ਕਾਬੁਲ, ਅਫ਼ਗਾਨਿਸਤਾਨ, 19 ਜਨਵਰੀ 2022:ਕਾਬੁਲ ਦੇ ਗੁਰਦੁਆਰਾ ਹਰਿ ਰਾਏ ਸਾਹਿਬ ਵਿੱਚ ਗੋਲੀਬਾਰੀ ਕਰਕੇ 27 ਅਫ਼ਗਾਨ ਸਿੱਖਾਂ ਨੂੂੰ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ ਦੇ ਮਾਸਟਰਮਾਈਂਡ ਅਤੇ ਇਸਲਾਮਿਕ ਸਟੇਟ ਖ਼ੁਰਾਸਾਨ (ਆਈ.ਐੱਸ.ਕੇ.) ਦੇ ਇਕ ਪਮੁੱਖ ਸਾਬਕਾ ਆਗੂ ਅਸਲਮ ਫ਼ਾਰੂਕੀ ਦੀ ਉੱਤਰੀ ਅਫ਼ਗਾਨਿਸਤਾਨ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਯਾਦ ਰਹੇ ਕਿ 25 ਮਾਰਚ, 2020 ਨੂੰ ਹਥਿਆਰਬੰਦਾਂ ਵੱਲੋਂ ਕਾਬੁਲ ਦੇ ਗੁਰਦੁਆਰਾ ਵਿਖ਼ੇ ਕੀਤੀ ਗਈ ਗੋਲੀਬਾਰੀ ਦੌਰਾਨ 27 ਅਫ਼ਗਾਨ ਸਿੱਖਾਂ ਦੀ ਮੌਤ ਹੋ ਗਈ ਸੀ ਜਦਕਿ 60 ਦੇ ਕਰੀਬ ਜ਼ਖ਼ਮੀ ਹੋ ਗਏ ਸਨ।
ਮਾਮੋਜ਼ਈ ਕਬੀਲੇ ਨਾਲ ਸੰਬੰਧਤ ਅਸਲਮ ਫ਼ਾਰੂਕੀ ਪਾਕਿਸਤਾਨ ਦੇ ਹਿੰ ਸਾ ਪ੍ਰਭਾਵਿਤ ਉਰਕਜ਼ਈ ਇਲਾਕੇ ਦਾ ਰਹਿਣ ਵਾਲਾ ਸੀ।
ਉਸ ਦੀ ਮੌਤ ਦੀ ਪੁਸ਼ਟੀ ਉਸਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਕੀਤੀ ਹੈ ਹਾਲਾਂਕਿ ਇਸ ਬਾਰੇ ਵੱਖ ਵੱਖ ਗੱਲਾਂ ਸਾਹਮਣੇ ਆ ਰਹੀਆਂ ਹਨ ਉਹ ਕਿਸ ਨਾਲ ਝੜਪ ਵਿੱਚ ਮਾਰਿਆ ਗਿਆ। ਕੁਝ ਲੋਕ ਉਸਦੀ ਆਪਣੀ ਹੀ ਜੱਥੇਬੰਦੀ ਵਿੱਚ ਹੋਈ ਅੰਦਰੂਨੀ ਝੜਪ ਦੌਰਾਨ ਫ਼ਾਰੂਕੀ ਦੇ ਮਾਰੇ ਜਾਣ ਦੀ ਗੱਲ ਕਹਿ ਰਹੇ ਹਨ ਜਦਕਿ ਦੂਜੇ ਬੰਨੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਅਤੇ ਉਸਦੇ ਸਾਥੀ ਨਵੀਂ ਬਣੀ ਅਫ਼ਗਾਨ ਸਰਕਾਰ ਵੱਲੋਂ ਅਪਰਾਧਕ ਤੱਤਾਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਦੌਰਾਨ ਸੁਰੱਖ਼ਿਆ ਅਮਲੇ ਨਾਲ ਉਲਝ ਪਿਆ ਅਤੇ ਮਾਰਿਆ ਗਿਆ।