ਕਿਸਾਨ ਆਗੂਆਂ ਦੀ ਆਪਸੀ ਦੂਸ਼ਣਬਾਜੀ-ਰਾਜੇਵਾਲ ਨੇ ਡੱਲੇਵਾਲ ਨੂੰ ਆਰਐਸਐਸ ਦਾ ਬੰਦਾ ਗਰਦਾਨਿਆ…ਡੱਲੇਵਾਲ ਨੇ ਫੰਡਾਂ ਦੇ ਹਿਸਾਬ ਦੀ ਗੱਲ ਕੀਤੀ ਤਾਂ ਰਾਜੇਵਾਲ ਨੇ ਕਿਹਾ ਕਿ ਡੱਲੇਵਾਲ ਤਾਂ ਆਰਐਸਐਸ ਦਾ ਬੰਦਾ…
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨ ਮੋਰਚੇ ਦੌਰਾਨ ਮਿਲੇ ਫੰਡਾਂ ਦੇ ਹਿਸਾਬ ਦੀ ਗੱਲ ਕੀਤੀ ਤਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਨਵਾਂ ਖੁਲਾਸਾ ਕਰ ਦਿੱਤਾ ਕਿ ਡੱਲੇਵਾਲ ਤਾਂ ਆਰਐਸਐਸ ਨਾਲ ਜੁੜੇ ਹੋਏ ਹਨ।
ਸ. ਰਾਜੇਵਾਲ ਦਾ ਕਹਿਣਾ ਹੈ ਕਿ ਸ. ਡੱਲੇਵਾਲ “ਆਰਐਸਐਸ ਦੇ ਕਿਸਾਨ ਵਿੰਗ – ਭਾਰਤੀ ਕਿਸਾਨ ਸੰਘ” ਦੇ ਮੀਤ ਪ੍ਰਧਾਨ ਹਨ, ਜਿਸਦੇ ਪ੍ਰਧਾਨ ਸ਼ਿਵ ਕੁਮਾਰ ਕੱਕਾ ਜੀ ਹਨ, ਜੋ ਕਿ ਖ਼ੁਦ ਕਿਸਾਨ ਮੋਰਚੇ ‘ਚ ਮੋਹਰੀ ਰਹੇ। ਦੱਸਣਯੋਗ ਹੈ ਕਿ ਹੁਣ ਐਮਐਸਪੀ ਬਾਰੇ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿੱਚ ਵੀ ਕੱਕਾ ਜੀ ਹੋਰੀਂ ਰਾਜੇਵਾਲ ਤੇ ਚੜੂਨੀ ਦੇ ਨਾਲ ਪੰਜ ਮੈਂਬਰੀ ਕਮੇਟੀ ‘ਚ ਸ਼ਾਮਲ ਹਨ। ਮਤਲਬ ਕਿ ਆਰਐਐਸ ਹੁਣ ਵੀ ਵਿੱਚ ਹੀ ਹੈ।
ਦੂਜੇ ਪਾਸੇ ਇਸ ਮੋਰਚੇ ਵਿੱਚ ਸਿਆਸੀ ਆਗੂ ਯੋਗੇਂਦਰ ਯਾਦਵ ਨੂੰ ਵੀ ਅੱਗੇ ਰੱਖਿਆ ਗਿਆ ਸੀ, ਜਿਸ ਬਾਰੇ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਹੁਣ ਸਖ਼ਤ ਟਿੱਪਣੀਆਂ ਕੀਤੀਆਂ ਹਨ।
ਅੱਜ ਤੋਂ ਕਈ ਮਹੀਨੇ ਪਹਿਲਾਂ ਇਨ੍ਹਾਂ ਸਤਰਾਂ ਦੇ ਲੇਖਕ ਨੇ ਕੱਕਾ ਜੀ ਤੇ ਯੋਗੇਂਦਰ ਯਾਦਵ ਬਾਰੇ ਦੱਸਿਆ ਸੀ ਤਾਂ ਉਦੋਂ ਬਹੁਤੇ ਸੱਜਣ ਇਹ ਕਹਿ ਕੇ ਚੁੱਪ ਕਰਾ ਦਿੰਦੇ ਸਨ ਕਿ ਤੁਹਾਨੂੰ ਬਹੁਤ ਪਤਾ, ਲੀਡਰਾਂ ਨੂੰ ਨੀ ਪਤਾ ਕਿ ਇਹ ਬੰਦੇ ਕੌਣ ਹਨ? ਹੁਣ ਉਹੀ ਲੀਡਰ ਖ਼ੁਦ ਦੱਸ ਰਹੇ ਹਨ ਕੱਕਾ ਜੀ ਬਾਰੇ ਵੀ ਤੇ ਯੋਗੇਂਦਰ ਯਾਦਵ ਬਾਰੇ ਵੀ। ਭਾਜਪਾ ਨਾਲ ਗੁਪਤ ਮੀਟਿੰਗਾਂ ਕਰਨ ਵਾਲੇ ਆਗੂਆਂ ਦੇ ਨਾਮ ਵੀ ਲਏ ਜਾ ਰਹੇ ਹਨ, ਸ. ਡੱਲੇਵਾਲ ਵਾਲੀ ਵੀਡੀਓ ‘ਚ।
ਕਿਸਾਨ ਆਗੂ ਸੁਰਜੀਤ ਸਿੰਘ ਫੂਲ ਵੱਲੋਂ ਛੱਬੀ ਜਨਵਰੀ ਨੂੰ ਲਾਲ ਕਿਲੇ ‘ਤੇ ਝੰਡਾ ਝੁਲਾਉਣ ਵਾਲੇ ਨੌਜਵਾਨਾਂ ਦੀ ਹਮਾਇਤ ਕਰਨ ਕਰਕੇ ਵੀ ਕੁਝ ਕਿਸਾਨ ਆਗੂ ਤੇ ਸਮਰਥਕ ਸ. ਫੂਲ ਦੀ ਅਲੋਚਨਾ ਕਰ ਰਹੇ ਹਨ।
ਮੋਰਚਾ ਫ਼ਤਿਹ ਹੋ ਗਿਆ, ਜੇ ਚੁੱਪ ਰਹਿ ਲੈਂਦੇ ਤਾਂ ਚੰਗਾ ਸੀ ਪਰ ਪੰਜਾਬੀਆਂ ਦਾ ਚੁੱਪ ਰਹਿਣਾ ਔਖਾ, ਸੋ ਕਈ ਹੋਰ ਖੁਲਾਸੇ ਵੀ ਹੋ ਸਕਦੇ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ