ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇੱਕ ਵਿਅਕਤੀ ਵਲੋਂ ਮੁੱਖ ਭਵਨ ਵਿਖੇ ਪ੍ਰਕਾਸ਼ ਅਸਥਾਨ ਵਾਲਾ ਜੰਗਲਾ ਟੱਪ ਕੇ ਅੰਦਰ ਦਾਖ਼ਲ ਹੋਣ ‘ਤੇ ਉਸ ਨੂੰ ਮੌਕੇ ‘ਤੇ ਮੌਜੂਦ ਸੇਵਾਦਾਰਾਂ ਵਲੋਂ ਕਾਬੂ ਕੀਤੇ ਜਾਣ ਦੀ ਸੂਚਨਾ ਹੈ। ਪ੍ਰਾਪਤ ਵੇਰਵੇ ਅਨੁਸਾਰ ਸ਼ਾਮ ਨੂੰ ਪੌਣੇ ਕੁ ਛੇ ਵਜੇ ਦੇ ਕਰੀਬ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਬਲਜੀਤ ਸਿੰਘ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ, ਤਾਂ ਇੱਕ ਵਿਅਕਤੀ ਜੰਗਲਾ ਟੱਪ ਕੇ ਪ੍ਰਕਾਸ਼ ਅਸਥਾਨ ਵਾਲੇ ਖ਼ੇਤਰ ਵਿਚ ਦਾਖ਼ਲ ਹੋ ਗਿਆ ਤੇ ਉੱਥੇ ਪਏ ਸ਼ਸਤਰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਜਾਣਕਾਰੀ ਮੁਤਾਬਿਕ ਉਸ ਵਿਅਕਤੀ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ, ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਜਾਣਕਾਰੀ ਮੁਤਾਬਿਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਇਕ ਵਿਅਕਤੀ ਪਿੱਤਲ ਵਾਲਾ ਜੰਗਲਾ ਟੱਬ ਕੇ ਦਾਖਲ ਹੋ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਈ ਇਕ ਸ੍ਰੀ ਸਾਹਿਬ ਚੁੱਕ ਲਈ। ਇਸ ਤੋਂ ਪਹਿਲਾਂ ਕਿ ਉਹ ਹੋਰ ਕੋਈ ਹਰਕਤ ਕਰਦਾ ਸੇਵਾਦਾਰਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਇਸ ਤੋਂ ਬਾਅਦ ਇਸ ਨੂੰ ਸੱਚਖੰਡ ਸਾਹਿਬ ਬਾਹਰ ਲਿਆ ਕੇ ਇਸ ਨੂੰ ਸੋਧਾ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਘਟਨਾ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਚੱਲ ਰਿਹਾ ਸੀ ਜਿਸ ਵਿਚ ਵੀ ਇਹ ਹਰਕਤ ਦਾ ਕੁਝ ਹਿੱਸਾ ਨਸ਼ਰ ਹੋ ਹੋਇਆ ਹੈ। ਭਾਵੇਂ ਕਿ ਸਿੱਖ ਸਿਆਸਤ ਨੂੰ ਆਪਣੇ ਸਰੋਤਾਂ ਤੋਂ ਇਸ ਦੇ ਦ੍ਰਿਸ਼ (ਵੀਡੀਓ) ਮਿਲੇ ਹਨ ਪਰ ਗੁਰੂ ਸਾਹਿਬ ਦੇ ਅਦਬ ਸਤਿਕਾਰ ਦੇ ਮੱਦੇਨਜ਼ਰ ਇਹ ਇੱਥੇ ਸਾਂਝੇ ਨਹੀਂ ਕੀਤੇ ਜਾ ਰਹੇ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਇਕ ਵਿਅਕਤੀ ਨੇ ਬੇਅਦਬੀ ਦੀ ਹਰਕਤ ਕੀਤੀ ਸੀ ਜਿਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਉਸ ਵਿਅਕਤੀ ਦਾ ਸੰਬੰਧ ਡੇਰਾ ਸੌਦਾ ਸਿਰਸਾ ਨਾਲ ਨਿੱਕਲਿਆ ਸੀ।
ਇਸ ਤੋਂ ਬਾਅਦ ਸਿੰਘੂ ਬਾਰਡਰ ਵਿਖੇ ਨਿਹੰਗ ਸਿੰਘਾ ਦੇ ਪੜਾਅ ਵਿਖੇ ਵੀ ਇਕ ਬੇਅਦਬੀ ਦੀ ਘਟਨਾ ਹੋਣ ਉੱਤੇ ਨਿਹੰਗ ਸਿੰਘਾਂ ਵੱਲੋਂ ਬੇਅਦਬੀ ਦੇ ਦੋਸ਼ੀ ਨੂੰ ਸੋਧਾ ਲਗਾਇਆ ਗਿਆ ਸੀ।ਇਸ ਤੋਂ ਪਹਿਲਾਂ ਸਾਲ 2015 ਵਿਚ ਪੰਜਾਬ ਵਿਚ ਬਿਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ ਜਿਹਨਾਂ ਵਿਰੁਧ ਸਿੱਖ ਜਗਤ ਵੱਲੋਂ ਵਿਆਪਕ ਰੋਸ ਅਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ ਸੀ।ਜਿੱਥੇ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਚੋਰੀ-ਛੁੱਪੇ ਕੀਤੀਆਂ ਗਈਆਂ ਸਨ ਪਰ ਹਾਲੀਆਂ ਘਟਨਾਵਾਂ ਪ੍ਰਤੱਖ ਤੌਰ ਉੱਤੇ ਵਾਪਰ ਰਹੀਆਂ ਹਨ।
ਭਾਵੇਂ ਕਿ ਇਹਨਾ ਬੇਅਦਬੀ ਦੀਆਂ ਪ੍ਰਤੱਖ ਘਟਨਾਵਾਂ ਦੇ ਦੋਸ਼ੀ ਫੜ੍ਹੇ ਜਾ ਸੋਧੇ ਜਾ ਰਹੇ ਹਨ ਪਰ ਇਹ ਗੱਲ ਦਾ ਕੋਈ ਸੁਰਾਗ ਨਹੀਂ ਲੱਗ ਰਿਹਾ ਕਿ ਕੀ ਇਹ ਘਟਨਾਵਾਂ ਕਿਸੇ ਵੱਲੋਂ ਸੂਤਰ ਧਾਰ ਕੀਤੀਆਂ ਜਾ ਰਹੀਆਂ? ਅਤੇ ਜੇਕਰ ਹਾਂ ਤਾਂ ਕਿਸ ਵੱਲੋਂ? ਹਾਲੀਆਂ ਘਟਨਾਵਾਂ ਦੀ ਜਾਂਚ ਬਾਰੇ ਜੋ ਜਾਣਕਾਰੀ ਜਨਤਕ ਤੌਰ ਉੱਤੇ ਸਾਹਮਣੇ ਆਈ ਹੈ ਉਸ ਤੋਂ ਅਜਿਹਾ ਨਹੀਂ ਲੱਗਦਾ ਕਿ ਜਾਂਚ ਏਜੰਸੀਆਂ ਇਹਨਾ ਘਟਨਾਵਾ ਪਿਛਲੇ ਕਿਸੇ ਸੰਭਾਵੀ ਸੂਤਰਧਾਰ ਦਾ ਪਤਾ ਲਗਾਉਣ ਦੀ ਕੋਈ ਕੋਸ਼ਿਸ਼ ਕਰ ਰਹੀਆਂ ਹਨ।