ਕੀ ਭਗਵੰਤ ਮਾਨ ਸਰਕਾਰ ਵਲੋਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹਟਾ ਦਿੱਤੀ ਗਈ ਹੈ?

0
945

ਜੋ ਕੰਮ ਕੈਪਟਨ ਅਮਰਿੰਦਰ ਨੇ ਨਹੀਂ ਕੀਤਾ ਓ ਭਗਵੰਤ ਮਾਨ ਨੇ ਕਰ ਵਿਖਾਇਆ। ਪਟਿਆਲਾ ਰਿਆਸਤ ਮਹਾਰਾਜਾ ਰਣਜੀਤ ਸਿੰਘ ਦੀ ਪੂਰੀ ਤਰ੍ਹਾਂ ਰਾਜਨੀਤਿਕ ਵਿਰੋਧੀ ਰਹੀ ਹੈ। ਇਥੋਂ ਤਕ ਕਿ ਮਹਾਰਾਜਾ ਰਣਜੀਤ ਸਿੰਘ ਲਾਹੌਰੋ ਪਟਿਆਲੇ ‘ਤੇ ਚੜ੍ਹਾਈ ਕਰਕੇ ਵੀ ਆਇਆ ਸੀ। ਇਸ ਦੇ ਬਾਵਜੂਦ ਵੀ ਪਹਿਲਾਂ ਤੋਂ ਸਰਕਾਰੀ ਦਫਤਰਾਂ ਵਿਚ ਲਗੀ ਮਹਾਰਾਜਾ ਸਾਹਿਬ ਦੀ ਫੋਟੋ ਨੂੰ ਮੁਖ ਮੰਤਰੀ ਬਣਨ ‘ਤੇ ਕੈਪਟਨ ਨੇ ਨਹੀਂ ਉਤਾਰਿਆ। ਪ੍ਰੰਤੂ ਭਗਵੰਤ ਮਾਨ ਨੂੰ ਪਤਾ ਨਹੀਂ ਸਿਖ ਮਹਾਰਾਜੇ ਤਾਂਈ ਕਿਹੜੀ ਨਫਰਤ ਹੈ ਜੋ ਉਹਨਾਂ ਦੀ ਫੋਟੋ ਲਾਹ ਕੇ ਭਗਤ ਸਿੰਘ ਅਤੇ ਅੰਬੇਦਕਰ ਦੀ ਲਗਾਈ!
ਕੀ ਭਗਤ ਸਿੰਘ ਅਤੇ ਅੰਬੇਦਕਰ ਦੀ ਫੋਟੋ ਲਾਉਣ ਵਾਸਤੇ ਪਾਂਡੀ ਪਾਤਸ਼ਾਹ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਉਤਾਰਣੀ ਜ਼ਰੂਰੀ ਸੀ ?
#ਮਹਿਕਮਾ_ਪੰਜਾਬੀ

ਭਗਵੰਤ ਮਾਨ ਨੇਂ ਪਹਿਲਾ ਕੰਮ ਇਹ ਕੀਤਾ ਕਿ ਮਹਾਰਾਜੇ ਰਣਜੀਤ ਸਿੰਘ ਦੀ ਤਸਵੀਰ ਲਾਹ ਕੇ ਭਗਤ ਸਿੰਘ ਦੀ ਤਸਵੀਰ ਲਾ ਦਿੱਤੀ, ਰਣਜੀਤ ਸਿੰਘ ਦੀ ਤਸਵੀਰ ਖਾਲਸੇ ਦੇ ਰਾਜ ਦਾ ਚੇਤਾ ਕਰਾਉਦੀ ਹੈ, ਉਹ ਪੰਜਾਬ ਦੀ ਅਜਾਦ ਹਸਤੀ ਦੀ ਪਛਾਣ ਬਣਦੀ ਹੈ ਪਰ ਭਗਵੰਤ ਮਾਨ ਹੁਣ ਕੇਜਰੀਵਾਲ ਦਾ ਗੋਲਾ ਹੈ ਉਹਨਾਂ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਭਾਰਤੀ ਰਾਸ਼ਟਰਵਾਦ ਚ ਗਲੀਚ ਕਰਕੇ ਇਹਨਾਂ ਦੀ ਨਿਆਰੀ ਹਸਤੀ ਨੂੰ ਮਾਰਨਾ ਹੈ, ਭਗਤ ਸਿੰਘ ਜੋ ਗੁਰਮੁਖੀ ਬੋਲੀ ਦਾ ਵਿਰੋਧੀ ਸੀ ਅਤੇ ਦੇਵਨਾਗਰੀ ਨੂੰ ਭਾਰਤ ਦੀ ਰਾਸ਼ਟਰ ਭਾਸ਼ਾ ਵਜੋ ਦੇਖਦਾ ਉਸਦੀ ਤਸਵੀਰ ਮੌਜੂਦਾ ਸਮੇਂ ਚ ਰਾਸ਼ਟਰਵਾਦ ਦਾ ਪ੍ਰਤੀਕ ਹੈ, ਇਹ ਤਸਵੀਰ ਦਾ ਬਦਲਣਾ ਕੇਵਲ ਪੰਜਾਬ ਦੇ ਨਾਇਕਾਂ ਨੂੰ ਪਿੱਛੇ ਕਰਕੇ ਰਾਸ਼ਟਰੀ ਨਾਇਕ ਸਿਰ ਤੇ ਬਿਠਾਉਣ ਦਾ ਯਤਨ ਹੈ ਹੋਰ ਭਲਾ ਭਗਤ ਸਿੰਘ ਦਾ ਕੱਦ ਮਹਾਰਾਜੇ ਰਣਜੀਤ ਸਿੰਘ ਬਰਾਬਰ ਕਿੱਥੇ ਠਹਿਰਦਾ ਹੈ?
ਭਾਈ ਦੀਪ ਸਿੱਧੂ ਦੇ ਬੋਲ ਸਨ ਕਿ ਭਗਵੰਤ ਮਾਨ ਬੇਅੰਤਾ ਬਣੇਗਾ, ਤੁਸੀ ਇਸ ਗੱਲ ਨੂੰ ਪ੍ਰਤੱਖ ਹੁੰਦਾ ਵੇਖੋਗੇ।
– ਅਮ੍ਰਿਤਪਾਲ ਸਿੰਘ

ਭਗਤ ਸਿੰਘ ਦੀ ਸੋਚ ਅਤੇ ਉਸ ਦੇ ਸੰਘਰਸ਼ ਕਰਨ ਦੇ ਢੰਗ-ਤਰੀਕੇ ਨੂੰ ਖੱਬੇ-ਪੱਖੀ ਅਤੇ ਹਿੰਦੂਤਵੀ ਰਾਸ਼ਟਰਵਾਦੀਆਂ ਵੱਲੋਂ ਰਲਗੱਡ ਕਰਕੇ ਪ੍ਰਚਾਰਿਆ ਜਾਂਦਾ ਰਿਹਾ। ਪੰਜਾਬੀ ਅਤੇ ਸਿੱਖ ਮਾਨਸਿਕਤਾ ਨੂੰ ਭਗਤ ਸਿੰਘ ਦਾ ਅੰਗਰੇਜ਼ਾਂ ਵਿਰੱਧ ਵਰਤਿਆ ਗਿਆ ਹਥਿਆਰਬੰਦ ਤਰੀਕਾ ਤਾਂ ਜਚਦਾ ਹੈ ਪਰ ਬਹੁਤੇ ਪੰਜਾਬੀ ਭਗਤ ਸਿੰਘ ਦੀ ਪੰਜਾਬੀ ਮਾਂ ਬੋਲੀ, ਗੁਰਮੁਖੀ ਲਿੱਪੀ ਅਤੇ ਧਰਮ ਵਿਰੋਧੀ ਸੋਚ ਤੋਂ ਅਣਜਾਣ ਹਨ। ਭਾਵੇਂ ਕਿ ਭਗਤ ਸਿੰਘ ਦੀ ਕੁਰਬਾਨੀ ਨੂੰ ਕਿਸੇ ਵੀ ਰੂਪ’ਚ ਛੋਟਾ ਕਰਕੇ ਨਹੀੰ ਦਿਖਾਇਆ ਜਾ ਸਕਦਾ ਪਰ ਸਾਨੂੰ ਸੋਚਣਾ ਪਵੇਗਾ ਕੀ ਗੁਰਮੁਖੀ ਲਿੱਪੀ ਦਾ ਵਿਰੋਧੀ ਸਿੱਖਾਂ ਅਤੇ ਪੰਜਾਬੀਆਂ ਦਾ ਨਾਇਕ ਕਿਵੇਂ ਹੋ ਸਕਦਾ ਹੈ ? ਦੂਜਾ ਸਾਨੂੰ ਗੁਰਮੁਖੀ ਲਿੱਪੀ ਅਤੇ ਪੰਜਾਬੀ ਮਾਂ ਬੋਲੀ ਵਿਰੋਧੀ ਸੋਚ ਦੇ ਸੁਪਨਿਆਂ ਵਾਲਾ ਪੰਜਾਬ ਸਿਰਜਣ ਦੀ ਕੀ ਲੋੜ ਹੈ ਅਤੇ ਸਾਡੀ ਕੀ ਮਜ਼ਬੂਰੀ ਹੈ ਕਿ ਇਹੋ ਜਿਹੀ ਆਪਾਂ ਵਿਰੋਧੀ “ਸੋਚ ਤੇ ਪਹਿਰਾ ਦਿਆਂਗੇ ਠੋਕ ਕੇ” ਵਰਗੇ ਨਾਅਰੇ ਲਈਏ?

ਹੁਣ ਭਗਤ ਸਿੰਘ ਦੇ ਵਾਰਿਸ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ’ਚ ਹਿੰਦੀ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਅੰਗਰੇਜ਼ੀ ਅਖਬਾਰਾਂ’ਚ ਵੀ ਹਿੰਦੀ’ਚ ਮਸ਼ਹੂਰੀਆਂ ਦੇ ਰਹੇ ਹਨ।

– ਸਤਵੰਤ ਸਿੰਘ

ਪੰਜਾਬ ਦੀ ਵਿਧਾਨ ਸਭਾ’ਚ ਬੁੱਚੜ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਸਵੀਰ ਲੱਗੀ ਹੈ। ਬਾਦਲਾਂ ਨੂੰ ਤਾਂ ਉਸ ਤੇ ਕੋਈ ਇਤਰਾਜ਼ ਨਹੀੰ ਸੀ ਤੇ ਕਾਂਗਰਸ ਨੇ ਆਪਣੇ ਹੱਥੀ ਲਗਾਈ ਸੀ। ਕੀ ਭਗਵੰਤ ਮਾਨ ਬੁੱਚੜ ਮੁੱਖ ਮੰਤਰੀ ਦੀ ਤਸਵੀਰ ਉਤਾਰ ਕੇ ਭਗਤ ਸਿੰਘ ਜਾਂ ਕਿਸੇ ਹੋਰ ਦੀ ਤਸਵੀਰ ਲਗਾਉਣਗੇ ? ਇਹ ਮੁੱਦਾ ਵੱਖਰਾ ਹੈ ਕਿ ਕੇਵਲ ਭਗਤ ਸਿੰਘ ਦੀ ਹੀ ਤਸਵੀਰ ਕਿਉਂ ? ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸਿੰਘ ਸਾਹਿਬ ਭਾਈ ਰਣਧੀਰ ਸਿੰਘ ਜਾਂ ਗ਼ਦਰੀ ਬਾਬਿਆਂ ਤੇ ਜਾਂ ਫਿਰ ਦਰਸ਼ਣ ਸਿੰਘ ਫੇਰੂਮਾਨ ਦੀਆਂ ਤਸਵੀਰਾਂ ਵੀ ਕਿਉਂ ਨਹੀੰ ? ਪਰ ਸਭ ਤੋਂ ਅਹਿਮ ਗੱਲ ਹੈ ਕਿ ਭਗਵੰਤ ਮਾਨ ਪੰਜਾਬ ਵਿਧਾਨ ਸਭਾ’ਚੋੰ ਕਾਤਲ ਬੇਅੰਤੇ ਬੁੱਚੜ ਦੀ ਤਸਵੀਰ ਉਤਾਰਨ ਦੀ ਜ਼ੁਰਤ ਰੱਖਦਾ ਹੈ। ਮੇਰੇ ਮੁਤਾਬਕ ਬਿਲਕੁਲ ਨਹੀਂ।
– ਸਤਵੰਤ ਸਿੰਘ

ਸ. ਭਗਵੰਤ ਸਿੰਘ ਮਾਨ ਦੀ ਆਪ ਪਾਰਟੀ ਦੀ ਬਣਨ ਜਾ ਰਹੀ ਸਰਕਾਰ ਨੇ ਅਜੇ ਸੌਹ ਵੀ ਨਹੀਂ ਚੁੱਕੀ ਕਿ ਪੰਜਾਬ ਵਿਰੋਧੀ ਹਿੰਦੂਤਵ ਸੋਚ ਨੂੰ ਲਾਗੂ ਕਰਨਾ ਸੁਰੂ ਕਰ ਦਿੱਤਾ : ਮਾਨ
ਫ਼ਤਹਿਗੜ੍ਹ ਸਾਹਿਬ, 15 ਮਾਰਚ- “ਜੋ ਆਮ ਆਦਮੀ ਪਾਰਟੀ ਵੋਟਾਂ ਪੈਣ ਤੋਂ ਪਹਿਲੇ ਇਹ ਪ੍ਰਚਾਰ ਕਰਦੀ ਰਹੀ ਹੈ ਕਿ ਅਸੀਂ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਦ੍ਰਿੜਤਾ ਨਾਲ ਗੱਲ ਕਰਨ ਦੇ ਨਾਲ-ਨਾਲ ਪੰਜਾਬੀਆਂ ਨੂੰ ਸਭ ਦਰਪੇਸ਼ ਆ ਰਹੇ ਮਸਲਿਆ ਨੂੰ ਹੱਲ ਕਰਾਂਗੇ, ਉਸ ਆਮ ਆਦਮੀ ਪਾਰਟੀ ਦੇ ਬਣਨ ਜਾ ਰਹੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਕੈਬਨਿਟ ਨੇ ਅਜੇ ਸੌਹ ਵੀ ਨਹੀਂ ਚੁੱਕੀ ਕਿ ਇਸਨੇ ਆਪਣੇ ਸੈਂਟਰ ਦੇ ਹਿੰਦੂਤਵ ਸੋਚ ਵਾਲੇ ਅਕਾਵਾਂ ਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਅਮਲਾਂ ਨੂੰ ਸੁਰੂ ਕਰਦੇ ਹੋਏ 16 ਮਾਰਚ ਨੂੰ ਖਟਕੜ ਕਲਾਂ ਵਿਖੇ ਰੱਖੇ ਗਏ ਆਪਣੇ ਸੌਹ ਚੁੱਕ ਸਮਾਗਮ ਦੇ ਦਿੱਤੇ ਗਏ ਇਸਤਿਹਾਰ ਹਿੰਦੀ ਵਿਚ ਦੇਕੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਬਣਨ ਜਾ ਰਹੀ ਸਰਕਾਰ ਆਪਣੇ ਪੱਧਰ ਉਤੇ ਪੰਜਾਬ ਵਿਚ ਕੋਈ ਇਕ ਵੀ ਫੈਸਲਾ ਨਹੀਂ ਕਰ ਸਕੇਗੀ । ਬਲਕਿ ਦਿੱਲੀ ਹਿੰਦੂਤਵ ਤਾਕਤਾਂ ਅਤੇ ਉਨ੍ਹਾਂ ਦੀ ਸੋਚ ਉਤੇ ਅਮਲ ਕਰਨ ਵਾਲੇ ਸ੍ਰੀ ਕੇਜਰੀਵਾਲ ਦੇ ਹੁਕਮਾਂ ਉਤੇ ਹੀ ਰਿਮੋਟ ਕੰਟਰੋਲ ਰਾਹੀ ਚੱਲੇਗੀ । ਦਿੱਲੀ ਦੇ ਇਸਾਰਿਆ ਉਤੇ ਚੱਲਣ ਵਾਲੀ ਕੋਈ ਵੀ ਸਰਕਾਰ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਹੱਲ ਹੀ ਨਹੀਂ ਕਰ ਸਕਦੀ ਅਤੇ ਨਾ ਹੀ ਇਥੇ ਸਥਾਈ ਤੌਰ ਤੇ ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਅਮਨ ਨੂੰ ਸਥਾਈ ਪੱਧਰ ਤੇ ਕਾਇਮ ਕਰ ਸਕੇਗੀ । ਇਸ ਲਈ ਜਿਨ੍ਹਾਂ ਪੰਜਾਬੀਆਂ ਜਾਂ ਸਿੱਖਾਂ ਨੇ ਦਿੱਲੀ ਦੇ ਹੁਕਮਰਾਨਾਂ ਦੇ ਆਦੇਸ਼ਾਂ ਤੇ ਚੱਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟਾਂ ਪਾ ਕੇ ਫਤਵਾ ਦਿੱਤਾ ਹੈ ਉਹ ਆਉਣ ਵਾਲੇ ਸਮੇ ਵਿਚ ਇਸਦੇ ਮਾਰੂ ਨਤੀਜਿਆ ਅਤੇ ਪੰਜਾਬ ਵਿਰੋਧੀ ਅਮਲਾਂ ਤੇ ਸਾਜਿ਼ਸਾਂ ਤੋਂ ਸੁਚੇਤ ਵੀ ਰਹਿਣ ਅਤੇ ਆਪਣੀ ਅਣਖ ਗੈਰਤ ਨੂੰ ਕਾਇਮ ਰੱਖਣ ਲਈ ਇਸ ਉਤੇ ਬਾਜ਼ ਨਜਰ ਵੀ ਰੱਖਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਬਣਨ ਜਾ ਰਹੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੀ ਸਰਕਾਰ ਦੇ ਸੌਹ ਚੁੱਕ ਸਮਾਗਮ ਨੂੰ ਗਵਰਨਰ ਹਾਊਂਸ ਦੇ ਸਥਾਂਨ ਤੇ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਕਰਨ ਅਤੇ ਭਗਤ ਸਿੰਘ ਦੀ ਹਿੰਦੂਤਵ ਹੁਕਮਰਾਨਾਂ ਦੀ ਸੋਚ ਨੂੰ ਪੰਜਾਬ ਵਿਚ ਲਾਗੂ ਕਰਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਨਵੀ ਸਰਕਾਰ ਦੇ ਪੰਜਾਬ ਵਿਰੋਧੀ ਅਮਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਅਤਿ ਜਰੂਰੀ ਹੈ ਕਿ ਭਗਤ ਸਿੰਘ ਨੇ ਆਰੀਆ ਸਮਾਜੀ ਧਰਮ ਨੂੰ ਪੂਰਨ ਰੂਪ ਵਿਚ ਅਪਣਾ ਲਿਆ ਸੀ ਅਤੇ ਉਸਨੇ ਕਿਹਾ ਸੀ ਕਿ ਇਥੇ ਮੁਕੰਮਲ ਰੂਪ ਵਿਚ ਦੇਵਨਗਰੀ ਅਤੇ ਹਿੰਦੀ ਭਾਸ਼ਾ ਲਾਗੂ ਹੋਣੀ ਚਾਹੀਦੀ ਹੈ । ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਨੇ ਸੌਹ ਚੁੱਕਣ ਤੋ ਪਹਿਲੇ ਹੀ ਹਿੰਦੀ ਵਿਚ ਇਸਤਿਹਾਰ ਦੇਕੇ ਆਪਣਾ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਚੇਹਰਾ ਨੰਗਾਂ ਕਰਦੇ ਹੋਏ ਆਪਣਾ ਅਸਲ ਰੰਗ ਦਿਖਾਉਣਾ ਸੁਰੂ ਕਰ ਦਿੱਤਾ ਹੈ ।

ਸ. ਮਾਨ ਨੇ ਕਿਹਾ ਕਿ ਭਾਵੇ ਪੰਜਾਬੀਆਂ ਨੇ ਇਸ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਦਿੱਤਾ ਹੈ, ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਆਪਣੀ ਅਣਖ਼ ਗੈਰਤ ਲਈ ਸੰਘਰਸ਼ ਕਰ ਰਹੀ ਸਿੱਖ ਕੌਮ ਇਨ੍ਹਾਂ ਨੂੰ ਅਜਿਹੇ ਪੰਜਾਬ ਵਿਰੋਧੀ ਅਮਲਾਂ ਅਤੇ ਹਿੰਦੂਤਵ ਸੋਚ ਨੂੰ ਪੰਜਾਬ ਵਿਚ ਲਾਗੂ ਕਰਨ ਅਤੇ ਪੰਜਾਬ ਦੇ ਅਮੀਰ ਵਿਰਸੇ-ਵਿਰਾਸਤ ਨੂੰ ਠੇਸ ਪਹੁੰਚਾਉਣ ਦੀ ਇਜਾਜਤ ਬਿਲਕੁਲ ਨਹੀ ਦਿੱਤੀ ਜਾਵੇਗੀ । ਇਸ ਲਈ ਸ. ਮਾਨ ਨੇ ਆਪਣੇ 3,89,063 ਜਿਨ੍ਹਾਂ ਵੋਟਰਾਂ ਨੇ ਹਿੰਦੂਤਵ ਪ੍ਰਭਾਵ ਅਤੇ ਪ੍ਰਚਾਰ ਨੂੰ ਪ੍ਰਵਾਨ ਨਾ ਕਰਦੇ ਹੋਏ ਸੱਚ ਉਤੇ ਦ੍ਰਿੜਤਾਂ ਨਾਲ ਪਹਿਰਾ ਦਿੰਦੇ ਹੋਏ ਸਾਨੂੰ ਵੋਟਾਂ ਪਾਈਆ ਹਨ ਅਤੇ ਸਾਨੂੰ ਆਪਣੇ ਨਿਸ਼ਾਨੇ ਅਤੇ ਸੋਚ ਲਈ ਮਜ਼ਬੂਤ ਕੀਤਾ ਹੈ, ਉਨ੍ਹਾਂ ਨੂੰ ਅਗਲੀ ਕੌਮੀ ਜੰਗ ਲਈ ਤਿਆਰ ਰਹਿਣ ਲਈ ਜਿਥੇ ਸੱਦਾ ਦਿੱਤਾ, ਉਥੇ ਸੈਂਟਰ ਦੇ ਅਤੇ ਮੌਜੂਦਾ ਪੰਜਾਬ ਦੀ ਬਣਨ ਜਾ ਰਹੀ ਸਰਕਾਰ ਨੂੰ ਆਪਣੀਆ ਇਤਿਹਾਸਿਕ ਰਵਾਇਤਾ ਅਨੁਸਾਰ ਖਬਰਦਾਰ ਕੀਤਾ ਕਿ ਕਰੋੜਾਂ ਵਿਚ ਵੱਸਣ ਵਾਲੇ ਪੰਜਾਬ ਅਤੇ ਸਿੱਖ ਕੌਮ ਵਿਰੋਧੀਆਂ ਨੂੰ ਉਨ੍ਹਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਸਾਡੇ ਇਹ ਆਜਾਦੀ ਦੇ ਸਿਪਾਹੀ ਬਿਲਕੁਲ ਕਾਮਯਾਬ ਨਹੀਂ ਹੋਣ ਦੇਣਗੇ । ਬਲਕਿ ਇਖਲਾਕੀ, ਧਰਮੀ ਅਤੇ ਇਨਸਾਨੀਅਤ ਤੇ ਮਨੁੱਖਤਾ ਪੱਖੀ ਲੜਾਈ ਲੜਦੇ ਹੋਏ ਇਥੇ ਹਰ ਕੀਮਤ ਤੇ ਆਜਾਦ ਬਾਦਸਾਹੀ ਸਟੇਟ ਕਾਇਮ ਕਰਨਗੇ । ਜਿਸ ਵਿਚ ਕਿਸੇ ਵੀ ਕੌਮ, ਵਰਗ, ਧਰਮ, ਫਿਰਕੇ ਨਾਲ ਰਤੀਭਰ ਵੀ ਬੇਇਨਸਾਫ਼ੀ ਨਹੀ ਹੋਵੇਗੀ, ਇਨਸਾਫ ਦਾ ਰਾਜ ਹੋਵੇਗਾ ਅਤੇ ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਹੋਣਗੇ । ਜੋ ਕਿ ਅਸਲੀਅਤ ਵਿਚ ਗੁਰੂ ਸਾਹਿਬਾਨ ਦਾ ‘ਹਲੀਮੀ ਰਾਜ’ ਹੋਵੇਗਾ ।