ਬਿਆਸ ਲਾਗਲੇ ਪਿੰਡ ਫੇਰੂਮਾਨ ਦੇ ਨੌਜਵਾਨ ਗੁਰਵਿੰਦਰ ਸਿੰਘ ਨੂੰ 21,22, ਜੁਲਾਈ 1992 ਵਾਲੇ ਦਿਨ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਨ ਦੇ ਕੇਸ ਵਿੱਚ ਅੱਜ ਸੀਬੀਆਈ ਕੋਰਟ ਮੋਹਾਲੀ ਵਿਖੇ ਰਿਟਾਇਰਡ ਸਬ ਇੰਸਪੈਕਟਰ ਅਮਰੀਕ ਸਿੰਘ ਨੂੰ ਕੇਸ ਦੀ ਸੁਣਵਾਈ ਦੌਰਾਨ ਮਾਨਯੋਗ ਜੱਜ ਹਰਿੰਦਰ ਕੌਰ ਸਿੱਧੂ ਨੇ ਜਿਉਂ ਹੀ ਦੋਸ਼ੀ ਕਰਾਰ ਦਿੱਤਾ ਤਾਂ ਅਮਰੀਕ ਸਿੰਘ ਦਾ ਕਟਹਿਰੇ ਵਿੱਚ ਖੜੇ ਦਾ ਹੀ ਪਿਸ਼ਾਬ ਨਿੱਕਲ ਤੇ ਗਸ਼ ਖਾ ਕੇ ਧਰਤੀ ਤੇ ਡਿੱਗ ਪਿਆ ਜਿਸ ਨੂੰ ਪੁਲਿਸ ਮੁਲਾਜਮਾਂ ਅਤੇ ਦੋਸ਼ੀ ਦੇ ਪਰਿਵਾਰਕ ਮੈਬਰਾਂ ਨੇ ਬੜੀ ਮੁਸ਼ਕਿਲ ਨਾਲ ਸੰਭਾਲਿਆ ਅਤੇ ਅਦਾਲਤ ਤੋਂ ਬਾਹਰ ਲੈ ਕੇ ਆਏ
ਸੀ.ਬੀ. ਆਈ. ਅਦਾਲਤ ਦੀ ਵਿਸ਼ੇਸ਼ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਨੇ ਜੁਲਾਈ 1992 ‘ਚ ਪੁਲਿਸ ਵਲੋਂ ਗੁਰਵਿੰਦਰ ਸਿੰਘ (20) ਵਾਸੀ ਫੇਰੂਮਾਨ ਜ਼ਿਲ੍ਹਾ ਅੰਮਿ੍ਤਸਰ ਨੂੰ ਜਬਰੀ ਚੁੱਕ ਕੇ ਲਿਜਾਣ ਤੇ ਉਸ ਨੂੰ ਨਾਜਾਇਜ਼ ਹਿਰਾਸਤ ‘ਚ ਰੱਖਣ ਦੇ ਮਾਮਲੇ ‘ਚ ਸੇਵਾ ਮੁਕਤ ਸਬ-ਇੰਸਪੈਕਟਰ ਅਮਰੀਕ ਸਿੰਘ ਨੂੰ ਧਾਰਾ 364 ‘ਚ 10 ਸਾਲ ਦੀ ਕੈਦ ਤੇ 20 ਹਜ਼ਾਰ ਰੁ. ਜੁਰਮਾਨਾ ਅਤੇ ਧਾਰਾ 342 ‘ਚ 1 ਸਾਲ ਦੀ ਕੈਦ ਤੇ 1 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜੁਰਮਾਨਾ ਅਦਾ ਨਾ ਕਰਨ ‘ਤੇ 1 ਸਾਲ 3 ਮਹੀਨੇ ਦੀ ਹੋਰ ਕੈਦ ਕੱਟਣੀ ਪਵੇਗੀ | ਇਸ ਮਾਮਲੇ ‘ਚ ਨਾਮਜ਼ਦ ਉਸ ਸਮੇਂ ਦੇ ਥਾਣ ਾ ਬਿਆਸ ਦੇ ਮੁਖੀ ਵੱਸਣ ਸਿੰਘ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ | ਇਸ ਮਾਮਲੇ ਦੀ ਪੈਰਵਈ ਸੀ. ਬੀ. ਆਈ. ਦੇ ਵਕੀਲ ਗੁਰਵਿੰਦਰ ਸਿੰਘ ਕਰ ਰਹੇ ਸਨ | ਉਧਰ ਮਿ੍ਤਕ ਦੇ ਵਕੀਲਾਂ ਦਾ ਕਹਿਣਾ ਹੈ ਕਿ ਗੁਰਵਿੰਦਰ ਸਿੰਘ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਧਿਕਾਰੀਆਂ / ਕਰਮਚਾਰੀਆਂ ਅਤੇ ਝੂਠੇ ਪੁਲਿਸ ਮੁਕਾਬਲੇ ਸਬੰਧੀ ਝੂਠੇ ਦਸਤਾਵੇਜ਼ ਤਿਆਰ ਕਰਨ ਵਾਲਿਆਂ ‘ਤੇ ਕੇਸ ਚਲਾਉਣ ਲਈ ਹਾਈਕੋਰਟ ‘ਚ ਅਪੀਲ ਦਾਇਰ ਕੀਤੀ ਜਾਵੇਗੀ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਬਿਆਸ ਦੇ ਉਸ ਸਮੇਂ ਦੇ ਥਾਣਾ ਮੁਖੀ ਵੱਸਣ ਸਿੰਘ ਤੇ ਥਾਣੇਦਾਰ ਅਮਰੀਕ ਸਿੰਘ ਵਲੋਂ ਚੰਨਣ ਸਿੰਘ ਨੂੰ ਉਸ ਦੇ ਘਰੋਂ ਚੁੱਕ ਲਿਆ ਗਿਆ ਸੀ ਅਤੇ ਚੰਨਣ ਸਿੰਘ ਦੇ ਲੜਕੇ ਗੁਰਵਿੰਦਰ ਸਿੰਘ ਬਾਰੇ ਪੁੱਛ ਪੜਤਾਲ ਕੀਤੀ ਗਈ ਸੀ | ਚੰਨਣ ਸਿੰਘ ਨੇ ਥਾਣਾ ਮੁਖੀ ਵੱਸਣ ਸਿੰਘ ਨੂੰ ਦੱਸਿਆ ਸੀ ਕਿ ਉਸ ਦਾ ਲੜਕਾ ਸਵਰਨ ਸਿੰਘ ਜੋ ਕਿ ਬੀ.ਐਸ.ਐਫ. ਵਿਚ ਹੈ, ਦੇ ਕੋਲ ਜਲੰਧਰ ਵਿਖੇ ਹੀ ਗੁਰਵਿੰਦਰ ਸਿੰਘ ਹੈ | ਇਸ ਤੋਂ ਬਾਅਦ ਪੁਲਿਸ ਪਾਰਟੀ ਚੰਨਣ ਸਿੰਘ ਨੂੰ ਨਾਲ ਲੈ ਕੇ ਜਲੰਧਰ ਗਈ ਅਤੇ ਗੁਰਵਿੰਦਰ ਸਿੰਘ ਨੂੰ ਜਲੰਧਰ ਤੋਂ ਚੁੱਕ ਕੇ ਥਾਣਾ ਬਿਆਸ ਲੈ ਆਈ ਸੀ | ਪੁਲਿਸ ਵਲੋਂ ਚੰਨਣ ਸਿੰਘ ਨੂੰ ਉਸ ਦਿਨ ਛੱਡ ਦਿੱਤਾ ਗਿਆ ਸੀ ਅਤੇ ਅਗਲੇ ਦਿਨ ਜਦੋਂ ਚੰਨਣ ਸਿੰਘ ਮੋਹਤਬਰਾਂ ਨੂੰ ਨਾਲ ਲੈ ਕੇ ਗੁਰਵਿੰਦਰ ਸਿੰਘ ਨੂੰ ਛੁਡਾਉਣ ਲਈ ਥਾਣੇ ਗਿਆ ਤਾਂ ਅੱਗਿਓਾ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਗੁਰਵਿੰਦਰ ਸਿੰਘ ਤਾਂ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ ਹੈ ਅਤੇ ਉਸ ਦੀਆਂ ਅਸਥੀਆਂ ਦੁਰਗਿਆਣਾ ਮੰਦਰ ਵਿਚਲੇ ਸ਼ਮਸ਼ਾਨਘਾਟ ‘ਚ ਪਈਆਂ ਹਨ | ਇਸ ਮਾਮਲੇ ‘ਚ ਹਾਈਕੋਰਟ ਦੇ ਹੁਕਮਾਂ ‘ਤੇ 1997 ‘ਚ ਇਹ ਕੇਸ ਸੀ.ਬੀ. ਆਈ. ਨੂੰ ਸੌਂਪਿਆ ਗਿਆ ਸੀ ਅਤੇ ਸਾਲ 2000 ‘ਚ ਮੁਲਜ਼ਮਾਂ ‘ਤੇ ਦੋਸ਼ ਤੈਅ ਹੋਏ ਸਨ | 17 ਸਾਲ ਇਹ ਕੇਸ ਉਪਰਲੀ ਅਦਾਲਤ ਵਲੋਂ ਸਟੇਅ ਰਿਹਾ ਸੀ ਅਤੇ ਅੱਜ 29 ਸਾਲਾਂ ਬਾਅਦ ਇਸ ਕੇਸ ‘ਚ ਫ਼ੈਸਲਾ ਆਇਆ ਹੈ |
ਪੁਲਿਸ ਨੇ ਸਾਡਾ ਟੱਬਰ ਹੀ ਉਜਾੜ ਦਿੱਤਾ-ਭਰਾ ਪਰਮਿੰਦਰ ਸਿੰਘ
ਅਦਾਲਤ ਦੇ ਬਾਹਰ ਗੁਰਵਿੰਦਰ ਸਿੰਘ ਦੇ ਭਰਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦਾ ਘਰ ਹੀ ਉਜਾੜ ਦਿੱਤਾ ਹੈ | ਕੇਸ ਦੀ ਪੈਰਵਈ ਦੌਰਾਨ ਉਨ੍ਹਾਂ ਦੇ ਪਰਿਵਾਰ ਨੂੰ ਕੇਸ ਵਾਪਸ ਲੈਣ ਲਈ ਲੱਖਾਂ ਰੁ. ਦਾ ਲਾਲਚ ਵੀ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਵੱਸਣ ਸਿੰਘ ਤੇ ਉਸ ਦੀ ਟੀਮ ਵਲੋਂ ਉਨ੍ਹਾਂ ਦੇ ਪਿਤਾ ਚੰਨਣ ਸਿੰਘ ਨੂੰ ਵੀ ਤਸੀਹੇ ਦਿੱਤੇ ਗਏ ਸਨ ਅਤੇ ਇਸੇ ਕਾਰਨ ਉਸ ਦੇ ਪਿਤਾ 1992 ਤੋਂ ਹੀ ਸਰੀਰਕ ਤੌਰ ‘ਤੇ ਬਿਮਾਰ ਚੱਲ ਰਹੇ ਹਨ |
ਪੁਲਿਸ ਵਲੋਂ ਮੁਕਾਬਲੇ ਤੋਂ ਬਾਅਦ ਬਰਾਮਦ ਹੋਏ ਹਥਿਆਰਾਂ ਦਾ ਕਾਗਜ਼ਾਂ ‘ਚ ਨਹੀਂ ਸੀ ਕੋਈ ਰਿਕਾਰਡ
ਗੁਰਵਿੰਦਰ ਸਿੰਘ ਦੇ ਪੁਲਿਸ ਮੁਕਾਬਲੇ ‘ਚ ਮਾਰੇ ਜਾਣ ਦੇ ਦਿੱਤੇ ਗਏ ਬਿਆਨਾਂ ਤੋਂ ਬਾਅਦ ਪੁਲਿਸ ਅਦਾਲਤ ‘ਚ ਦਸਤਾਵੇਜ਼ਾਂ ਰਾਹੀਂ ਮੌਕੇ ਤੋਂ ਬਰਾਮਦ ਹੋਏ ਹਥਿਆਰਾਂ ਤੇ ਹੋਰ ਅਸਲੇ੍ਹ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕੀ, ਜਦੋਂਕਿ ਪੁਲਿਸ ਦਾ ਕਹਿਣਾ ਸੀ ਕਿ ਪੁਲਿਸ ਮੁਕਾਬਲੇ ਦੌਰਾਨ 109 ਗੋਲੀਆਂ ਚੱਲੀਆਂ ਸਨ ਅਤੇ ਮੌਕੇ ਤੋਂ ਪਿਸਤੌਲ ਤੇ ਕਾਰਤੂਸ ਬਰਾਮਦ ਹੋਏ ਸਨ | ਪੁਲਿਸ ਦੀ ਕਹਾਣੀ ਉਸ ਬਿਆਨ ‘ਤੇ ਵੀ ਝੂਠੀ ਪੈ ਗਈ ਜਦੋਂ ਗੁਰਵਿੰਦਰ ਸਿੰਘ ਦੀ ਪੋਸਟਮਾਰਟਮ ਰਿਪੋਰਟ ‘ਚ ਇਕ ਗੋ ਲੀ ਸਿਰ ਅਤੇ ਇਕ ਗੋ ਲੀ ਛਾਤੀ ‘ਚ ਵੱਜੀ ਦੱਸੀ ਗਈ | ਪੁਲਿਸ ਨੇ ਜਦੋਂ ਲਾਸ਼ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਕਰ ਲਈ ਸੀ ਤਾਂ ਪਰਿਵਾਰ ਨੂੰ ਲਾਸ਼ ਕਿਉਂ ਨਹੀਂ ਦਿੱਤੀ | ਪੁਲਿਸ ਨੇ ਆਪ ਹੀ ਲਾਸ਼ ਦਾ ਸਸਕਾਰ ਕਰਵਾ ਦਿੱਤਾ ਅਤੇ ਫੁੱਲ ਸ਼ਮਸ਼ਾਨਘਾਟ ‘ਚ ਹੀ ਰੱਖਵਾ ਦਿੱਤੇ | ਗੁਰਵਿੰਦਰ ਸਿੰਘ ਜ਼ਿਲ੍ਹਾ ਅੰਮਿ੍ਤਸਰ ਦੇ ਸਠਿਆਲਾ ਕਾਲਜ ‘ਚ ਬੀ. ਏ. ਦਾ ਵਿਦਿਆਰਥੀ ਸੀ |
ਪੁਲਿਸ ਵਲੋਂ ਉਸ ਦਾ ਪੁਲਿਸ ਮੁਕਾਬਲਾ ਵੀ ਸਠਿਆਲਾ ਦੇ ਕੋਲ ਨਾਕਾਬੰਦੀ ਦੌਰਾਨ ਦਿਖਾਇਆ ਗਿਆ ਸੀ ਅਤੇ ਇਸ ਮਾਮਲੇ ‘ਚ ਪੁਲਿਸ ਵਲੋਂ ਉਸ ਸਮੇਂ 2 ਅਣਪਛਾਤੇ ਨੌਜਵਾਨਾਂ ਨੂੰ ਗੁਰਵਿੰਦਰ ਸਿੰਘ ਦਾ ਸਾਥੀ ਦੱਸ ਕੇ ਭੱਜਿਆ ਦਿਖਾਇਆ ਗਿਆ ਸੀ ਅਤੇ ਬਾਅਦ ‘ਚ ਪੁਲਿਸ ਨੇ ਫ਼ਰਾਰ ਹੋਏ ਨੌਜਵਾਨਾਂ ਦੀ ਪਛਾਣ ਪ੍ਰੇਮ ਸਿੰਘ ਪ੍ਰੇਮਾ ਵਾਸੀ ਪਟਿਆਲਾ ਤੇ ਡਾ. ਬਲਜੀਤ ਸਿੰਘ ਵਾਸੀ ਰਈਆ ਵਜੋਂ ਦੱਸ ਕੇ ਉਨ੍ਹਾਂ ਨੂੰ ਵੀ ਕਿਸੇ ਹੋਰ ਪੁਲਿਸ ਮੁਕਾਬਲੇ ‘ਚ ਮਾਰ ਮੁਕਾਉਣ ਦੀ ਗੱਲ ਆਖੀ ਸੀ |
ਸਜ਼ਾ ਦਿਵਾਉਣ ‘ਚ ਜਿਪਸੀ ਦੀ ਲਾਗ ਬੁੱਕ ਨੇ ਨਿਭਾਇਆ ਅਹਿਮ ਰੋਲ
ਗੁਰਵਿੰਦਰ ਸਿੰਘ ਨੂੰ ਜਲੰਧਰ ਤੋਂ ਅਗਵਾ ਕਰਕੇ ਲਿਜਾਣ ਦੇ ਮਾਮਲੇ ‘ਚ ਭਾਵੇਂ ਪੁਲਿਸ ਨੇ ਇਕ ਵੱਖਰੀ ਕਹਾਣੀ ਬਣਾਈ ਸੀ ਪਰ ਪੁਲਿਸ ਦੀ ਇਸ ਵੱਖਰੀ ਕਹਾਣੀ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦੋਂ ਅਦਾਲਤ ‘ਚ ਜਿਪਸੀ ਦੀ ਲਾਗ ਬੁੱਕ ਨੂੰ ਪੇਸ਼ ਕੀਤਾ ਗਿਆ, ਜਿਸ ‘ਚ ਜਿਪਸੀ ਨੂੰ ਜਲੰਧਰ ਲੈ ਕੇ ਜਾਣ ਦਾ ਜ਼ਿਕਰ ਸੀ | ਇਸ ਮਾਮਲੇ ‘ਚ ਪੁਲਿਸ ਨੇ ਮੁਕਾਬਲਾ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੀ ਵੱਖਰੀ ਟੀਮ ਦਰਸਾਈ ਸੀ ਅਤੇ ਇਸ ਮਾਮਲੇ ‘ਚ ਪੁਲਿਸ ਦੀ ਇਕ ਟੀਮ ਨੇ ਗ਼ਲਤ ਦਸਤਾਵੇਜ਼ ਤਿਆਰ ਕੀਤੇ ਸਨ |