ਅਮਰੀਕਾ ਵਿਚ ਸੜਕ ਹਾਦਸੇ ’ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

0
297

ਅਮਰੀਕਾ ਵਿਚ ਵਾਪਰੇ ਇਕ ਸੜਕ ਹਾਦਸੇ ’ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਪਰਿਵਾਰ ਜਦੋਂ ਲੋਹੜੀ ਦੀਆਂ ਖੁਸ਼ੀਆਂ ਮਨਾ ਰਿਹਾ ਸੀ ਤਾਂ ਇਸ ਦਰਦਨਾਕ ਖ਼ਬਰ ਨਾਲ ਇਲਾਕੇ ’ਚ ਸੋਗ ਫੈਲ ਗਿਆ। ਇਹ ਦੋਵੇਂ ਨੌਜਵਾਨ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਲੱਖਣ ਕੇ ਪੱਡਾ ਅਤੇ ਲਿੱਟਾਂ ਦੇ ਰਹਿਣ ਵਾਲੇ ਸਨ। ਲੱਖਣ ਕੇ ਪੱਡਾ ਦੇ ਬਲਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਅਤੇ ਲਿੱਟਾਂ ਪਿੰਡ ਦੇ ਸੁਖਜੀਤ ਸਿੰਘ (30) ਪੁੱਤਰ ਨਰਿੰਦਰ ਸਿੰਘ ਲੰਘੀ ਸ਼ਾਮ ਅਮਰੀਕਾ ਵਿਚ ਇਕੋ ਗੱਡੀ ’ਚ ਜਾ ਰਹੇ ਸਨ।

ਇਹ ਹਾਦਸਾ ਉਨ੍ਹਾਂ ਦੇ ਘਰ ਤੋਂ ਮਹਿਜ਼ ਦੋ ਕਿਲੋਮੀਟਰ ਦੀ ਦੂਰੀ ’ਤੇ ਵਾਪਰਿਆ। ਕੈਲੀਫੋਰਨੀਆ ਵਿਚ ਰਹਿੰਦੇ ਇਹ ਨੌਜਵਾਨ ਲੰਬੇ ਸਮੇਂ ਤੋਂ ਉੱਥੇ ਗਏ ਹੋਏ ਸਨ। ਸੁਖਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 2010 ਵਿੱਚ ਅਮਰੀਕਾ ਗਿਆ ਸੀ। ਉੱਥੇ ਦੋ ਸਾਲ ਬਾਅਦ ਹੀ ਉਸ ਦਾ ਵਿਆਹ ਹੋ ਗਿਆ ਸੀ। ਉਸ ਦਾ ਨੌਂ ਸਾਲ ਦਾ ਇਕ ਬੇਟਾ ਵੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਸੁਖਜੀਤ ਸਿੰਘ ਨੇ 12 ਸਾਲਾਂ ਬਾਅਦ ਪੰਜਾਬ ਆਉਣਾ ਸੀ ਅਤੇ ਉਸ ਦੀ ਫਲਾਈਟ 17 ਤੇ 18 ਜਨਵਰੀ ਦੀ ਦਰਮਿਆਨੀ ਰਾਤ ਨੂੰ ਉਤਰਨੀ ਸੀ। ਇਨ੍ਹਾਂ ਨੌਜਵਾਨਾਂ ਦੀ ਮੌਤ ਬਾਰੇ ਸੁਣ ਕੇ ਇਲਾਕੇ ਵਿਚ ਵੀ ਸੋਗ ਦਾ ਮਾਹੌਲ ਹੈ। ਸੁਖਜੀਤ ਸਿੰਘ ਦੇ ਪਿਤਾ ਨਰਿੰਦਰ ਸਿੰਘ ਚੀਮਾ ਤੇ ਮਾਤਾ ਅਮਰੀਕਾ ਲਈ ਰਵਾਨਾ ਹੋ ਗਏ ਹਨ।