ਕੀ ਦਲਿਤ ਲਫ਼ਜ਼ ਦੀ ਵਰਤੋੰ ਕਰਨੀ ਸਹੀ ਹੈ ?

0
412

ਬ੍ਰਾਹਮਣੀ ਜਾਤ-ਵੰਡ ਅਨੁਸਾਰ ਅਖੌਤੀ ਉੱਚ ਜਾਤਾਂ ਵੱਲੋੰ ਹੋਰਨਾਂ ਜਾਤਾਂ ਨੂੰ ਦਿੱਤੇ ਗਏ ਨਾਮ ਓਹਨਾ ਦੀ ਤੌਹੀਨ ਦੇ ਇਰਾਦੇ ਚੋੰ ਉਪਜੇ ਹਨ। ਕਿਸੇ ਨੂੰ ਅਛੂਤ ਕਹਿਣਾ ਈ ਤੌਹੀਨ ਹੈ। ਏਦਾਂ ਹੀ ਕੰਮਾਂ ਕਾਰਾਂ ਦੀ ਵੰਡ ਪਿਛੋੰ ਦਿੱਤੇ ਨਾਮ ਵੀ ਮਨੁੱਖ ਦਾ ਦਰਜਾ ਘਟਾ ਕੇ ਉਸ ਨੂੰ ਉਸ ਦੇ ਕਿੱਤੇ ਤੱਕ ਮਹਿਦੂਦ ਕਰਦੇ ਨੇ।
ਜਾਤਾਂ ਦੇ ਇਹਨਾਂ ਨਾਵਾਂ ਨੂੰ ਕੁਝ ਜਾਤਾਂ ਨੇ ਸਮੂਹਿਕ ਤੌਰ ਤੇ ਆਪ ਬਦਲ ਲਿਆ ਜਾਂ ਆਪਣੀ ਜਾਤ ਦੇ ਨਾਮ ਦੇ ਅਰਥ ਬਦਲ ਕੇ ਉਸਤੇ ਮਾਣ ਸਨਮਾਨ ਖੜਾ ਕਰ ਲਿਆ, ਜਿਵੇੰ ਕਿ ਜੱਟ।

ਭਾਰਤੀ ਇਤਿਹਾਸਕਾਰ ਇਰਫਾਨ ਹਬੀਬ ਅਨੁਸਾਰ ਚੰਡਾਲ ਜਾਤੀਆਂ ਨੇ ਹੀ ਕਿਸੇ ਦੌਰ ‘ਚ ਆਪਣੇ ਆਪ ਨੂੰ ਜੱਟ ਵਜੋੰ ਸਥਾਪਤ ਕਰਕੇ ਮਾਣਮੱਤਾ ਸਥਾਨ ਹਾਸਲ ਕਰ ਲਿਆ। ਕੁਝ ਹੋਰਨਾਂ ਜਾਤਾਂ ਨੇ ਆਪਣਾ ਨਾਮਕਰਨ ਕਿਸੇ ਵੱਡੇ ਵਡੇਰੇ ਜਾਂ ਮਹਾਂਪੁਰਸ਼ ਦੇ ਨਾਂ ਤੇ ਤਹਿ ਕੀਤਾ। ਜਿਹਨਾਂ ਵਿਚ ਵਾਲਮੀਕੀ, ਕਬੀਰਪੰਥੀ ਤੇ ਰਵੀਦਾਸੀ ਪ੍ਰਮੁੱਖ ਹਨ। ਕੁਝ ਜਾਤਾਂ ਨੂੰ ਅੰਗਰੇਜ ਨੇ ਆਪਣੀ ਫੌਜੀ ਲੋੜ ਮੁਤਾਬਕ ਨਾਮ ਦਿੱਤੇ, ਜਿਨਾਂ ਵਿਚ ਅਹਿਮ ਨਾਮ ‘ਮਜ਼੍ਹਬੀ ਸਿੱਖ’ ਹੈ। ਜੋ 1849 ਤੋੰ ਪਹਿਲਾਂ ਪ੍ਰਚਲਤ ਨਹੀੰ ਸੀ। ਸਿੱਖੀ ਵਿਚ ਰੰਘੜਬੇਟੇ ਤੋੰ ਟਕਸਾਲੀ ਨਾਮਕਰਨ ਰੰਘਰੇਟਾ ਹੈ, ਜੋ ਕਿ ਇਕ ਜੰਗਜੂ ਕੌਮ ਦੀ ਨਿਸ਼ਾਨੀ ਹੈ।

ਇਉਂ ਹੀ ਭਾਰਤੀ ਸਥਾਪਤੀ ਨੇ ਕੁਝ ਨਾਮ ਦੇਣ ਦੀ ਕੋਸ਼ਿਸ ਕੀਤੀ, ਜਿਨਾਂ ਵਿਚ ਮਹਾਸ਼ਾਏ (ਮਹਾਸ਼ੇ) ਤੇ ਹਰੀਜਨ ਹਨ। ਇਹ ਨਾਮ ਕੁਝ ਸਮਾਂ ਹੀ ਮਕਬੂਲ ਹੋਏ।
ਭਾਰਤੀ ਸੰਵਿਧਾਨ ਅਨੁਸਾਰ ਜਾਤਾਂ ਦੀਆਂ ਅੱਡ ਅੱਡ ਸੂਚੀਆਂ ਵੀ ਇਕ ਤੋੰ ਵੱਧ ਜਾਤਾਂ ਦੀ ਸਮਾਜਿਕ ਪਛਾਣ ਬਣੀਆਂ, ਜਿਵੇਂ ਕਿ SC (ਸ਼ਡਿਊਲ ਕਾਸਟ) ਤੇ BC ਬੈਕਵਰਡ ਕਲਾਸ। ਹਾਲਾਂਕਿ ਇਹ ਸੂਚੀਆਂ ਅਧਾਰਤ ਪਛਾਣ ਬਹੁਤੀ ਤਰਕਸੰਗਤ ਨਹੀੰ, ਪਰ ਬੇਪੱਤ ਕਰਨ ਵਾਲੀਆਂ ਸਨਾਤਨੀ ਪਛਾਣਾਂ ਨਾਲੋਂ ਲੋਕਾਂ ਨੇ ਸੰਵਿਧਾਨਿਕ ਪਛਾਣ ਨੂੰ ਤਰਜੀਹ ਤੇ ਅਪਣਾਇਆ।

ਇਸੇ ਦੌਰਾਨ ਸਰਕਾਰੀ ਅਦਾਰਿਆਂ, ਯੂਨੀਵਰਸਟੀਆਂ ਤੇ ਸਕਾਲਰਾਂ ਨੇ ‘ਦਲਿਤ’ ਲਫ਼ਜ਼ ਇਯਾਦ ਕੀਤਾ। ਜੋ ਅਜਿਹੀਆਂ ਸਾਰੀਆਂ ਜਾਤਾਂ ਲਈ ਵਰਤਿਆ ਜਾਂਦਾ ਜਿਨਾਂ ਦਾ ਸ਼ੋਸ਼ਣ ਹੋ ਰਿਹਾ ਹੈ।

ਹਾਲਾਂਕਿ ਬ੍ਰਹਾਮਣੀ ਜਾਤੀ-ਵਿਧਾਨ ਮੁਤਾਬਕ ਸ਼ੋਸ਼ਣ ਤੇ ਧੱਕੇ ਦਾ ਅਸਰ ਵੱਖ ਵੱਖ ਜਾਤਾਂ ਤੇ ਅੱਡ ਅੱਡ ਹੈ। ਪੰਜਾਬ ਵਿਚ ਮਜ਼੍ਹਬੀ ਭਾਈਚਾਰਾ ਦਲਿਤ ਹੁੰਦਾ ਹੋਇਆ ਵੀ ਰਵਿਦਾਸ ਭਾਇਚਾਰੇ ਵਾਂਗ ਸਰਕਾਰੀ ਸਹੂਲਤਾਂ ਤੇ ਆਰਥਿਕ ਲਾਭਾਂ ਦਾ ਫਾਇਦਾ ਨਹੀੰ ਲੈ ਸਕਿਆ। ਮਜ਼੍ਹਬੀ ਤੇ ਰਵੀਦਾਸ ਭਾਇਚਾਰੇ ਦੇ ਆਪਸ ‘ਚ ਵਿਆਹ ਨਹੀੰ ਹੁੰਦੇ, ਕਿਉੰਕਿ ਰਵਿਦਾਸ ਭਾਇਚਾਰਾ ਆਪਣੇ ਆਪ ਨੂੰ ਉੱਚਾ ਮੰਨਦਾ ਹੈ। ਸਿਆਸੀ ਅਤੇ ਸੰਵਿਧਾਨਿਕ ਤੌਰ ਤੇ ਵੀ ਰਵਿਦਾਸ ਭਾਇਚਾਰਾ ਸਭਨਾਂ ਤੋੰ ਉਤੇ ਹੈ। ਇਨਾਂ ਵਿਚੋੰ ਹੀ ਹੁਣ ਨਵੇਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਬਣਾਏ ਗਏ ਹਨ।

ਇਸ ਪੱਖ ਤੋੰ ਸਭਨਾਂ ਨੂੰ ‘ਦਲਿਤ’ ਕਹਿ ਦੇਣਾ ਵੱਖ ਵੱਖ ਜਾਤਾਂ ਵਿਚਲੇ ਆਪਸੀ ਮਸਲਿਆਂ ਨੂੰ ਦਰਕਿਨਾਰ ਕਰਕੇ ਇਕ ਜਾਤੀ ਦਾ ਹੋਰਨਾਂ ਤੇ ਦਾਬਾ ਕਾਇਮ ਕਰਨ‍ਾ ਹੈ। ‘ਦਲਿਤ’ ਲਫ਼ਜ਼ ਜਾਤੀ ਚੇਤਨਾ ਨੂੰ ਖੁੰਢਾ ਕਰਕੇ ਇਕ ਆਰਥਿਕ ਤੇ ਸਮਾਜਿਕ ਸਮੂਹ ਬਾਰੇ ਬਣਾਈ ਵੇਗ ਜਿਹੀ ਟਰਮ ਹੈ। ਜਿਸਦੀ ਵਰਤੋੰ ਉੱਚ ਜਾਤੀ ਖਿਲਾਫ ਤਾਂ ਕੀਤੀ ਜਾ ਸਕਦੀ ਹੈ ਪਰ ਇਹਦੇ ਨਾਲ ਹਰ ਜਾਤ ਨੂੰ ਸਮਾਜਕ ਇਨਸਾਫ ਤੇ ਆਰਥਿਕ ਲਾਭ ਨਹੀੰ ਦਿਵਾਏ ਜਾ ਸਕਦੇ।

ਜਿਵੇੰ ਕਿ ਖੇਤੀ ਕਰਨ ਵਾਲੀਆਂ ਜਾਤਾਂ ਜੱਟ ,ਕੰਬੋਜ, ਲੁਬਾਣੇ, ਸੈਣੀ ਤੇ ਰਾਜਪੂਤ ਆਰਥਿਕ ਤੇ ਸਮਾਜਕ ਪੱਖੋੰ ਸਾਂਵੇ ਹਨ। ਪਰ ਜਾਤੀ ਦਰਜੇ ਬਦਰਜੇ ਦੇ ਕਾਰਨ ਇਕ ਸਮੂਹ ਵਜੋੰ ਨਹੀਂ ਪਛਾਣੇ ਜਾ ਸਕਦੇ। ਜਿਵੇੰ ਤਰਖਾਣ ਆਪਣਾ ਰੁਤਬਾ ਲੁਹਾਰਾਂ, ਜੁਲਾਹਿਆਂ ਤੋੰ ਅੱਡ ਮੰਨਦੇ ਹਨ। ਇਉੰ ਹੀ ਸੀਵਰੇਜਾਂ ‘ਚ ਉਤਰਨ ਵਾਲੇ ਤੇ ਏਸੀ ਦੁਕਾਨ ‘ਚ ਫੁਟਵੀਅਰ ਵੇਚਣ ਵਾਲੇ ‘ਦਲਿਤ’ ਕਹਿਣ ਨਾਲ ਹਮਰੁਤਬਾ ਨਹੀੰ ਹੋ ਜਾਂਦੇ। ਸਾਨੂੰ ਸਨਾਤਨੀ ਜਾਤੀ ਪ੍ਰਬੰਧ ਦੇ ਸਭ ਤੋੰ ਥੱਲੜੇ ਪਾਏਦਾਨ ਤੇ ਖਲੋ ਕੇ ਸੋਚਣ ਦੀ ਲੋੜ ਹੈ। ਇਹ ਲੋੜ ਉਦੋੰ ਹੋਰ ਵੀ ਵੱਧ ਜਾਂਦੀ ਹੈ ਜਦੋਂ ਇਕ ਵਰਗ ਤਾਂ ‘ਦਲਿਤ’ ਮੁੱਖ ਮੰਤਰੀ ਦੀ ਮੰਗ ਕਰ ਰਿਹਾ ਹੈ ਤੇ ਦੂਜਾ ਵਰਗ ਸ: ਚਰਨਜੀਤ ਸਿੰਘ ਚੰਨੀ ਨੂੰ ਸਿੱਖ ਦੀ ਥਾਂ ਤੇ ‘ਦਲਿਤ’ ਕਹਿਣ ਤੋੰ ਨਾਖੁਸ਼ ਹੈ।
#ਮਹਿਕਮਾ_ਪੰਜਾਬੀ