ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਰਾਹੁਲ ਗਾਂਧੀ ’ਤੇ ਫੁੱਲਾਂ ਦੀ ਵਰਖ਼ਾ, ਕਾਂਗਰਸ ਦੇ ਝੰਡੇ ਲਹਿਰਾਉਣ ’ਤੇ ਸਵਾਲ ਉੱਠੇ

0
372

ਚੰਡੀਗੜ੍ਹ, 27 ਜਨਵਰੀ, 2022:ਪੰਜਾਬ ਵਿੱਚ ਕਾਂਗਰਸ ਦੀ ਚੋਣ ਮੁਹਿੰਮ ਦਾ ਆਗਾਜ਼ ਕਰਕੇ ਪਾਰਟੀ ਦੇ ਚੋਣ ਪ੍ਰਚਾਰ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਇਕ ਰੋਜ਼ਾ ਪੰਜਾਬ ਫ਼ੇਰੀ ’ਤੇ ਪੁੱਜੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਸਵਾਗਤ ਲਈ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਉਨ੍ਹਾਂ ’ਤੇ ਫੁੱਲਾਂ ਦੀ ਵਰਖ਼ਾ ਕੀਤੇ ਜਾਣ ਅਤੇ ਗਲਿਆਰੇ ਦੇ ਅੰਦਰ ਹੀ ਕਾਂਗਰਸ ਅਤੇ ਐਨ.ਐਸ.ਯੁੂ.ਆਈ. ਦੇ ਝੰਡੇ ਲਹਿਰਾਏ ਜਾਣ ’ਤੇ ਸਵਾਲ ਉੱਠਣ ਲੱਗੇ ਹਨ।

ਵੀਰਵਾਰ ਦੁਪਹਿਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸ੍ਰੀ ਰਾਹੁਲ ਗਾਂਧੀ ਦੇ ਪੁੱਜਣ ਤੋਂ ਪਹਿਲਾਂ ਪਾਰਟੀ ਦੇ ਸਾਰੇ ਉਮੀਦਵਾਰ ਅਤੇ ਹੋਰ ਸੀਨੀਅਰ ਆਗੂ ਬੱਸਾਂ ਰਾਹੀਂ ਗਲਿਆਰੇ ਵਿਖ਼ੇ ਪਹੁੰਚ ਗਏ ਸਨ ਅਤੇ ਸ੍ਰੀ ਰਾਹੁਲ ਗਾਂਧੀ ਦੇ ਪੁੱਜਣ ਦਾ ਇੰਤਜ਼ਾਰ ਕਰ ਰਹੇ ਸਨ।

ਜਿਸ ਵਰਤਾਰੇ ਦੀ ਗੱਲ ਕੀਤੀ ਜਾ ਰਹੀ ਹੈ, ਉਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ, ਪਾਰਟੀ ਦੇ ਸੰਸਦ ਮੈਂਬਰ, ਮੰਤਰੀ ਅਤੇ ਪਾਰਟੀ ਦੇ 2022 ਚੋਣਾਂ ਲਈ ਉਮੀਦਵਾਰ ਹਾਜ਼ਰ ਸਨ।

ਸ੍ਰੀ ਰਾਹੁਲ ਗਾਂਧੀ ਦੇ ਗਲਿਆਰੇ ਵਿੱਚ ਪੁੱਜਣ ’ਤੇ ਉਨ੍ਹਾਂ ਦੀ ਗਲਿਆਰੇ ਵਿੱਚ ਐਂਟਰੀ ਤੋਂ ਲੈ ਕੇ ਉਨ੍ਹਾਂ ਦੇ ਦਰਸ਼ਨੀ ਡਿਉਢੀ ਰਾਹੀਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਤੋਂ ਥੋੜ੍ਹੀ ਹੀ ਦੂਰ ਪਹਿਲਾਂ ਤਕ ਉਨ੍ਹਾਂ ’ਤੇ ਫੁੱਲਾਂ ਦੀ ਵਰਖ਼ਾ ਕੀਤੀ ਗਈ ਅਤੇ ਇਸ ਸਮੇਂ ਕੁਝ ਉਤਸ਼ਾਹੀ ਕਾਂਗਰਸੀ ਹੱਥਾਂ ਵਿੱਚ ਕਾਂਗਰਸ ਅਤੇ ਐਨ.ਐਸ.ਯੂ.ਆਈ.ਦੇ ਝੰਡੇ ਲੈੇ ਕੇ ਲਹਿਰਾਉਂਦੇ ਨਜ਼ਰ ਆਏ।

ਸਮਝਿਆ ਜਾਂਦਾ ਹੈ ਕਿ ਇਹ ਪਹਿਲਾ ਮੌਕਾ ਹੈ ਜਦ ਕਿਸੇ ਵੀ ਪਾਰਟੀ ਜਾਂ ਸੰਸਥਾ ਦੇ ਕਿਸੇ ਪ੍ਰਮੁੱਖ ਆਗੂ ਦੇ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜਿਆਂ ਗਲਿਆਰੇ ਵਿੱਚ ਦਾਖ਼ਲ ਹੋਣ ਤੋਂ ਲੈ ਕੇ ਦਰਸ਼ਨੀ ਡਿਉਢੀ ਰਾਹੀਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖ਼ਲ ਹੋਣ ਤਕ ਫੁੱਲਾਂ ਦੀ ਵਰਖ਼ਾ ਕੀਤੀ ਗਈ ਹੋਵੇ ਜਾਂ ਫ਼ਿਰ ਕਿਸੇ ਪਾਰਟੀ ਦੇ ਝੰਡੇ ਗਲਿਆਰੇ ਦੇ ਅੰਦਰ ਲਿਜਾਏ ਅਤੇ ਲਹਿਰਾਏ ਗਏ ਹੋਣ।

ਇਕ ਸ਼ਰਧਾਲੂ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ, ਜੋ ਜਿੱਡਾ ਮਰਜ਼ੀ ਵੱਡਾ ਹੋਵੇ, ਜਦ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦਾ ਹੈ ਤਾਂ ਉਸਨੂੰ ਨਿਮਰਤਾ ਨਾਲ ਆਉਣਾ ਚਾਹੀਦਾ ਹੈ ਅਤੇ ਉਸਦਾ ਸਵਾਗਤ ਕਰਨ ਵਾਲਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸਦਾ ਸਵਾਗਤ ਹਵਾਈ ਅੱਡੇ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਤਕ ਦੇ ਰਸਤੇ ਵਿੱਚ ਕਿਤੇ ਵੀ ਕੀਤਾ ਜਾ ਸਕਦਾ ਹੈ, ਪਰ ਗਲਿਆਰੇ ਵਿੱਚ ਅਤੇ ਦਰਸ਼ਨੀ ਡਿਉਢੀ ਦੇ ਸਾਹਮਣੇ ਤਕ ਕਿਸੇ ਰਾਜਸੀ ਆਗੂ ’ਤੇ ਫੁੱਲਾਂ ਦੀ ਵਰਖ਼ਾ ਅਤੇ ਰਾਜਸੀ ਪਾਰਟੀਆਂ ਦੇ ਝੰਡਿਆਂ ਨੂੰ ਇੱਥੇ ਤਕ ਲੈ ਆਉਣਾ ਸਹੀ ਨਹੀਂ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਜੇ ਇਹ ਪਿਰਤ ਬਣ ਗਈ ਤਾਂ ਫ਼ਿਰ ਇਹ ਹਰ ਪਾਰਟੀ ਲਈ ਖੁਲ੍ਹੀ ਗੱਲ ਹੋ ਜਾਵੇਗੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਆਗੂਆਂ ਦਾ ਸਵਾਗਤ ਫੁੱਲਾਂ ਦੀ ਵਰਖ਼ਾ ਨਾਲ ਅਤੇ ਝੰਡੇ ਲਹਿਰਾ ਕੇ ਪਾਰਟੀ ਦੀ ਹਾਜ਼ਰੀ ਲੁਆਉਣ ਜਾਂ ਫ਼ਿਰ ਸ਼ਕਤੀ ਪ੍ਰਦਰਸ਼ਨ ਵਾਲੀ ਗੱਲ ਹੋ ਜਾਵੇਗੀ ਜੋ ਕਿ ਇਕ ਸਹੀ ਪਿਰਤ ਨਹੀਂ ਹੋਵੇਗੀ।

ਇਕ ਹੋਰ ਸ਼ਰਧਾਵਾਨ ਨੇ ਕਿਹਾ ਕਿ ਆਗੂਆਂ ਅਤੇ ਵਰਕਰਾਂ ਨੂੰ ਗਲਿਆਰੇ ਨੂੰ ਰਾਜਨੀਤਕ ਸਰਗਰਮੀ ਤੋਂ ਮੁਕਤ ਹੀ ਰੱਖਣਾ ਚਾਹੀਦਾ ਹੈ ਕਿਉਂਕਿ ਗਲਿਆਰਾ ਦਰਅਸਲ ਸ੍ਰੀ ਦਰਬਾਰ ਸਾਹਿਬ ਦਾ ਐਂਟਰੀ ਪੁਆਇੰਟ ਹੀ ਹੈ।

ਉਂਜ ਜ਼ਿਕਰਯੋਗ ਹੈ ਕਿ ਸ੍ਰੀ ਰਾਹੁਲ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਨਮਤਸਤਕ ਹੋਣ ਸਮੇਂ ਆਪਣੇ ਸੁਰੱਖ਼ਿਆ ਕਰਮੀਆਂ ਨੂੰ ਬਾਹਰ ਛੱਡ ਦਿੱਤਾ ਅਤੇ ਲੰਗਰ ਹਾਲ ਵਿੱਚ ਜਾ ਕੇ ਸੰਗਤ ਵਿੱਚ ਬੈਠ ਕੇ ਲੰਗਰ ਛਕਿਆ। ਇਸ ਤੋਂ ਬਾਅਦ ਉਹ ਜਲਿ੍ਹਆਂ ਵਾਲਾ ਬਾਗ ਗਏ। ਇਸ ਮਗਰੋਂ ਉਹ ਸ੍ਰੀ ਦੁਰਗਿਆਨਾ ਮੰਦਰ ਅਤੇ ਸ੍ਰੀ ਰਾਮ ਤੀਰਥ ਵਿਖ਼ੇ ਵੀ ਨਤਮਸਤਕ ਹੋਏ।