ਬੇਅਦਬੀ ਦੀਆਂ ਕਾਰਵਾਈਆਂ ਵਾਰ ਵਾਰ ਵਾਪਰਨਾ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ : ਸੁਖਬੀਰ

0
218

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਿੱਖ ਧਰਮ ਦੇ ਖਿਲਾਫ ਬੇਅਦਬੀ ਦੀਆਂਅ ਬਹੁਤ ਪੀੜ੍ਹਾਦਾਇਕ ਘਟਨਾਵਾਂ ਦਾ ਵਾਰ ਵਾਰ ਵਾਪਰਨਾ ਇਕ ਡੂੰਘੀ ਸਾਜ਼ਿਸ਼ ਵੱਲੋਂ ਸਪਸ਼ਟ ਇਸ਼ਾਰਾ ਕਰਦਾ ਹੈ। ਇੱਥੇ ਅਕਾਲੀ ਦਲ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਤੇ ਮਾਨਸਾ ਤੋਂ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਦੇ ਹੱਕ ਵਿਚ ਵਿਸ਼ਾਲ ਇਕੱਠਾਂ ਨੁੰ ਸੰਬੋਧਨ ਕਰਨ ਤੋਂ ਬਾਅਦ ਪੰਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੇਂਦਰ ਤੇ ਰਾਜ ਸਰਕਾਰਾਂ ਨੁੰ ਆਖਿਆ ਕਿ ਉਹ ਇਸ ਸਾਜ਼ਿਸ਼ ਪਿਛਲੇ ਅਨਸਰਾਂ ਦੀ ਸ਼ਨਾਖ਼ਤ ਕਰਨ, ਉਹਨਾਂ ਨੂੰ ਬੇਨਕਾਬ ਕਰਨ ਅਤੇ ਸਜ਼ਾ ਦੇਣ ਦੀ ਕਾਰਵਾਈ ਵਿਚ ਆਪਣੀ ਸੰਜੀਦਗੀ ਤੇ ਫੁਰਤੀ ਵਿਖਾਉਣ।

ਉਹਨਾਂ ਕਿਹਾ ਕਿ ਹੁਣ ਤੱਕ ਉਹਨਾਂ ਦੇ ਰਵੱਈਏ ਨਾਲ ਆਸ ਮੁਤਾਬਕ ਕਾਰਵਾਈ ਨਜ਼ਰੀਂ ਨਹੀਂ ਆਈ ਕਿਉਂਕਿ ਮੌਜੂਦਾ ਸ਼ਾਸਕਾਂ ਦੇ ਮਨਾਂ ਵਿਚ ਅਸਲ ਦੋਸ਼ੀਆਂ ਨੂੰ ਫੜ੍ਹਨ ਦੀ ਥਾਂ ਰਾਜਨੀਤੀ ਜ਼ਿਆਦਾ ਭਾਰੂ ਹੈ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੋ ਇਹ ਕਦੇ ਨਾ ਭੁੱਲਣ ਵਾਲੀਆਂ ਨਫਰਤ ਭਰੀਆਂ ਕਾਰਵਾਈਆਂ ਕਰਵਾ ਰਹੇ ਹਨ, ਹੋਰ ਦਲੇਰ ਹੋ ਗਏ ਹਨ ਕਿਉਂਕਿ ਪੰਜਾਬ ਵਿਚ ਕਾਂਗਰਸ ਲੀਡਰਸ਼ਿਪ ਤੇ ਸਰਕਾਰ ਨੇ ਇਸ ਸਭ ਤੋਂ ਸੰਵੇਦਨਸ਼ੀਲ ਮੁੱਦੇ ’ਤੇ ਗੰਦੀ ਅਤੇ ਖਤਰਨਾਕ ਰਾਜਨੀਤੀ ਖੇਡਣ ਵਿਚ ਪੰਜ ਸਾਲ ਬਰਬਾਦ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਬਜਾਏ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਅਸਲ ਦੋਸ਼ੀਆਂ ਤੇ ਸਾਜ਼ਿਸ਼ਕਾਰਾਂ ਦੇ ਖਿਲਾਫ ਕਾਰਵਾਈ ਕਰਨ ਦੇ, ਕਾਂਗਰਸੀ ਆਗੂ ਤੇ ਸਰਕਾਰ ਇਹਨਾਂ ਤ੍ਰਾਸਦੀ ਭਰੀਆਂ ਘਟਨਾਵਾਂ ਲਈ ਸਿਰਫ ਸਿਆਸੀ ਵਿਰੋਧੀਆਂ ਖਿਲਾਫ ਦੂਸ਼ਣਬਾਜ਼ੀ ਵਿਚ ਰੁੱਝੇ ਹੋਏ ਹਨ।

ਉਹਨਾਂ ਕਿਹਾ ਕਿ ਇਸ ਰਵੱਈਏ ਕਾਰਨ ਅਸਲ ਦੋਸ਼ੀ ਆਜ਼ਾਦ ਘੁੰਮ ਰਹੇ ਹਨ। ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਅਤੇ ਕਪੂਰਥਲਾ ਦੀਆਂ ਘਟਨਾਵਾਂ ਦੇ ਅਸਲ ਦੋਸ਼ੀ ਵੀ ਫਰਾਰ ਹੋ ਗਏ ਹੁੰਦੇ ਜੇਕਰ ਸ਼੍ਰੋਮਣੀ ਕਮੇਟੀ ਅਤੇ ਸ਼ਰਧਾਲੂ ਚੌਕਸ ਨਾ ਹੁੰਦੇ। ਤਲਵੰਡੀ ਸਾਬੋ ਕਾਨਫਰੰਸ ਬਾਰੇ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੇ ਆਪਣੇ ਸਿਆਸੀ ਜੀਵਨ ਵਿਚ ਕਦੇ ਵੀ ਇਕ ਹਲਕੇ ਵਿਚੋਂ ਇੰਨਾ ਵੱਡਾ ਇਕੱਠ ਨਹੀਂ ਵੇਖਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਮਾਨਸਾ ਵਿਚ 500 ਬੈਡਾਂ ਦਾ ਮੈਡੀਕਲ ਕਾਲਜ ਤੇ ਹਸਪਤਾਲ ਬਣਾਏਗੀ।

ਉਨ੍ਹਾਂ ਨੇ ਐਲਾਨ ਕੀਤਾ ਕਿ ਸਿੰਜਾਈ ਲਈ ਟੇਲਾਂ ਦੇ ਅੰਤ ਤੱਕ ਪਾਣੀ ਨਾ ਪਹੁੰਚਣ ਦੀ ਸਮੱਸਿਆ ਜ਼ਮੀਨ ਹੇਠਾਂ ਪਾਣੀ ਦੀਆਂ ਪਾਈਪਾਂ ਵਿਛਾ ਕੇ ਖਤਮ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹ ਪਹਿਲ ਦੇ ਆਧਾਰ ’ਤੇ ਦਿੱਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਅਗਲੀ ਸਰਕਾਰ ਕਿਸਾਨਾਂ ਲਈ ਪ੍ਰਤੀ ਏਕੜ 50 ਹਜ਼ਾਰ ਰੁਪਏ ਦਾ ਫਸਲੀ ਬੀਮਾ ਸਕੀਮ ਵੀ ਸ਼ੁਰੂ ਕਰੇਗੀ। ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਜੋ 2004 ਵਿਚ ਬੰਦ ਕਰ ਦਿੱਤੀ ਗਈ ਸੀ, ਸੁਰਜੀਤ ਕੀਤੀ ਜਾਵੇਗੀ ਅਤੇ ਰੇਤ ਤੇ ਸ਼ ਰਾ ਬ ਮਾਫੀਆ ਖਤਮ ਕੀਤਾ ਜਾਵੇਗਾ, ਧਾਰਮਿਕ ਅਸਥਾਨਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣਗੇ ਅਤੇ ਪਿੰਡਾਂ ਵਿਚ ਮੁਸਲਿਮ ਤੇ ਇਸਾਈ ਭਾਈਚਾਰੇ ਲਈ ਕਬਰਿਸਤਾਨ ਵਾਸਤੇ ਥਾਂ ਦਿੱਤੀ ਜਾਵੇਗੀ।

ਉਹਨਾਂ ਕਿਹਾ ਕਿ ਵਪਾਰੀਆਂ ਲਈ 10 ਲੱਖ ਰੁਪਏ ਦਾ ਜੀਵਨ ਬੀਮਾ, ਮੈਡੀਕਲ ਬੀਮਾ ਤੇ ਅਗਜ਼ਨੀ ਤੋਂ ਬਚਾਅ ਲਈ ਬੀਮਾ ਪ੍ਰਦਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮਾਨਸਾ ਸ਼ਹਿਰ ਵਿਚ ਪਹੁੰਚਣ ’ਤੇ ਸੈਂਕੜੇ ਅਕਾਲੀ ਵਰਕਰਾਂ ਨੇ ਟਰੈਕਟਰਾਂ ’ਤੇ ਸਵਾਰ ਹੋ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਿੱਘਾ ਸਵਾਗਤ ਕੀਤਾ। ਸਾਰੇ ਟਰੈਕਟਰਾਂ ’ਤੇ ‘ਵੀਰ ਸੁਖਬੀਰ’ ਗੀਤ ਵਜਾਇਆ ਗਿਆ ਤੇ ਇਹ ਟਰੈਕਟਰ ਪਾਰਟੀ ਪ੍ਰਧਾਨ ਨੁੰ ਮੰਡੀ ਤੱਕ ਲੈ ਕੇ ਗਏ। ਨਾਲ ਹੀ ਸੈਂਕੜੇ ਮੋਟਰ ਸਾਈਕਲਾਂ ਦਾ ਕਾਫਲਾ ਵੀ ਚਲ ਰਿਹਾ ਸੀ। ਪਾਰਟੀ ਪ੍ਰਧਾਨ ਨੇ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਦੀ ਜਿੱਤ ਯਕੀਨੀ ਬਣਾਈ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਦਿਲਰਾਜ ਸਿੰਘ ਭੂੰਦੜ, ਜਗਦੀਪ ਸਿੰਘ ਨਕੱਈ, ਬਲਕਾਰ ਸਿੰਘ ਬਰਾੜ, ਗੁਰਮੇਲ ਸਿੰਘ ਫਫੜੇ ਵੀ ਹਾਜ਼ਰ ਸਨ।