ਚੰਡੀਗੜ੍ਹ, 22 ਫ਼ਰਵਰੀ, 2022:ਪੰਜਾਬ ਦੇ ਮੁੱਖ ਮੰਤਰੀ ਸ:ਚਰਨਜੀਤ ਸਿੰਘ ਚੰਨੀ ਨੇ ਡੇਰਾ ਸਿਰਸਾ ਵੱਲੋਂ ਅਕਾਲੀ ਦਲ ਨੂੂੰ ਹਮਾਇਤ ਦੇਣ ਦੇ ਐਲਾਨ ’ਤੇ ਟਿੱਪਣੀ ਕਰਦਿਆਂਕਿਹਾ ਹੈ ਕਿ ਇਸ ਨਾਲ ਬੇਅਦਬੀਆਂ ਦੇ ਜ਼ਖ਼ਮ ਇਕ ਵਾਰ ਫ਼ਿਰ ਅੱਲੇ ਹੋ ਗਏ ਹਨ।
ਅੱਜ ਵੱਖ ਵੱਖ ਥਾਂਵਾਂ ’ਤੇ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣ ਪੁੱਜੇ ਸ: ਚੰਨੀ ਨੇ ਕਿਹਾ ਕਿ ਡੇਰਾ ਸਿਰਸਾ ਵੱਲੋਂ ਅਕਾਲੀ ਦਲ ਨੂੰ ਹਮਾਇਤ ਦੇਣ ਅਤੇ ਸ੍ਰੀ ਭਗਵੰਤ ਮਾਨ ਨੂੰ ਵੀ ਸੱਚੇ ਸੌਦੇ ਵੱਲੋਂ ਸਮਰਥਨ ਦੇਣ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ ਪਰ ਇਸ ਨੇ ਬੇਅਦਬੀ ਦੇ ਜ਼ਖਮਾਂ ਨੂੰ ਅੱਲੇ ਕਰ ਦਿੱਤਾ ਹੈ।
ਇਹ ਪੁੱਛੇ ਜਾਣ ’ਤੇ ਕਿ ਐਸਾ ਕੋਈ ਐਲਾਨ ਤਾਂ ਸਾਹਮਣੇ ਨਹੀਂ ਆਇਆ, ਮੁੱਖ ਮੰਤਰੀ ਨੇ ਕਿਹਾ ਕਿ ਡੇਰੇ ਵੱਲੋਂ ਸਾਰੇ ਹਲਕਿਆਂ ਵਿੱਚ ਇਹ ਸੁਨੇਹੇ ਲਾਏ ਗਏ ਹਨ ਜਿਨ੍ਹਾਂ ਵਿੱਚ ਅਕਾਲੀ ਦਲ ਤੇ ਭਗਵੰਤ ਮਾਨ ਨੂੰ ਵੋਟਾਂ ਪਾਉਣ ਲਈ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਗੁਰੂ ਦਰ ’ਤੇ ਨਤਮਸਤਕ ਹੋਏ ਹਨ ਅਤੇ ਉਨ੍ਹਾਂ ਨੇ ਨਾ ਕੇਵਲ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦਿੱਤਾ ਹੈ ਅਤੇ ਜਨਤਾ ਕੋਲ ਵੀ ਆਪਣਾ ਪੱਖ ਰੱਖ ਦਿੱਤਾ ਹੈ ਅਤੇ ਉਮੀਦ ਹੈ ਕਿ ਲੋਕ ਉਨ੍ਹਾਂ ਨੂੰ ਅਗਲੇ 5 ਸਾਲ ਵੀ ਸੇਵਾ ਕਰਨ ਦਾ ਮੌਕਾ ਦੇਣਗੇ।