ਮੁੱਛਾਂ ਰੱਖਣ ਤੇ ਕੜਾ ਪਹਿਨਣ ਕਾਰਨ ਰਾਜਸਥਾਨ ‘ਚ ਦਲਿਤ ਨੌਜਵਾਨ ਦਾ ਕਤਲ

0
911

ਰਾਜਸਥਾਨ ‘ਚ ਸਿਹਤ ਕਰਮਚਾਰੀ ਵਜੋਂ ਕੰਮ ਕਰਦੇ ਜਤਿੰਦਰਪਾਲ ਮੇਘਵਾਲ ਨਾਮਕ ਦਲਿਤ ਨੌਜਾਵਨ ਨੂੰ ਮਨੂੰਵਾਦੀਆਂ ਨੇ ਸਿਰਫ ਇਸ ਲਈ ਛੁਰੇ ਮਾਰ ਮਾਰ ਕੇ ਮਾਰ ਦਿੱਤਾ ਕਿ ਉਸਨੇ ਮੁੱਛਾਂ ਰੱਖੀਆਂ ਸਨ, ਐਨਕਾਂ ਲਾ ਕੇ ਟੌਹਰ ਨਾਲ ਸੋਸ਼ਲ ਮੀਡੀਏ ‘ਤੇ ਆਪਣੀਆਂ ਤਸਵੀਰਾਂ ਪਾਉਂਦਾ ਸੀ। ਪਤਾ ਨਹੀਂ ਉਹ ਕੜੇ ਬਾਰੇ ਕਿੰਨਾ ਕੁ ਜਾਣਦਾ ਪਰ ਬਹੁਤੀਆਂ ਤਸਵੀਰਾਂ ‘ਚ ਉਸਨੇ ਕੜਾ ਪਾਇਆ ਹੋਇਆ ਸੀ। ਮਾਣ ਨਾਲ ਪਾਉਂਦਾ ਸੀ, ਪਾ ਸਕਦਾ।

ਮਨੂੰਵਾਦੀਆਂ ਵਲੋਂ ਭਾਰਤ ‘ਚ ਦਲਿਤਾਂ ਨਾਲ ਸਦੀਆਂ ਤੋਂ ਅਜਿਹਾ ਸਲੂਕ ਜਾਰੀ ਹੈ। ਰਾਸ਼ਟਰਪਤੀ ਤੱਕ ਨੂੰ ਦਲਿਤ ਹੋਣ ਕਾਰਨ ਜ਼ਲੀਲ ਕੀਤਾ ਜਾ ਚੁੁੱਕਾ। ਪੰਜਾਬ ‘ਚ ਅਜਿਹਾ ਵਿਤਕਰਾ ਦੂਜੇ ਸੂਬਿਆਂ ਮੁਕਾਬਲੇ ਬਹੁਤ ਹੀ ਘੱਟ ਹੈ ਪਰ ਹੁੰਦਾ ਇਹ ਹੈ ਕਿ ਪੰਜਾਬ ਜਾਂ ਸਿੱਖਾਂ ਨਾਲ ਸਬੰਧਤ ਦਲਿਤਾਂ ਦੀ ਕੋਈ ਗੱਲ ਹੋਵੇ ਤਾਂ ਅਖੌਤੀ ਦਲਿਤ ਚਿੰਤਕਾਂ ਦੇ ਨਾਲ ਨਾਲ ਲਿਬਰਲ-ਸੈਕੂਲਰ-ਕਾਮਰੇਡ ਲਾਣਾ ਵੀ ਸਿੱਖਾਂ ਦੁਆਲੇ ਹੋਣ ਲਈ ਖੁੱਡਾਂ ‘ਚੋਂ ਨਿਕਲ ਆਉਂਦਾ ਪਰ ਹੋਰ ਸੂਬਿਆਂ ਵਾਰੀ ਚੁੱਪ ਵੱਟ ਲਈ ਜਾਂਦੀ ਹੈ।

ਜਤਿੰਦਰਪਾਲ ਮੇਘਵਾਲ ਦਾ ਮਨੂੰਵਾਦੀਆਂ ਵਲੋਂ ਕੀਤਾ ਕਤਲ ਦੱਸ ਰਿਹਾ ਕਿ ਸਮਾਜ ਅਗਾਂਹ ਕਿਧਰ ਨੂੰ ਵਧ ਰਿਹਾ ਤੇ ਸੰਘੀਆਂ ਦਾ ਅਗਲਾ ਨਿਸ਼ਾਨਾ ਕੀ ਹੈ, ਪਰ ਬਹੁਤੇ ਦਲਿਤ ਜਾਣੇ-ਅਨਜਾਣੇ ਇਸ ਖਤਰੇ ਬਾਰੇ ਚੁੱਪ ਹਨ।

ਜਤਿੰਦਰਪਾਲ ਮੇਘਵਾਲ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ, ਜੇ ਫੜ ਲਏ ਤਾਂ।

ਅਜਿਹੀ ਹੀ ਧੱਕੇ ਵਾਲੀ ਹਰਕਤ ਹਿਮਾਚਲ ਗਏ ਸਿੱਖਾਂ ਨਾਲ ਕੀਤੀ ਗਈ ਹੈ, ਜਿੱਥੇ ਉਨ੍ਹਾਂ ਦੀਆਂ ਗੱਡੀਆਂ ਤੋਂ ਨਿਸ਼ਾਨ ਸਾਹਿਬ ਅਤੇ ਤਸਵੀਰਾਂ ਉਤਰਵਾਈਆਂ ਗਈਆਂ। ਛੋਟੇ ਹੁੰਦਿਆਂ ਦੇਖਦੇ ਆ ਰਹੇ ਹਾਂ ਕਿ ਜਦ ਪਾਉਂਟਾ ਸਾਹਿਬ ਜਾਂ ਮਨੀਕਰਨ ਵੱਲ ਨੂੰ ਜਾਣਾ, ਇਹ ਲੋਕ ਨਿਸ਼ਾਨ ਸਾਹਿਬ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਨੂੰ ਘ੍ਰਿਣਾ ਕਰਦੇ ਸਨ, ਜੇ ਜਥਾ ਵੱਡਾ ਹੋਣਾ ਤਾਂ ਚੁੱਪ ਰਹਿੰਦੇ ਸਨ, ਜੇ ਬੰਦੇ ਥੋੜ੍ਹੇ ਹੋਣੇ ਤਾਂ ਇਨ੍ਹਾਂ ਬੇਇਜ਼ਤੀ ਕਰਨੀ ਜਾਂ ਕੁੱਟਮਾਰ।

ਜੇ ਪੰਜਾਬ ‘ਚ ਆਉਂਦੇ ਪਹਾੜੀਆਂ ਨਾਲ ਸਿੱਖਾਂ ਨੇ ਕੋਈ ਵਧੀਕੀ ਕੀਤੀ, (ਜੋ ਕਿ ਕਿਸੇ ਵੀ ਹਾਲ ਨਹੀਂ ਕਰਨੀ ਚਾਹੀਦੀ) ਤਾਂ ਬਹੁਿਤਆਂ ਦੀ ਪੂਛ ਨੂੰ ਵਟਾ ਚੜ੍ਹ ਜਾਣਾ ਪਰ ਹੁਣ ਕੋਈ ਨਹੀਂ ਬੋਲੂਗਾ ਕਿ ਹਿਮਾਚਲ ‘ਚ ਸਿੱਖਾਂ ਨਾਲ ਗਲਤ ਕੀਤਾ ਗਿਆ। ਕੌਮ ਦੇ ਪੰਜਾਬ ਵਸਦੇ ਆਗੂ ਸੋਚਣ ਕਿ ਇਸ ਮਸਲੇ ਨੂੰ ਕਿਵੇਂ ਨਜਿੱਠਣਾ, ਆਖਰ ਰਹਿਣਾ ਤਾਂ ਉੱਥੇ ਉਨ੍ਹਾਂ ਹੀ ਹੈ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ