ਭਾਜਪਾ ਆਗੂਆਂ ਨੇ ਡੇਰਾ ਸਿਰਸਾ ਦੇ ਸਮਾਗਮ ਵਿੱਚ ਭਰੀ ਹਾਜ਼ਰੀ

0
251

ਡੇਰਾ ਪ੍ਰੇਮੀਆਂ ਵੱਲੋਂ ਡੇਰਾ ਸਿਰਸਾ ਦੇ ਦੂਜੇ ਮੁਖੀ ਸ਼ਾਹ ਸਤਿਨਾਮ ਦੇ ਜਨਮ ਦਿਨ ਸਬੰਧੀ ਅੱਜ ਪੰਜਾਬ ਵਿਚਲੇ ਆਪਣੇ ਹੈੱਡਕੁਆਰਟਰ ਡੇਰਾ ਸਲਾਬਤਪੁਰਾ ’ਚ ਵੱਡਾ ਇਕੱਠ ਕਰਕੇ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ ਗਿਆ। ਇਸ ਸਮਾਗਮ ’ਚ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ, ਸੁਰਜੀਤ ਕੁਮਾਰ ਜਿਆਣੀ, ਮੋਹਨ ਲਾਲ ਗਰਗ ਨੇ ਸ਼ਿਰਕਤ ਕੀਤੀ। ਭਾਵੇਂ ਡੇਰਾ ਪ੍ਰਬੰਧਕਾਂ ਵੱਲੋਂ ਇਸ ਇਕੱਠ ਨੂੰ ਧਾਰਮਿਕ ਸਮਾਗਮ ਦੱਸਿਆ ਗਿਆ ਪਰ ਰਾਜਨੀਤਕ ਹਲਕੇ ਇਸ ਨੂੰ ਪੰਜਾਬ ਵਿੱਚ ਫਰਵਰੀ ਮਹੀਨੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਅਜਿਹੇ ਵਿੱਚ ਡੇਰਾ ਪ੍ਰੇਮੀਆਂ ਦਾ ਇਹ ਇਕੱਠ ਕਾਫੀ ਅਹਿਮ ਸਮਝਿਆ ਜਾ ਰਿਹਾ ਹੈ। ਇਸ ਇਕੱਠ ‘ਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀਆਂ ਨੇ ਭਾਗ ਲਿਆ।

ਡੇਰਾ ਪ੍ਰੇਮੀਆਂ ਨੇ ਹੱਥ ਖੜ੍ਹੇ ਕਰਕੇ ਡੇਰਾ ਸਿਰਸਾ ਪ੍ਰਤੀ ਦ੍ਰਿੜ ਵਿਸ਼ਵਾਸ, ਆਪਸੀ ਏਕਤਾ ਕਾਇਮ ਰੱਖਣ ਤੇ ਭਲਾਈ ਕਾਰਜਾਂ ਵਿੱਚ ਡਟੇ ਰਹਿਣ ਦਾ ਪ੍ਰਣ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਡੇਰਾ ਮਾਨਵਤਾ ਭਲਾਈ ਦੇ ਲਾਮਿਸਾਲ ਕਾਰਜ ਕਰ ਰਿਹਾ ਹੈ ਅਤੇ ਡੇਰੇ ਦੀ ਬਦੌਲਤ ਹੀ ਲੱਖਾਂ ਲੋਕ ਨਸ਼ਾ ਮੁਕਤ ਹੋਏ ਹਨ। ਡੇਰੇ ਦੀ 45 ਮੈਂਬਰੀ ਕਮੇਟੀ ਦੇ ਨੁਮਾਇੰਦੇ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਅੱਜ ਦੇ ਸਮਾਗਮ ਦਾ ਵੋਟਾਂ ਨਾਲ ਕੋਈ ਲੈਣ ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਵੋਟਾਂ ਤਾਂ ਪੰਜ ਸਾਲ ਬਾਅਦ ਆਉਂਦੀਆਂ ਹਨ ਪਰ ਡੇਰੇ ਵੱਲੋਂ ਹਰ ਸਾਲ ਆਪਣੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਤੇ ਇਹ ਸਮਾਗਮ ਵੀ ਉਨ੍ਹਾਂ ਵਿਚੋਂ ਇਕ ਹੈ।

ਸਮਾਗਮ ਵਿਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਡੇਰਾ ਮੁਖੀ ਦੇ ਕੁੜਮ ਹਰਮੰਦਰ ਸਿੰਘ ਜੱਸੀ ਵੀ ਸ਼ਾਮਲ ਹੋਏ। ਡੇਰੇ ਦੇ ਸਿਆਸੀ ਵਿੰਗ ਦੇ ਮੈਂਬਰ ਚੇਅਰਮੈਨ ਰਾਮ ਸਿੰਘ ਇੰਸਾਂ ਤੇ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਡੇਰੇ ਵੱਲੋਂ ਮਾਨਵਤਾ ਦੀ ਭਲਾਈ ਲਈ ਜੋ ਕਾਰਜ ਚਲਾਏ ਜਾ ਰਹੇ ਹਨ, ਉਨ੍ਹਾਂ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਕਰਨੀ ਡੇਰੇ ਦਾ ਮੁੱਖ ਉਦੇਸ਼ ਹੈ ਤੇ ਡੇਰੇ ਦੀ ਸੰਗਤ ਲਗਾਤਾਰ ਇਹ ਕਾਰਜ ਕਰ ਰਹੀ ਹੈ। ਇਸ ਮੌਕੇ 53 ਲੋੜਵੰਦਾਂ ਨੂੰ ਕੰਬਲ, 21 ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, 25 ਲੋੜਵੰਦਾਂ ਨੂੰ ਰਾਸ਼ਨ, 3 ਲੋੜਵੰਦਾਂ ਨੂੰ ਟਰਾਈਸਾਈਕਲ ਤੇ 2 ਲੋੜਵੰਦ ਪਰਿਵਾਰਾਂ ਨੂੰ ਮਕਾਨਾਂ ਦੀ ਚਾਬੀ ਸੌਂਪੀ ਗਈ।