ਨਾਮਧਾਰੀ ਡੇਰਾ ਮੁਖ਼ੀ ਦੀ ਵੀ ਨਰਿੰਦਰ ਮੋਦੀ ਨਾਲ ਮੁਲਾਕਾਤ

0
307

ਨਵੀਂ ਦਿੱਲੀ, 18 ਫ਼ਰਵਰੀ, 2022: ਨਾਮਧਾਰੀ ਡੇਰਾ ਭੈਣੀ ਸਾਹਿਬ ਦੇ ਮੁਖ਼ੀ ਉਦੇ ਸਿੰਘ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਦਿੱਲੀ ਵਿਖ਼ੇ ਮੁਲਾਕਾਤ ਕੀਤੀ।

ਇਸ ਮੁਲਾਕਾਤ ਸੰਬੰਧੀ ਦੋ ਤਸਵੀਰਾਂ ਖ਼ੁਦ ਪ੍ਰਧਾਲ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸਾਂਝੀਆਂ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੇ ਭੈਣੀ ਸਾਹਿਬ, ਲੁਧਿਆਣਾ ਦੇ ਸ੍ਰੀ ਉਦੇ ਸਿੰਘ ਨਾਲ ਮੁਲਾਕਾਤ ਕੀਤੀ।

ਭਾਵੇਂ ਇਸ ਮੁਲਾਕਾਤ ਬਾਰੇ ਕੋਈ ਹੋਰ ਵੇਰਵੇ ਨਹੀਂ ਮਿਲੇ ਹਨ ਪਰ ਇਸ ਮੁਲਾਕਾਤ ਨੂੰ ਸਿਆਸੀ ਹਲਕਿਆਂ ਵਿੱਚ ਮੌਜੂਦਾ ਚੋਣਾਂ ਨਾਲ ਜੋੜ ਕੇ ਹੀ ਵੇਖ਼ਿਆ ਜਾ ਰਿਹਾ ਹੈ।

ਯਾਦ ਰਹੇ ਕਿ ਡੇਰਾ ਭੈਣੀ ਸਾਹਿਬ ਨਾਲ ਜੁੜੇ ਕਾਂਗਰਸ ਦੇ ਪ੍ਰਮੁੱਖ ਆਗੂ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ: ਹਰਵਿੰਦਰ ਸਿੰਘ ਹੰਸਪਾਲ ਬੀਤੇ ਦਿਨੀਂ ਆਪਣੇ ਪੋਤੇ ਨੂੰ ਟਿਕਟ ਨਾ ਮਿਲਣ ਦੀ ਨਾਰਾਜ਼ਗੀ ਕਾਰਨ ਕਾਂਗਰਸ ਛੱਡ ਗਏ ਸਨ ਅਤੇ ਉਨ੍ਰਾਂ ਨੇ ‘ਆਮ ਆਦਮੀ ਪਾਰਟੀ’ ਦਾ ਪੱਲ ਫ਼ੜ ਲਿਆ ਸੀ।

ਇਸ ਤੋਂ ਇਲਾਵਾ ਪਿਛਲੇ ਦਿਨਾਂ ਵਿੱਚ ਭਾਜਪਾ ਦੀ ਪੰਜਾਬ ਦੇ ਡੇਰਾ ਮੁਖ਼ੀਆਂ ਨਾਲ ਮੁਲਾਕਾਤਾਂ ਕਾਫ਼ੀ ਚਰਚਾ ਦਾ ਵਿਸ਼ਾ ਰਹੀਆਂ ਹਨ।

ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖ਼ੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਇਸੇ ਤਰ੍ਹਾਂ ਬੀਤੇ ਦਿਨੀਂ ਦਿੱਲੀ ਵਿਖ਼ੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਸ ਮਗਰੋਂ ਪੰਜਾਬ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਲਈ ਪੁੱਜੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਡੇਰਾ ਬਿਆਸ ਵਿਖੇ ਪੁੱਜੇ ਸਨ ਜਿੱਥੇ ਉਨ੍ਹਾਂ ਨੇ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਸੀ।

ਭਾਵੇਂ ਭਾਰਤੀ ਜਨਤਾ ਪਾਰਟੀ ਇਸ ਨੂੰ ਕਾਨੂੰਨੀ ਅਤੇ ਵਿਵਸਥਾ ਦਾ ਮਸਲਾ ਦੱਸ ਰਹੀ ਹੈ ਪਰ ਵਿਰੋਧੀ ਧਿਰਾਂ ਡੇਰਾ ਸਿਰਸਾ ਦੇ ਮੁਖ਼ੀ ਗੁਰਮੀਤ ਰਾਮ ਰਹੀਮ ਦੀ ਫ਼ਰਲੋ ’ਤੇ ਇਨ੍ਹਾਂ ਦਿਨਾਂ ਵਿੱਚ ਹੋਈ ਰਿਹਾਈ ਨੂੰ ਵੀ ਪੰਜਾਬ ਚੋਣਾਂ ਨਾਲ ਜੋੜ ਕੀ ਹੀ ਵੇਖ਼ ਰਹੇ ਹਨ।

ਇਸ ਤੋਂ ਇਲਾਵਾ ਅੱਜ ਸ਼ੁੱਕਰਵਾਰ ਨੂੂੰ ਹੀ 38 ਪ੍ਰਮੁੱਖ ਸਿੱਖ ਸ਼ਖਸ਼ੀਅਤਾਂ ਜਿਨ੍ਹਾਂ ਵਿੱਚ ਸੰਤ ਮਹਾਂਪੁਰਸ਼ ਅਤੇ ਰਾਜਸੀ, ਸਮਾਜਿਕ ਸ਼ਖਸ਼ੀਅਤਾਂ ਸ਼ਾਮਲ ਹਨ, ਨੇ ਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਦਿੱਲੀ ਵਿਖ਼ੇ ਮੁਲਾਕਾਤ ਕੀਤੀ ਹੈ।