਡੀ.ਜੀ.ਪੀ. ਪੰਜਾਬ ਵੀ.ਕੇ ਭਾਵਰਾ ਨੇ ਦੱਸਿਆ ਕਿ ਇਤਲਾਹ ਦੇ ਅਧਾਰ ‘ਤੇ, ਜਲੰਧਰ ਦਿਹਾਤੀ ਪੁਲਿਸ ਨੇ ਫਤਹਿ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਸੀ। ਪੁੱਛ-ਗਿੱਛ ਦੌਰਾਨ ਫਤਹਿ ਸਿੰਘ ਨੇ ਖੁਲਾਸਾ ਕੀਤਾ ਕਿ ਸਨੋਵਰ ਢਿੱਲੋਂ ਨੇ “ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ” ਬਣਾਈ ਸੀ ਅਤੇ ਵੱਖ-ਵੱਖ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ ਵਿੱਚ ਸ਼ਾਮਲ ਕਰਨ ਲਈ ਕੋਸਿ਼ਸ਼ ਕਰ ਰਿਹਾ ਸੀ।
ਫਤਿਹ ਨੇ ਦੱਸਿਆ ਕਿ ਜਿ਼ਆਦਾਤਰ ਨਾਮਵਰ ਖਿਡਾਰੀ ਮ੍ਰਿਤਕ ਸੰਦੀਪ ਵੱਲੋਂ ਚਲਾਏ ਜਾ ਰਹੀ “ਮੇਜਰ ਲੀਗ ਕਬੱਡੀ ਫੈਡਰੇਸ਼ਨ” ਨਾਲ ਜੁੜੇ ਹੋਏ ਸਨ, ਜੋ ਕਿ ਸਨੋਵਰ ਦੀ ਫੈਡਰੇਸ਼ਨ ਲਈ ਅਸਫਲਤਾ ਸਾਬਿਤ ਹੋ ਰਹੀ ਸੀ। ਫਤਹਿ ਨੇ ਕਬੂਲਿਆ ਕਿ ਉਸਨੇ ਵੀ ਕੁਝ ਖਿਡਾਰੀਆਂ ‘ਤੇ ਸਨੋਵਰ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਸੀ।
ਫਤਹਿ ਨੇ ਕਬੂਲਿਆ ਹੈ ਕਿ ਸਨੋਵਰ ਦੀਆਂ ਹਦਾਇਤਾਂ ‘ਤੇ ਉਸ ਨੇ ਅਮਿਤ ਡਾਗਰ, ਕੌਸ਼ਲ ਚੌਧਰੀ, ਜਗਜੀਤ ਸਿੰਘ, ਲੱਕੀ ਪਟਿਆਲਾ ਅਤੇ ਸੁੱਖਾ ਦੁੱਨੇਕੇ ਨਾਲ ਮਿਲ ਕੇ ਸੰਦੀਪ ਨੂੰ ਮੌਤ ਦੇ ਘਾਟ ਉਤਾਰਨ ਲਈ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ। ਪੁਲਿਸ ਵਲੋੰ ਕੈਨੇਡਾ ਵਾਸੀ ਮੁਲਜ਼ਮਾਂ ਦੀ ਜਲਦ ਹਵਾਲਗੀ ਮੰਨੀ ਜਾਵੇਗੀ।
ਸਨੋਵਰ ਢਿੱਲੋੰ ਬਰੈਂਪਟਨ ‘ਚ ਜਾਣਿਆ ਪਛਾਣਿਆ ਨਾਮ ਹੈ। ਸਿਰਫ ਕਬੱਡੀ ਹੀ ਨਹੀਂ, ਸਿਆਸਤ ਵਿੱਚ ਵੀ। ਉਸ ਨਾਲ ਪਿੱਛੇ ਜਿਹੇ ਕੰਜ਼ਰਵਟਿਵ ਪਾਰਟੀ ਦੀਆਂ ਨਾਮਜ਼ਦਗੀਆਂ ਸੰਬੰਧੀ ਵੀ ਵਿਵਾਦ ਜੁੜਿਆ ਰਿਹਾ ਕਿ ਉਹ ਪਾਰਟੀ ਵਿੱਚ ਹੋਏ ਕਈ ਫਰਾਡਾਂ ‘ਚ ਸ਼ਾਮਲ ਰਿਹਾ ਹੈ। ਢਿੱਲੋਂ ‘ਤੇ ਦੋਸ਼ ਸਨ ਕਿ ਉਸਨੇ ਜਾਅਲੀ ਵੋਟਾਂ ਬਣਾ ਕੇ ਨਾਮਜ਼ਦਗੀ ਚੋਣਾਂ ਨੂੰ ਪ੍ਰਭਾਵਿਤ ਕੀਤਾ।
ਸਨੋਵਰ ਢਿੱਲੋਂ ਜਿਨ੍ਹਾਂ ਕਬੱਡੀ ਵਾਲਿਆਂ ਨਾਲ ਬਰੈਂਪਟਨ ਘੁੰਮਦਾ ਰਿਹਾ, ਲੋਕਾਂ ਦੇ ਮਨਾਂ ‘ਚ ਉਨ੍ਹਾਂ ਬਾਰੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ