ਕੈਨੇਡਾ-ਅਮਰੀਕਾ ਸਰਹੱਦ ’ਤੇ ਭਾਰਤੀਆਂ ਦੀ ਮੌਤ ਦਾ ਮਾਮਲਾ: PM ਟਰੂਡੋ ਨੇ ਕਿਹਾ- ‘ਦਿਲ ਦਹਿਲਾਉਣ ਵਾਲੀ’ ਤ੍ਰਾਸਦੀ

0
328

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਨੁੱਖੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਅਮਰੀਕਾ ਨਾਲ ਬਹੁਤ ਹੀ ਨੇੜਿਓਂ ਕੰਮ ਕਰ ਰਹੀ ਹੈ। ਉਨ੍ਹਾਂ ਦਾ ਇਹ ਬਿਆਨ ਅਮਰੀਕਾ ਨਾਲ ਲੱਗਦੀ ਕੈਨੇਡੀਅਨ ਸਰਹੱਦ ’ਤੇ ਕੜਾਕੇ ਦੀ ਠੰਢ ਕਾਰਨ 1 ਬੱਚੇ ਸਮੇਤ 4 ਭਾਰਤੀਆਂ ਦੀ ਮੌਤ ਤੋਂ ਇਕ ਦਿਨ ਬਾਅਦ ਆਇਆ ਹੈ। ਮਰਨ ਵਾਲੇ ਸਾਰੇ ਇਕ ਹੀ ਪਰਿਵਾਰ ਦੇ ਸਨ।

ਇਸ ਘਟਨਾ ਨੂੰ ‘ਦਿਲ ਦਹਿਲਾਉਣ ਵਾਲੀ’ ਤ੍ਰਾਸਦੀ ਕਰਾਰ ਦਿੰਦੇ ਹੋਏ, ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡੀਅਨ ਸਰਕਾਰ ਅਮਰੀਕੀ ਸਰਹੱਦ ਪਾਰੋਂ ਲੋਕਾਂ ਦੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਟਰੂਡੋ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ, ‘ਇਹ ਪੂਰੀ ਤਰ੍ਹਾਂ ਨਾਲ ਦਿਲ ਦਹਿਲਾ ਦੇਣ ਵਾਲੀ ਕਹਾਣੀ ਹੈ। ਕਿਸੇ ਪਰਿਵਾਰ ਨੂੰ ਇਸ ਤਰ੍ਹਾਂ ਮਰਦੇ ਦੇਖਣਾ ਬੇਹੱਦ ਤ੍ਰਾਸਦੀ ਹੈ।’ ਉਨ੍ਹਾਂ ਕਿਹਾ, ‘ਇਹੀ ਕਾਰਨ ਹੈ ਕਿ ਅਸੀਂ ਲੋਕਾਂ ਨੂੰ ਅਨਿਯਮਿਤ ਜਾਂ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਅਜਿਹਾ ਕਰਨ ਵਿਚ ਵੱਡੇ ਖ਼ਤਰੇ ਹਨ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਤਸਕਰੀ ਨੂੰ ਰੋਕਣ ਅਤੇ ਲੋਕਾਂ ਨੂੰ ‘ਅਸਵੀਕਾਰਨਯੋਗ ਜੋਖ਼ਮ ਲੈਣ’ ਤੋਂਂਰੋਕਣ ਲਈ ਅਮਰੀਕਾ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਕੈਨੇਡੀਅਨ ਅਧਿਕਾਰੀਆਂ ਅਨੁਸਾਰ, ਇਹ ਘਟਨਾ ਅਸਾਧਾਰਨ ਸੀ ਕਿਉਂਕਿ ਗੈਰ-ਕਾਨੂੰਨੀ ਪ੍ਰਵਾਸੀ ਆਮ ਤੌਰ ’ਤੇ ਅਮਰੀਕਾ ਤੋਂ ਕੈਨੇਡਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ, ਨਾ ਕਿ ਇੱਥੋਂ ਉੱਥੇ ਜਾਣ ਦੀ। ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ਵਿਚ ਡੋਨਾਲਡ ਟਰੰਪ ਦੀ ਚੋਣ ਤੋਂ ਬਾਅਦ 2016 ਵਿਚ ਕੈਨੇਡਾ ਵਿਚ ਪੈਦਲ ਸਰਹੱਦ ਪਾਰ ਕਰਨ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਮੈਨੀਟੋਬਾ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐਮ.ਪੀ.) ਨੇ ਕਿਹਾ ਕਿ 4 ਲੋਕਾਂ ਦੀਆਂ ਲਾਸ਼ਾਂ- ਦੋ ਬਾਲਗ, ਇਕ ਕਿਸ਼ੋਰ ਅਤੇ ਇਕ ਬੱਚਾ – ਦੱਖਣੀ ਮੱਧ ਮੈਨੀਟੋਬਾ ਵਿਚ ਐਮਰਸਨ ਖੇਤਰ ਦੇ ਨੇੜੇ ਅਮਰੀਕਾ/ਕੈਨੇਡਾ ਸਰਹੱਦ ਦੇ ਕੈਨੇਡੀਅਨ ਪਾਸਿਓਂ ਮਿਲੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਪਰਿਵਾਰ ਗੁਜਰਾਤੀ ਸੀ ਅਤੇ ਅੱਤ ਦੀ ਠੰਢ ਕਾਰਨ ਉਨ੍ਹਾਂ ਦੀ ਮੌਤ ਹੋ ਗਈ।