ਮੈਂਨੂੰ ‘ਸਿੱਧੂ’ ਨੇ ਅੰਦਰ ਨਹੀਂ ਵੜਨ ਦਿੱਤਾ, ਰੋਂਦੀ ਭੈਣ ਨੇ ਖੋਲ੍ਹਤਾ ਭੇਦ, ਮਾਪੇ ਆਏ ਯਾਦ

0
393

ਚੰਡੀਗੜ੍ਹ, 28 ਜਨਵਰੀ, 2022:ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ’ਤੇ ਗੰਭੀਰ ਪਰਿਵਾਰਕ ਦੋਸ਼ ਲੱਗੇ ਹਨ ਅਤੇ ਵੱਡੀ ਗੱਲ ਇਹ ਹੈ ਕਿ ਇਹ ਦੋਸ਼ ਕਿਸੇ ਬੇਗਾਨੇ ਵੱਲੋਂ ਨਹੀਂ ਸਗੋਂ ਉਨ੍ਹਾਂ ਦੀ ਆਪਣੀ ਹੀ ਅਮਰੀਕਾ ਰਹਿੰਦੀ ਵੱਡੀ ਭੈਣ ਸੁਮਨ ਤੂਰ ਵੱਲੋਂ ਲਗਾਏ ਗਏ ਹਨ।

ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੂੰ ਸੰਬੋਧਨ ਕਰਦਿਆਂ ਸੁਮਨ ਤੂਰ ਨੇ ਰੋਂਦੇ ਹੋਏ ਪੰਜਾਬ ਦੀਆਂ ਮਾਂਵਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਕਿ ਉਹ ਸਿੱਧੂ ਨੂੰ ਇਹ ਸਵਾਲ ਕਰਨਕਿ ਉਸਨੇ ਆਪਣੀ ਮਾਂ ਅਤੇ ਆਪਣੀਆਂ ਭੈਣਾਂ ਨਾਲ ਕੀ ਕੀਤਾ।

ਸੁਮਨ ਤੂਰ ਅਨੁਸਾਰ 1986 ਵਿੱਚ ਪਿਤਾ ਸ: ਭਗਵੰਤ ਸਿੰਘ ਦੀ ਮੌਤ ਤੋਂ ਬਾਅਦ ਸਿੱਧੂ ਨੇ ਆਪਣੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ।

ਅਮਰੀਕਾ ਵਿੱਚ ਰਹਿੰਦੀ ਸਿੱਧੂ ਦੀ ਸਭ ਤੋਂ ਵੱਡੀ ਭੈਣ ਡਾ: ਸੁਮਨ ਤੂਰ ਨੇ ਕਿਹਾ ਕਿ ਸਿੱਧੂ ਨੇ ਜਾਇਦਾਦ ਕਾਰਨ ਨਾ ਕੇਵਲ ਆਪਣੀ ਮਾਂ ਨੂੰ ਆਪਣੇ ਘਰ ਤੋਂ ਬਾਹਰ ਕੀਤਾ ਸਗੋਂ 1987 ਵਿੱਚ ਇੰਡੀਆ ਟੂਡੇ ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਇਹ ਕਹਿ ਦਿੱਤਾ ਕਿ ਉਸਦੇ ਮਾਂ ਬਾਪ ਅਦਾਲਤੀ ਹੁਕਮਾਂ ਨਾਲ ਉਸ ਵੇਲੇ ਵੱਖ ਹੋ ਗਏ ਸਨ ਜਦ ਉਹ 2 ਸਾਲਾਂ ਦਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਗ਼ਲਤ ਬਿਆਨੀ ਸਿੱਧੂ ਨੇ ਜਾਇਦਾਦ ਦੇ ਚੱਕਰ ਵਿੱਚ ਕੀਤੀ ਸੀ। ਉਨ੍ਹਾਂ ਨੇ ਇਕ ਤਸਵੀਰ ਵੀ ਵਿਖ਼ਾਈ ਜਿਸ ਵਿੱਚ ਉਹ, ਉਹਨਾਂ ਦੀ ਛੋਟੀ ਭੈਣ ਅਤੇ ਸਿੱਧੂ ਆਪਣੇ ਪਿਤਾ ਅਤੇ ਤਾਏ ਦੇ ਮੁੰਡੇ ਅਮਰਜੀਤ ਸਿੰਘ ਸਿੱਧੂ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਇਹ ਦਾਅਵਾ ਕੀਤਾ ਕਿ ਤਸਵੀਰ ਅਮਰਜੀਤ ਸਿੰਘ ਸਿੱਧੂ ਦੇ ਵਿਆਹ ਸਮੇਂ ਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦਾ ਝੂਠ ਇਹ ਤਸਵੀਰ ਹੀ ਸਾਬਿਤ ਕਰ ਦਿੰਦੀ ਹੈ ਕਿਉਂਕਿ ਸਿੱਧੂ ਇਸ ਤਸਵੀਰ ਵਿੱਚ ਦੋ ਸਾਲ ਦੇ ਨਹੀਂ ਸਗੋਂ ਕਾਫ਼ੀ ਵੱਡੇ ਨਜ਼ਰ ਆ ਰਹੇ ਹਨ।

ਸੁਮਨ ਤੂਰ ਨੇ ਕਿਹਾ ਕਿ ਸਿੱਧੂ ਵੱਲੋਂ ਦਿੱਤੇ ਉਕਤ ਬਿਆਨ ਨੇ ਉਨ੍ਹਾਂ ਦੀ ਮਾਂ ਦੀ ਮਾਨਸਿਕਤਾ ’ਤੇ ਡੂੰਘੀ ਸੱਟ ਮਾਰੀ ਸੀ ਅਤੇ ਉਹਨਾਂ ਨੇ ਸਿੱਧੂ ਨੂੰ ਕਿਹਾ ਸੀ ਕਿ ਤੂੰ ਇੰਜ ਕਿਉਂ ਕੀਤਾ ਜਿਸ ’ਤੇ ਸਿੱਧੂ ਨੇ ਜਵਾਬ ਦਿੱਤਾ ਸੀ ਕਿ ਇਹ ਗੱਲ ਉਸਨੇ ਨਹੀਂ ਕਹੀ ਕਿਸੇ ਹੋਰ ਨੇ ਕਹੀ ਸੀ। ਉਹਨਾਂ ਕਿਹਾ ਕਿ ਇਹ ਗੱਲ ਕਲੀਅਰ ਕਰਨ ਲਈ ਮੇਰੀ ਮਾਂ ਨੇ ਦਿੱਲੀ ਅਦਾਲਤ ਵਿੱਚ ਕਾਰਵਾਈ ਸ਼ੁਰੂ ਕੀਤੀ ਸੀ ਪਰ ਸਿੱਧੂ ਵਾਅਦਾ ਕਰਨ ਦੇ ਬਾਵਜੂਦ ਇਸ ਕੇਸ ਲਈ ਉਨ੍ਹਾਂ ਦੇ ਨਾਲ ਨਹੀਂ ਗਏ।

ਸਿੱਧੂ ਦੀ ਭੈਣ ਨੇ ਦੱਸਿਆ ਕਿ ਸਤੰਬਰ 1989 ਵਿੱਚ ਉਨ੍ਹਾਂ ਦੀ ਮਾਤਾ ਦਿੱਲੀ ਪੇਸ਼ੀ ਲਈ ਗਿਆਂ ਦਿੱਲੀ ਰੇਲਵੇ ਸਟੇਸ਼ਨ ’ਤੇ ਹੀ ਪੂਰੀ ਹੋ ਗਈ ਅਤੇ ਉਹ ਧੀਆਂ ਪੁੱਤਰਾਂ ਦੇ ਹੁੰਦਿਆਂ ਵੀ ‘ਲਾਵਾਰਿਸ’ ਹੀ ਮਰ ਗਈ। ਉਹਨਾਂ ਕਿਹਾ ਕਿ ਉਹਨਾਂ ਦੀ ਮਾਂ ਜਾਂ ਦੋਹਾਂ ਭੈਣਾਂ ਵਿੱਚੋਂ ਕਿਸੇ ਨੇ ਵੀ ਕਦੇ ਸਿੱਧੂ ਤੋਂ ਕੁਝ ਨਹੀਂ ਮੰਗਿਆ ਇਸ ਦੇ ਬਾਵਜੂਦ ਸਿੱਧੂ ਨੇ ਕਦੇ ਉਨ੍ਹਾਂ ਨਾਲ ਸੰਬੰਧ ਨਹੀਂ ਰੱਖੇ ਅਤੇ ਇੱਥੋਂ ਤਕ ਕਿ ਉਨ੍ਹਾਂ ਦੇ ਘਰ ਵੜਣ ਤਕ ਮਨਾਹੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ‘ਲਾਵਾਰਿਸ’ ਨਹੀਂ ਸੀ ਪਰ ਸਿੱਧੂ ਦੀ ਪੈਸੇ ਦੀ ਭੁੱਖ ਕਾਰਨ ਸਾਡੀ ਮਾਂ ਲਾਵਾਰਿਸਾਂ ਵਾਂਗ ਮਰਨ ਲਈ ਮਜਬੂਰ ਹੋ ਗਈ ਜਿਸ ਲਈ ਉਹ ਇਨਸਾਫ਼ ਦੀ ਮੰਗ ਕਰ ਰਹੇ ਹਨ।

ਸਿੱਧੂ ਨੂੰ ਆਪਣੇ ਪੁੱਤਰਾਂ ਵਰਗਾ ਭਰਾ ਦੱਸਦਿਆਂ ਅਤੇ ਫੁੱਟ ਫੁੱਟ ਰੋਂਦਿਆਂ ਸੁਮਨ ਤੂਰ ਨੇ ਕਿਹਾ ਕਿ ਸਾਡੀ ਮਾਂ ਜਾਂ ਅਸੀਂ ਦੋਹਾਂ ਭੈਣਾਂ ਨੇ ਕਦੇ ਵੀ ਜਾਇਦਾਦ ਵਿੱਚੋਂਕੋਈ ਹਿੱਸਾ ਜਾਂ ਸਿੱਧੂ ਤੋਂ ਕੁਝ ਵੀ ਨਹੀਂ ਮੰਗਿਆ ਪਰ ਸਿੱਧੂ ਨੇ ਜਨਮ ਦੇਣ ਵਾਲੀ ਮਾਂ ਨੂੰ ਹੀ ਬੇਇਜ਼ਤੀ ਅਤੇ ਨਮੋਸ਼ੀ ਤੋਂ ਬਿਨਾਂ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਮਾਂ ਦੇ ਨਾਂਅ ’ਤੇ ਲੱਗਾ ਧੱਬਾ ਮਿਟ ਸਕੇ।

ਉਹਨਾਂ ਆਖ਼ਿਆ ਕਿ ਸਿੱਧੂ ਨੇ ਉਨ੍ਹਾਂ ਦਾ ਵੱਟਐਪ ਨੰਬਰ ਵੀ ਬਲਾਕ ਕੀਤਾ ਹੋਇਆ ਹੈ ਅਤੇ ਹੁਣ ਇਸ ਸਾਲ ਜਦ ਉਹ 13 ਜਨਵਰੀ ਨੂੰ ਭਾਰਤ ਪੁੱਜਣ ਤੋਂ ਬਾਅਦ 20 ਜਨਵਰੀ ਨੂੰ ਘਰ ਗਈ ਤਾਂ ਉਸਨੂੰ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ।

ਸੁਮਨ ਤੂਰ ਨੇ ਸਿੱਧੂ ਨੂੰ ਬਹਿਸ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਬਹਿਸ ਸਿੱਧੂ ਇਕੱਲੇ ਨਾਲ ਨਹੀਂ ਸਗੋਂ ਮੀਡੀਆ ਦੇ ਸਾਹਮਣੇ ਕਰਨਗੇ ਅਤੇ ਪੁੱਛਣਗੇ ਕਿ ਅਸੀਂ ਕਦੇ ਕੀ ਸਿੱਧੂ ਤੋਂ ਕੁਝ ਮੰਗਿਆ ਹੈ? ਉਹਨਾਂ ਕਿਹਾ ਕਿ ਉਨ੍ਹਾਂ ਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਇੰਡੀਆ ਟੂਡੇ ਦੀ ਇੰਟਰਵਿਊ ਵਾਲਾ ਪਰਚਾ ਹਾਸਲ ਕਰ ਲਿਆ ਹੈ ਅਤੇ ਸਿੱਧੂ ਨੂੰ ਕਹਿਣਗੇ ਕਿ ਤੂੰ ਇਹ ਸਾਬਿਤ ਕਰ ਕਿ ਤੇਰੇ ਮਾਂ ਬਾਪ ਦਾ ਤੇਰੀ 2 ਸਾਲ ਦੇ ਉਮਰ ਵਿੱਚ ਤੋੜ ਵਿਛੋੜਾ ਹੋ ਗਿਆ ਸੀ।

ਉਹਨਾਂ ਇਹ ਵੀ ਦੱਸਿਆ ਕਿ ਮੇਰੀ ਭੈਣ ਨੀਲਮ ਮਹਾਜਨ ਦੀ ਮੌਤ ਵੀ 2013 ਵਿੱਚ ਹੋ ਗਈ ਸੀ ਪਰ ਸਿੱਧੂ ਕਦੇ ਕਿਸੇ ਪਰਿਵਾਰਕ ਮੈਂਬਰ ਦੇ ਦੁੱਖ ਸੁੱਖ ਵਿੱਚ ਸ਼ਰੀਕ ਨਹੀੀ ਹੋਇਆ।

ਸੁਮਨ ਤੂਰ ਨੇ ਕਿਹਾ ਕਿ ਸਿੱਧੂ ਉਨ੍ਹਾਂ ਦੀ ਮਾਂ ਸ੍ਰੀਮਤੀ ਨਿਰਮਲ ਅਤੇ ਪਿਤਾ ਸ: ਭਗਵੰਤ ਸਿੰਘ ਦਾ ਨਾਂਅ ਵਰਤਣਾ ਬੰਦ ਕਰੇ।

ਪੱਤਰਕਾਰਾਂ ਵੱਲੋਂ ਉਨ੍ਰਾਂ ਦੇ ਇਸ ਖ਼ੁਲਾਸੇ ਦੀ ਟਾਈਮਿੰਗ ਬਾਰੇ ਕੀਤੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ 20 ਜਨਵਰੀ ਨੂੰ ਉਨ੍ਹਾਂ ਨੂੰ ਘਰ ਨਾ ਵੜਣ ਦੇਣ ਤੋਂ ਬਾਅਦ ਉਹ ਰੁਕ ਨਹੀਂ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਪਾਰਟੀ ਜਾਂ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣਾ ਹੀ ਢਿੱਡ ਨੰਗਾ ਕਰਨਾ ਚੰਗਾ ਤਾਂ ਨਹੀਂ ਲੱਗਿਆ ਅਤੇ ਨਾ ਹੀ ਆਪਣਾ ਹੀ ਢਿੱਡ ਨੰਗਾ ਕਰਨ ਦਾ ਕੋਈ ਸਮਾਂ ਹੁੰਦਾ ਹੈ।

ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸਿੱਧੂ ਦੀ ਪਤਨੀ ਡਾ:ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸ: ਸਿੱਧੂ ਦੇ ਪਿਤਾ ਦੇ ਦੋ ਵਿਆਹ ਸਨ ਅਤੇ ਉਨ੍ਹਾਂ ਦੇ ਪਹਿਲੇ ਵਿਆਹ ਵਿੱਚੋਂ ਦੋ ਬੇਟੀਆਂ ਸਨ ਪਰ ਇਹ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਅਤੇ ਉਹ ਉਨ੍ਹਾਂ ਦੋ ਭੈਣਾਂ ਨੂੰ ਨਹੀਂ ਜਾਣਦੇ।