ਰੀਨਾ ਵਲੋਂ ਪਾਈ ਪੋਸਟ ਤੇ ਉੱਠੇ ਸਵਾਲ

0
394

ਦੀਪ ਦੀ ਮੌਤ ਤੋਂ 10 ਦਿਨਾਂ ਮਗਰੋਂ ਉਸਦੀ ਮਿੱਤਰ ਰੀਨਾ ਰਾਏ ਨੇ ਚੁੱਪੀ ਤੋੜੀ ਹੈ – ਸਾਰੀ ਪੋਸਟ ਦਾ ਪੰਜਾਬੀ ਅਨੁਵਾਦ

ਥੱਲੇ ਰੀਨਾ ਰਾਏ ਦੀ ਪੋਸਟ ਹੈ।
120 ਘੰਟੇ

ਬੱਸ ਇੰਨਾਂ ਹੀ ਸਮਾਂ ਲੱਗਿਆ ਇੱਕ ਜ਼ਿੰਦਗੀ ਖੁਸ਼ੀਆਂ ਭਰਪੂਰ ਜਿਊਣ, ਪਿਆਰ ਨੂੰ ਅਨੁਭਵ ਕਰਨ ਅਤੇ ਫਿਰ ਦਿਲ ਕੰਬਾਊ ਦਰਦ ਨੂੰ ਸਹਿਣ ‘ਚ। 120 ਘੰਟਿਆਂ ਦੇ ਵਿੱਚ-ਵਿੱਚ ਮੈਂ ਭਾਰਤ ਪਹੁੰਚੀ, ਵੈਲੇਨਟਾਈਨ ਡੇਅ ਮਨਾਇਆ, ਹਸਪਤਾਲ ਦਾਖਲ ਹੋਈ ਅਤੇ ਫਿਰ ਵਾਪਸ ਘਰ (ਅਮਰੀਕਾ) ਆ ਗਈ।

ਮੈਨੂੰ ਪਤਾ ਹੈ ਕਿ ਸਾਰਿਆਂ ਕੋਲ ਬਹੁਤ ਸਾਰੇ ਪ੍ਰਸ਼ਨ ਹਨ ਅਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਇਹਨਾਂ ਦੇ ਜਵਾਬ ਦੇਣ ਦੀ।
ਦੀਪ ਅਤੇ ਮੈਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ ਜਦੋਂ ਅਸੀਂ ਸਾਲ 2018 ‘ਚ ਫ਼ਿਲਮ ‘ਰੰਗ ਪੰਜਾਬ’ ਦੀ ਸ਼ੂਟਿੰਗ ਕਰ ਰਹੇ ਸੀ। ਅੱਜ ਤੱਕ ਸਿਰਫ ਦੀਪ ਹੀ ਮੈਨੂੰ ਅਜਿਹਾ ਵਿਅਕਤੀ ਮਿਲਿਆ ਜੋ ਸਭ ਤੋਂ ਪਿਆਰਾ ਸੀ ਅਤੇ ਖਿਆਲ ਰੱਖਣ ਵਾਲਾ ਸੀ। ਜਿਵੇਂ-ਜਿਵੇਂ ਫ਼ਿਲਮ ਦੀ ਸ਼ੂਟਿੰਗ ਚੱਲਦੀ ਰਹੀ ਸਾਡੀ ਦੋਸਤੀ ਵੀ ਵੱਧਦੀ ਗਈ। ਫ਼ਿਲਮ ਤੋਂ ਵਕਫ਼ੇ ਦੌਰਾਨ ਅਸੀਂ ਘੰਟਿਆਂ ਬਿਤਾ ਦਿੰਦੇ ਗੱਲਾਂ ਮਾਰਦੇ, ਸਾਡੀ ਜ਼ਿੰਦਗੀ ਬਾਰੇ, ਪਰਿਵਾਰ ਬਾਰੇ ਅਤੇ ਸਾਡੇ ਸੁਪਨਿਆਂ ਬਾਰੇ। ਜਦੋਂ ਫ਼ਿਲਮ ਮੁਕੰਮਲ ਹੋ ਗਈ ਸਾਡੀ ਗੱਲ-ਬਾਤ ਫਿਰ ਵੀ ਹੁੰਦੀ ਰਹੀ ਅਤੇ ਸਾਡੀ ਦੋਸਤੀ ਪਿਆਰ ‘ਚ ਬਦਲ ਗਈ। ਅਸੀਂ ਇੱਕ-ਦੂਜੇ ਤੋਂ ਅਨਿੱਖੜਵੇਂ ਹੋ ਚੁੱਕੇ ਸੀ। ਦੀਪ ਨੇ ਅਤੇ ਮੇਰੇ ਪਰਿਵਾਰ ਨੇ ਇਕੱਠਿਆਂ ਸਮਾਂ ਵੀ ਬਿਤਾਇਆ, ਸੈਨ ਫ੍ਰੈਂਸਿਸਕੋ ਘੁੰਮੇ ਅਤੇ ਮੇਰੀ ਭੈਣ ਰੂਮੀ ਦਾ ਵਿਆਹ ਵੇਖਿਆ। ਦੀਪ ਅਤੇ ਮੈਂ ਇਕੱਠੇ ਉਸਦੇ ਭਰਾ ਮਨਦੀਪ ਦੇ ਘਰ ਲੁਧਿਆਣੇ ਵੀ ਗਏ ਅਤੇ ਦੇਰ ਰਾਤ ਤੱਕ ਜਾਗਦੇ ਮਨਦੀਪ ਦੇ ਬੱਚਿਆਂ ਨਾਲ ਖੇਡਦੇ ਰਹੇ। ਸਾਡਾ ਇਕੱਠਿਆਂ ਦਾ ਭਵਿੱਖ ਬਣਨਾ ਸ਼ੁਰੂ ਹੋ ਗਿਆ ਸੀ।

ਪਿਛਲੇ ਐਤਵਾਰ ਮੈਂ ਦਿੱਲੀ ਪਹੁੰਚੀ, ਕੁਝ ਕੰਮ-ਕਾਰ ਸਨ ਅਤੇ ਇਕੱਠਿਆਂ ਵੈਲੇਨਟਾਈਨ ਡੇਅ ਮਨਾਉਣਾ ਸੀ, ਕਿੳਂਕਿ ਅਸੀਂ ਪਿਛਲੀ ਵਾਰ ਵੀ ਇਕੱਠੇ ਨਹੀਂ ਮਨਾ ਸਕੇ। ਇਹ ਇੱਕ ਜਾਦੂਮਈ ਦਿਨ ਸੀ ਅਤੇ ਮੇਰੇ ਦਿਲ ਦੇ ਹਮੇਸ਼ਾ ਕਰੀਬ ਰਹੇਗਾ। ਅਗਲੇ ਦਿਨ ਅਸੀਂ ਪੰਜਾਬ ਜਾਣ ਦਾ ਫੈਸਲਾ ਕੀਤਾ ਬਜਾਏ ਕਿ ਮੁੰਬਈ ਘਰ ਜਾਣ ਦੇ। ਅਸੀਂ ਸਮਾਨ ਸਮੇਟਿਆ, ਸਕੋਰਪੀਓ ‘ਚ ਲੱਦਿਆ ਅਤੇ ਪੰਜਾਬ ਲਈ ਚੱਲ ਪਏ। ਦੀਪ ਅਤੇ ਮੈਂ ਕੁੱਝ ਸਮਾਂ ਗੱਲਾਂ ਮਾਰਦੇ ਰਹੇ ਅਤੇ ਫਿਰ ਮੈਂ ਕੁਝ ਸਮੇਂ ਲਈ ਸੌਣ ਦਾ ਫੈਸਲਾ ਕੀਤਾ ਕਿਉਂਕਿ ਹਵਾਈ ਸਫਰ ਕਾਰਨ ਮੈਂ ਹਾਲੇ ਥੱਕੀ ਹੋਈ ਸੀ। ਮੈਂ ਸੀਟ ਨੂੰ ਪਿੱਛੇ ਉਲਾਰ ਲਿਆ, ਬੂਟ ਉਤਾਰੇ ਅਤੇ ਸੌਂ ਗਈ। ਮੈਨੂੰ ਬੱਸ ਇੰਨਾ ਪਤਾ ਹੈ ਕਿ ਮੈਂ ਅਚਾਨਕ ਬੜੀ ਜ਼ੋਰ ਨਾਲ ਅੱਗੇ ਏਅਰਬੈਗ ‘ਚ ਵੱਜੀ ਅਤੇ ਫਿਰ ਥੱਲੇ ਪੈਰ ਰੱਖਣ ਵਾਲੀ ਥਾਂ ‘ਤੇ ਡਿੱਗ ਪਈ। ਮੇਰੀ ਪਿੱਠ ਇੱਦਾਂ ਸੀ ਜਿਵੇਂ ਅੱਗ ਲੱਗ ਗਈ ਹੋਵੇ ਅਤੇ ਮੈਂ ਬੇਹੱਦ ਸਦਮੇ ‘ਚ ਸੀ। ਮੈਂ ਉੱਤੇ ਵੇਖਿਆ ਤਾਂ ਦੀਪ ਹਿੱਲ ਵੀ ਨਹੀਂ ਸੀ ਰਿਹਾ।

ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਮੈਨੂੰ ਦੀਪ ਦੀ ਮਦਦ ਕਰਨ ਦਾ ਬਲ ਬਖ਼ਸ਼ੋ। ਮੈੰ ਚੀਕਦੀ ਰਹੀ “ਦੀਪ ਉੱਠ”। ਮੈਂ ਫਿਰ ਉੱਠੀ ਅਤੇ ਉਸਦੀ ਠੋਡੀ ਤੋਂ ਫੜ ਕੇ ਉਸਦਾ ਮੂੰਹ ਆਪਣੇ ਵੱਲ ਘੁੰਮਾਇਆ। ਉਸਦੇ ਚਿਹਰੇ ਦਾ ਸੱਜਾ ਪਾਸਾ ਪੂਰੀ ਤਰਾਂ ਲਹੂ-ਲੁਹਾਣ ਸੀ। ਮੈਂ ਘਬਰਾ ਗਈ, ਪਿਛਾਂਹ ਹੋ ਕੇ ਬਹਿ ਗਈ ਅਤੇ ਮਦਦ ਲਈ ਚੀਕਣ ਲੱਗੀ। ਫਿਰ ਨੇੜਿਓਂ ਹੀ ਕੋਈ ਆਇਆ ਉਸਨੇ ਮੈਨੂੰ ਸਕੋਰਪੀਓ ‘ਚੋਂ ਕੱਢਿਆ ਅਤੇ ਜ਼ਮੀਨ ‘ਤੇ ਲਿਟਾ ਦਿੱਤਾ। ਫੇਰ ਜ਼ਮੀਨ ‘ਤੇ ਪਈ ਹੋਈ ਨੇ ਹੀ ਮੈਂ ਕਿਸੇ ਨੂੰ ਮਨਦੀਪ ਨੂੰ ਫ਼ੋਨ ਕਰਨ ਨੂੰ ਕਿਹਾ ਅਤੇ ਨਾਲ ਹੀ ਦੀਪ ਦੀ ਮਦਦ ਕਰਨ ਦੀ ਬੇਨਤੀ ਕੀਤੀ।

ਉਹ ਗੱਡੀ ਦੀ ਸੀਟ ਦੇ ਵਿੱਚ ਫਸ ਗਿਆ ਸੀ। ਜਦੋਂ ਪਹਿਲੀ ਐਂਬੂਲੈਂਸ ਆਈ ਤਾਂ ਮੈਨੂੰ ਉਸ ‘ਚ ਲਿਟਾਇਆ ਗਿਆ ਸ਼ਾਇਦ ਕੋਈ ਅੱਧੇ ਘੰਟੇ ਤੱਕ ਲਈ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਅਤੇ ਐਂਬੂਲੈਂਸ ਸਟਾਫ਼ ਨੇ ਦੀਪ ਨੂੰ ਗੱਡੀ ‘ਚੋਂ ਕੱਢ ਲਿਆ। ਉਹ ਦੀਪ ਨੂੰ ਇੱਕ ਹੋਰ ਵੱਖਰੀ ਐਬੂਲੈਂਸ ‘ਚ ਲੈ ਗਏ। ਸਾਨੂੰ ਦੋਵਾਂ ਨੂੰ ਹਸਪਤਾਲ ਲੈ ਗਏ। ਉਥੇ ਮੈਨੂੰ ਜਿਹੜਾ ਵੀ ਕੋਈ ਮਿਲਦਾ ਮੈਂ ਉਸਨੂੰ ਪੁੱਛਦੀ ਕਿ ਦੀਪ ਦਾ ਕੀ ਹਾਲ ਹੈ। ਹਰ ਕੋਈ ਕਹਿੰਦਾ ਕਿ ਠੀਕ ਹੈ। ਪਰ ਮੇਰਾ ਦਿਲ ਕੁਝ ਹੋਰ ਕਹਿ ਰਿਹਾ ਸੀ। ਮੇਰੇ ਪਰਿਵਾਰ ਨੇ ਵੀ ਅਮਰੀਕਾ ਤੋਂ ਮੈਨੂੰ ਉਦੋਂ ਤੱਕ ਦੀਪ ਦੀ ਮੌਤ ਬਾਰੇ ਨਾ ਦੱਸਿਆ ਜਦੋਂ ਤੱਕ ਮੇਰੇ ਕੋਲ ਮੇਰਾ ਕੋਈ ਪਰਿਵਾਰਕ ਜੀਅ ਨਾ ਆ ਗਿਆ। ਆਖ਼ਰ 5 ਘੰਟਿਆਂ ਬਾਅਦ ਮੇਰਾ ਭਰਾ (ਕਜ਼ਨ) ਪੰਜਾਬ ਤੋਂ ਆਇਆ।

ਮੇਰੇ ਪਰਿਵਾਰ ਦੇ ਕਹਿਣ ‘ਤੇ ਮੈਨੂੰ ਹਾਰਟ ਇੰਸਟੀਚਿਊਟ ਦਿੱਲੀ (ਇੱਕ ਹੋਰ ਹਸਪਤਾਲ) ਲਿਜਾਇਆ ਗਿਆ ਤਾਂ ਕਿ ਹੋਰ ਟੈਸਟ ਕੀਤੇ ਜਾਣ। ਉੱਥੇ ਮੈਨੂੰ ਮੇਰੇ ਪਰਿਵਾਰ ਨੇ ਦੱਸਿਆ ਕਿ ਦੀਪ ਹੁਣ ਨਹੀਂ ਰਿਹਾ। ਮੈਂ ਸਦਮੇ ‘ਚ ਸੀ ਅਤੇ ਦਿਲ ਟੁੱਟ ਚੁੱਕਾ ਸੀ। ਮੈਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਮੇਰੇ ਪਰਿਵਾਰ ਦੀ ਬੇਨਤੀ ‘ਤੇ ਮੈਂ ਅਮਰੀਕਾ ਵਾਪਸ ਆ ਗਈ ਤਾਂ ਕਿ ਮੇਰੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ ਅਤੇ ਹੁਣ ਮੈਂ ਰੀੜ ਦੀ ਹੱਡੀ ਦੇ ਦਰਦ ਤੋਂ ਬਾਹਰ ਆ ਰਹੀ ਹਾਂ। ਮੇਰਾ ਪਰਿਵਾਰ ਇਹ ਆਸ ਕਰਦਾ ਹੈ ਕਿ ਦੀਪ ਦੇ ਐਕਸੀਡੈਂਟ ਦੇ ਕਾਰਨਾਂ ਦੀ ਜਾਂਚ ਹੋਵੇ ਤਾਂ ਕਿ ਅੱਗੇ ਤੋਂ ਕਿਸੇ ਨਾਲ ਅਜਿਹਾ ਨਾ ਹੋਵੇ।

ਮੈਂ ਜਦੋਂ ਇਹ ਪੋਸਟ ਲਿਖ ਰਹੀ ਹਾਂ ਤਾਂ ਨਾਲ ਹੀ ਦੀਪ ਦਾ ਭੋਗ ਵੇਖ ਰਹੀ ਹਾਂ। ਲੋਕਾਂ ਨੇ ਉਸ ਲਈ ਜੋ ਪਿਆਰ ਵਿਖਾਇਆ ਹੈ ਉਸ ਨਾਲ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕੁਝ ਸਕੂਨ ਮਿਲਿਆ ਹੈ। ਅਸੀਂ ਉਸ ਨੂੰ ਬਹੁਤ ਮਿਸ ਕਰਦੇ ਹਾਂ। ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਹਨਾਂ ਦੀਪ ਲਈ ਇੰਨਾਂ ਪਿਆਰ ਅਤੇ ਸਤਿਕਾਰ ਵਿਖਾਇਆ ਹੈ। ਉਹਨਾਂ ਸਾਰਿਆਂ ਦਾ ਵੀ ਧੰਨਵਾਦ ਜਿਹਨਾਂ ਨੇ ਦੁਨੀਆਂ ਭਰ ‘ਚ ਦੀਪ ਲਈ ਅਰਦਾਸਾਂ ਕੀਤੀਆਂ ਅਤੇ ਮੋਮਬੱਤੀ ਮਾਰਚ ਕੱਢੇ। ਉਹ ਹਮੇਸ਼ਾ ਇਹੀ ਮੰਨਦਾ ਸੀ ਕਿ ਤੁਸੀਂ ਸਾਰੇ ਉਸਦਾ ਇੱਕ ਪਰਿਵਾਰ ਹੋ ਅਤੇ ਉਹ ਅੱਜ ਵੀ ਉੱਤੇ ਇੱਕ ਹੋਰ ਦੁਨੀਆਂ ‘ਚ ਬੈਠਾ ਇਹ ਸਭ ਦੇਖ ਦਿਹਾ ਹੋਵੇਗਾ।

ਦੀਪ ਲਈ ਸੁਨੇਹਾ –
ਦੀਪ ਮੈਂ ਅੰਦਰੋਂ ਤਾਂ ਤੇਰੇ ਬਗੈਰ ਮਰ ਹੀ ਗਈ ਹਾਂ। ਮੈਂ ਤੈਨੂੰ ਬਹੁਤ ਮਿਸ ਕਰਦੀ ਹਾਂ। ਤੂੰ ਵਾਅਦਾ ਕੀਤਾ ਸੀ ਕਿ ਤੂੰ ਮੈਨੂੰ ਕਦੇ ਵੀ ਛੱਡ ਕੇ ਨਹੀਂ ਜਾਏਂਗਾ ਪਰ ਤੂੰ ਹੁਣ ਮੈਨੂੰ ਇਕੱਲੀ ਨੂੰ ਛੱਡ ਗਿਆ ਹੈ। ਮੈਂ ਟੁੱਟ ਚੁੱਕੀ ਹਾਂ। ਮੈਂ ਉਦਾਸ ਹਾਂ। ਮੈਂ ਗ਼ੁੱਸੇ ਹਾਂ। ਤੂੰ ਮੈਨੂੰ ਛੱਡ ਕੇ ਕਿਉਂ ਚਲਾ ਗਿਆ ਹੈਂ? ਮੈਂ ਤੈਨੂੰ ਆਪਣੀਆਂ ਬਾਂਹਾਂ ‘ਚ ਚਾਹੁੰਦੀ ਹਾਂ ਅਤੇ ਤੂੰ ਆਖੇਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਜਾਨ। ਮੈਨੂੰ ਤੇਰੇ ਜਾਣ ਮਗਰੋਂ ਸਿਰਫ ਇਹੀ ਸਕੂਨ ਮਿਲੀਆ ਹੈ ਕਿ ਇੱਕ ਪੀੜੀ ਨੂੰ ਪ੍ਰੇਰਣਾ ਮਿਲੀ ਹੈ ਪੰਜਾਬ ਲਈ ਕੁਝ ਕਰਨ ਦੀ। ਤੂੰ ਹਮੇਸ਼ਾਂ ਮੈਨੂੰ ਸਮਝਾਉਂਦਾ ਸੀ ਕਿ ਵੱਡਾ ਬਦਲਾਅ ਲਿਆਉਣ ਲਈ ਵੱਡੀ ਕੁਰਬਾਨੀ ਚਾਹੀਦੀ ਹੁੰਦੀ ਹੈ। ਸੋ ਮੇਰੀ ਜਾਨ, ਆਪਣੀ ਕਿਸਮਤ ਨੂੰ ਨਿਭਾਅ, ਦੁਨੀਆਂ ਨੂੰ ਪ੍ਰੇਰਣਾ ਦੇ। ਮੈਂ ਤੈਨੂੰ ਮਿਸ ਕਰਦੀ ਰਹਾਂਗੀ ਅਤੇ ਹਮੇਸ਼ਾਂ ਪਿਆਰ ਕਰਦੀ ਰਹਾਂਗੀ। ਪਿਆਰ ਕਰਨ ਵਾਲਿਆਂ ਰੂਹਾਂ ਅੱਡ ਨਹੀਂ ਹੁੰਦੀਆਂ। ਦੂਜੀ ਦੁਨੀਆਂ ‘ਚ ਮੈਂ ਹੁਣ ਤੈਨੂੰ ਮਿਲਾਂਗੀ।

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
#PacificPunjab