ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਹੋਈ ..

0
446

3 ਫਰਵਰੀ 2022 ਨੂੰ ਫਰੀਦਕੋਟ ਦੀ ਜਗਦੀਪ ਸਿੰਘ ਮਰੋਕ, ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਗੁਰਪ੍ਰੀਤ ਸਿੰਘ ਗੋਪੀ, ਅਸ਼ੋਕ ਕੁਮਾਰ ਉਰਫ ਅਮਨਾ ਤੇ ਜਸਵੰਤ ਸਿੰਘ ਕਾਲਾ ਨੂੰ 13 ਜੂਨ 2016 ਨੂੰ ਬੁਰਜ ਜਵਾਹਰ ਸਿੰਘ ਵਾਲਾ ਵਾਸੀ ਡੇਰਾ ਸਿਰਸਾ ਪ੍ਰੇਮੀ ਗੁਰਦੇਵ ਇੰਸਾਂ ਦੇ ਕਤਲ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜਾ ਸੁਣਾਈ ਹੈ। ਗੁਰਦੇਵ ਇੰਸਾਂ ਡੇਰਾ ਪ੍ਰੇਮੀ ਉੱਤੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ/ਕਰਵਾਉਣ ਦਾ ਸ਼ੱਕ ਸੀ। ਗੁਰਦੇਵ ਇੰਸਾਂ ਦੀ ਦੁਕਾਨ ਬੁਰਜ ਜਵਾਹਰ ਸਿੰਘ ਵਾਲਾ ਦੇ ਉਸ ਗੁਰੂ ਘਰ ਦੇ ਗੇਟ ਦੇ ਬਾਹਰ ਸੀ ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ ਹੋਈ ਸੀ।

ਇਕ ਜੂਨ ਸੰਨ 2015 ਨੂੰ ਪਿੰਡ ਬੁਰਜ ਜਵਾਹਰਕੇ ਚੋਂ ਗੁਰੂ ਗ੍ਰੰਥ ਸਾਹਿਬ ਮਾਹਰਾਜ ਜੀ ਦੀ ਬੀੜ ਚੋਰੀ ਹੁੰਦੀ ਆ, ਬਾਦਲਾਂ ਦੀ ਸਰਕਾਰ ਸੀ। ਸਾਰਾ ਪਿੰਡ ਬਾਦਲਾਂ ਦੀ ਪੁਲਿਸ ਨੂੰ ਕਹਿੰਦਾ ਕਿ ਜਿਸ ਗੁਰੂਦੁਆਰੇ ਚੋਂ ਬੀੜ ਚੋਰੀ ਹੋਈ ਆ, ਉਸ ਦੇ ਬਿਲਕੁਲ ਸਾਹਮਣੇ ਗੁਰਦੇਵ ਪ੍ਰੇਮੀ ਦੀ ਦੁਕਾਨ ਹੈ। ਉਹ ਸਿੱਖੀ ਬਾਰੇ ਬਹੁਤ ਬਕਵਾਸ ਕਰਦਾ, ਉਸ ਤੋਂ ਤਫਤੀਸ਼ ਕਰੋ। ਪਰ ਬਾਦਲਾਂ ਦੀ ਪੁਲਿਸ ਇਕ ਵਾਰ ਵੀ ਗੁਰਦੇਵ ਤੋਂ ਪੁੱਛ ਗਿੱਛ ਨਹੀਂ ਕਰਦੀ।

ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੁੰਦੀ ਆ। ਸਿੱਖਾਂ ਤੇ ਪੁਲਿਸ ਗੋਲੀ ਚਲਾਉਂਦੀ ਆ, ਦੋ ਸਿੱਖ ਮਰਦੇ ਆ। ਸਮਾਂ ਲੰਘਦਾ ਰਹਿੰਦਾ, ਪਰ ਬਹੁਤਾ ਨਹੀਂ ਲੰਘਦਾ।

ਜੂਨ 2016 ‘ਚ ਗੁਰਦੇਵ ਪ੍ਰੇਮੀ ਦਾ ਉਸ ਦੀ ਦੁਕਾਨ ‘ਤੇ ਕਤਲ ਹੋ ਜਾਂਦਾ। ਪ੍ਰੇਮੀ ਗੁਰਦੇਵ ਦੇ ਕਤਲ ਤੋਂ ਬਾਅਦ ਧਰਨਾ ਲਾਉਂਦੇ ਨੇ। ਪੁਲਿਸ ਪ੍ਰੇਮੀਆਂ ‘ਤੇ ਗੋਲੀ ਨਹੀਂ ਚਲਾਉਂਦੀ। ਜਿਵੇਂ ਸਿੱਖਾਂ ‘ਤੇ ਚਲਾਈ ਸੀ। ਇਸ ਵਾਰ ਬਾਦਲ ਹਰਕਤ ‘ਚ ਆਉਂਦੇ ਨੇ। ਪ੍ਰੇਮੀਆਂ ਨੂੰ ਖੁਸ਼ ਕਰਨ ਵਾਸਤੇ ਗੁਰਦੇਵ ਦੀ ਘਰਵਾਲੀ ਨੂੰ ਪੁਲਿਸ ‘ਚ ਨੌਕਰੀ ਦੇ ਦਿੰਦੇ ਨੇ।

ਅਗਸਤ 2017 ‘ਚ ਪੁਲਿਸ ਤਿੰਨ ਮੁੰਡਿਆਂ ਨੂੰ ਗੁਰਦੇਵ ਪ੍ਰੇਮੀ ਦੇ ਕਤਲ ਦੇ ਦੋਸ਼ ‘ਚ ਫੜਦੀ ਹੈ। ਤਿੰਨਾਂ ‘ਚੋ ਇਕ ਮੁੰਡਾ ਅਸ਼ੋਕ ਕੁਮਾਰ ਉਰਫ ਅਮਨਾ ਸੇਠ ਦਾ ਜਨਮ ਹਿੰਦੂ ਪਰਿਵਾਰ ‘ਚ ਹੋਇਆ। ਗੁਰਪ੍ਰੀਤ ਤੇ ਜਸਵੰਤ ਨੂੰ ਵੀ ਫੜਿਆ ਜਾਂਦਾ। ਗੁਰਦੇਵ ਦੀ ਘਰਵਾਲੀ ਨੂੰ ਪੁਲਿਸ ਮੌਕੇ ਦਾ ਗਵਾਹ ਬਣਾ ਲੈਂਦੀ ਹੈ। ਹਾਲਾਂਕਿ ਘਰ ਵਾਲੀ ਮੌਕੇ ‘ਤੇ ਮੌਜੂਦ ਨਹੀਂ ਸੀ।

ਖੈਰ! ਇਹ ਗੱਲ ਪਹਿਲੀ ਵਾਰ 2018 ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਲ਼ੈ ਕੇ ਆਉਂਦਾ ਕਿ ਬੀੜ ਚੁੱਕਣ ਆਏ ਪ੍ਰੇਮੀ‌ ਪਹਿਲਾਂ ਗੁਰਦੇਵ ਦੀ ਦੁਕਾਨ ‘ਤੇ ਪਹੁੰਚੇ ਸਨ ਤੇ ਗੁਰਦੇਵ ਨੇ ਹੀ ਉਨ੍ਹਾਂ ਨੂੰ ਅੰਦਰ ਵੜਨ ਦਾ ਇਸ਼ਾਰਾ ਕੀਤਾ ਸੀ। ਪਰ ਤਿੰਨਾਂ ਮੁੰਡਿਆਂ ਨੂੰ ਇਹ ਗੱਲ 2016 ‘ਚ ਹੀ ਪਤਾ ਲੱਗ ਗਈ ਸੀ।

ਅੱਜ ਵੀ ਬੇਅਦਬੀ ਕਰਨ ਵਾਲੇ ਜਮਾਨਤਾਂ ‘ਤੇ ਬਾਹਰ ਘੁੰਮ ਰਹੇ ਨੇ। ਪਰ ਬੇਅਦਬੀਆਂ ਦਾ ਬਦਲਾ ਲੈਣ ਵਾਲਿਆਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ। ਇਹੀ ਕਮਾਈਆਂ ਥੋਡੀਆਂ ਬਾਦਲੋ, ਕਿਥੇ ਭਰੋਗੇ।

#ਮਹਿਕਮਾ_ਪੰਜਾਬੀ