ਅਮਰੀਕੀ ਡਾਕਟਰ ਰਮਨਦੀਪ ਕਾਹਲੋਂ ਨੂੰ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਇੰਗਲਿਸ਼ ਟੈਸਟ ਦੇ ਚੱਕਰਾਂ ’ਚ ਪਾਇਆ

0
270

ਔਕਲੈਂਡ 12 ਦਸੰਬਰ, 2021-ਹਰਜਿੰਦਰ ਸਿੰਘ ਬਸਿਆਲਾ– ਅਮਰੀਕਾ ਦੇ ਇਕ ਪੜ੍ਹੇ-ਲਿਖੇ ਡਾਕਟਰ ਰਮਨਦੀਪ ਕਾਹਲੋਂ ਨੂੰ ਉਦੋਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਦਾ ਕੰਮ ਕਾਰ ‘ਨਾਨਸੈਂਸ’ ਲੱਗਿਆ ਜਦੋਂ ਉਨ੍ਹਾਂ ਇਹ ਸਵਾਲ ਕਰ ਦਿੱਤਾ ਹੈ ਕਿ ਤੁਸੀਂ ਇਕ ਥਾਂ ਉਤੇ ਲਗਾਤਾਰ 2 ਸਾਲ ਤੱਕ ਕੰਮ ਨਹੀਂ ਕੀਤਾ ਹੈ, ਇਸ ਕਰਕੇ ਤੁਹਾਨੂੰ ਇੰਗਲਿਸ਼ ਟੈਸਟ ਪਾਸ ਕਰਨਾ ਹੋਏਗਾ। ਡਾਕਟਰ ਇਹ ਗੱਲ ਸੁਣ ਕੇ ਤੱਤਾ ਹੋ ਗਿਆ ਅਤੇ ਉਸਨੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੂੰ ਲਾਲ ਫੀਤਾਸ਼ਾਹੀ ਸ਼੍ਰੇਣੀ ਦੇ ਵਿਚ ਲਿਆ ਖੜਾ ਕਰਤਾ। ਡਾ. ਰਮਨਦੀਪ ਕਾਹਲੋਂ ਨੇ ਇਮੀਗ੍ਰੇਸ਼ਨ ਦੇ ਨਾਲ ਈਮੇਲ ਦੇ ਰਾਹੀਂ ਖੂਬ ਬਹਿਸ-ਬਾਜੀ ਕੀਤੀ। ਆਖਿਰ ਡਾਕਟਰ ਸਾਹਿਬ ਨੂੰ ਅੰਗਰੇਜ਼ੀ ਤੋਂ ਛੋਟ ਦੇ ਹੀ ਦਿੱਤੀ ਗਈ ਹੈ, ਜਦ ਕਿ ਉਹ ਆਈ. ਲੈਟਸ ਦੀ ਤਿਆਰੀ ਕਰਨ ਲੱਗੇ ਸਨ।

ਡਾਕਟਰ ਰਮਨਦੀਪ ਨੇ ਇਸ ਘਟਨਾ ਨੂੰ ਕਈ ਪੱਖਾਂ ਤੋਂ ਲਿਆ ਅਤੇ ਕਿਹਾ ਕਿ ਜੇਕਰ ਉਸਦਾ ਨਾਂਅ ਡੇਵਿਡ, ਬੈਂਜਾਮਿਨ, ਬੋਰਿਸ ਆਦਿ ਹੁੰਦਾ ਤਾਂ ਵੀ ਉਹ ਇਕ ਡਾਕਟਰ ਨੂੰ ਪੁੱਛਦੇ ਕਿ ਅੰਗਰੇਜ਼ੀ ਆਉਂਦੀ ਹੈ? ਉਹ ਵੀ ਅੰਗਰੇਜੀ ਭਾਸ਼ੀ ਮੁਲਕ ਵਾਲੇ ਦੇਸ਼ ਤੋਂ ਇਥੇ ਆਉਣ ਵੇਲੇ। ਡਾਕਟਰ ਰਮਨਦੀਪ ਕਾਹਲੋਂ ਦੀ ਮੰਗੇਤਰ ਇਕ ਗੋਰੀ ਹੈ ਅਤੇ ਉਹ ਨਰਸ ਹੈ। ਡਾਕਟਰ ਰਮਨਦੀਪ ਕਾਹਲੋਂ ਹਾਕਸਬੇਅ ਵਿਖੇ ਇਕ ਨਿਰਧਾਰਤ ਸਮੇਂ (6 ਮਹੀਨੇ) ਲਈ ਕੰਮ ਕਰਨ ਆ ਰਹੇ ਹਨ। ਜਿਸ ਵਿੱਚ ਕਮਿਊਨਿਟੀ ਅਤੇ ਘਰੇਲੂ-ਮਨੋਵਿਗਿਆਨਕ ਇਲਾਜ ਟੀਮਾਂ ਵਿੱਚ ਕੰਮ ਕਰਨਾ ਸ਼ਾਮਿਲ ਹੋਵੇਗਾ ਅਤੇ ਨਾਲ ਹੀ ਗਰਭਵਤੀ ਔਰਤਾਂ ਅਤੇ ਮਾਵਾਂ ਲਈ ਦਵਾਈਆਂ ਦੀ ਦੁਰਵਰਤੋਂ ਦੀਆਂ ਸਮੱਸਿਆਵਾਂ ਸਬੰਧੀ ਵੀ ਕੰਮ ਹੈ।


31 ਸਾਲਾ ਡਾਕਟਰ ਨੇ ਕਿਹਾ ਕਿ ਉਸ ਨੂੰ ਸਤੰਬਰ ਵਿੱਚ ਇਮੀਗ੍ਰੇਸ਼ਨ ਨਿਊਜ਼ੀਲੈਂਡ ਤੋਂ ਇੱਕ ਬੇਹੱਦ ਲੋੜੀਂਦੇ ਮਾਹਿਰ ਵੱਜੋਂ ‘ਵਰਕਰ ਵੀਜ਼ਾ’ ਪ੍ਰਾਪਤ ਕਰਨ ਵਿੱਚ ਕੋਈ ਸਮੱਸਿਆ ਨਹੀਂ ਸੀ, ਅਤੇ ਕਈ ਅਸਫਲ ਦੌਰਾਂ ਤੋਂ ਬਾਅਦ ਅਕਤੂਬਰ ਵਿੱਚ ਇੱਕ ਪ੍ਰਬੰਧਿਤ ਆਈਸੋਲੇਸ਼ਨ ਅਤੇ ਕੁਆਰੰਟੀਨ ਜਾਂ ਐਮ. ਆਈ. ਕਿਊ. ਸਲੌਟ ਨੂੰ ਸੁਰੱਖਿਅਤ ਕਰਨ ਵਿੱਚ ਵੀ ਕਾਮਯਾਬ ਰਿਹਾ। ਉਸਨੇ ਨਵੰਬਰ ਵਿੱਚ ਮੈਡੀਕਲ ਕੌਂਸਲ ਆਫ਼ ਨਿਊਜ਼ੀਲੈਂਡ ਕੋਲ ਆਪਣੀ ਰਜਿਸਟ੍ਰੇਸ਼ਨ ਅਰਜ਼ੀ ਜਮ੍ਹਾਂ ਕਰਵਾਈ ਅਤੇ ਉਸਨੂੰ ਦੱਸਿਆ ਗਿਆ ਕਿ ਉਹ ਅੰਗਰੇਜ਼ੀ ਭਾਸ਼ਾ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰਦਾ ਹੈ।

ਕਾਰਨ ਇਹ ਦੱਸਿਆ ਗਿਆ ਕਿ ਉਸ ਨੇ ਦੋ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਲਗਾਤਾਰ ਕਿਤੇ ਕੰਮ ਨਹੀਂ ਕੀਤਾ ਸੀ। ਕਾਹਲੋਂ ਵੱਲੋਂ ਭੇਜੀ ਗਈ ਪ੍ਰੈਕਟਿਸ ਪ੍ਰੋਫਾਈਲ ਵਿੱਚ ਦਿਖਾਇਆ ਗਿਆ ਸੀ ਕਿ ਉਸਨੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਬੇਲਰ ਕਾਲਜ ਆਫ਼ ਮੈਡੀਸਨ ਵਿੱਚ ਰਿਹਾ ਹੈ, ਅਤੇ ਉਸਦੇ ਰੋਟੇਸ਼ਨ ਦੌਰਾਨ ਇੱਕੋ ਕਾਲਜ ਦੇ ਵੱਖ-ਵੱਖ ਕਲੀਨਕਾਂ ’ਤੇ ਕੰਮ ਕੀਤਾ। ਡਾਕਟਰ ਸਾਹਿਬ ਨੂੰ ਚਿੰਤਾ ਹੈ ਕਿ ਇਸ ਤਰ੍ਹਾਂ ਹੋਣ ਨਾਲ ਭਵਿੱਖ ਦੇ ਵਿਚ ਨਵੇਂ ਡਾਕਟਰ ਜਾਂ ਸਿਖਿਆਰਥੀ ਜੋ ਕਿ ਅਮਰੀਕੀ ਸੰਸਥਾਵਾਂ ਵਿਚ ਸਿਖਲਾਈ ਲੈ ਰਹੇ ਹਨ, ਨਿਊਜ਼ੀਲੈਂਡ ਅਭਿਆਸ ਕਰਨ ਨਹੀਂ ਆ ਸਕਣਗੇ।

ਡਾ. ਕਾਹਲੋਂ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ ਜਾਂ ਆਈਲੈਟਸ ਵਿੱਚ ਬੈਠਣ ਲਈ ਪੋਰਟਲੈਂਡ ਦੀ ਤਿੰਨ ਦਿਨਾਂ ਦੀ ਯਾਤਰਾ ਦੀ ਤਿਆਰੀ ਕਰ ਰਿਹਾ ਸੀ ਕਿਉਂਕਿ ਇਹ ਹਿਊਸਟਨ ਵਿੱਚ ਉਪਲਬਧ ਨਹੀਂ ਸੀ ਜਿੱਥੇ ਉਹ ਸਥਿਤ ਸੀ, ਅਤੇ ਉਸਨੂੰ ਰਾਹਤ ਮਿਲੀ ਕਿ ਉਸਨੂੰ ਹੁਣ ਅਜਿਹਾ ਨਹੀਂ ਕਰਨਾ ਪਵੇਗਾ।

ਇਸਦੇ ਉਲਟ ਜਨਤਾ ਦੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਕਰਨ ਲਈ ਮੈਡੀਕਲ ਕੌਂਸਲ ਨੇ ਕਿਹਾ ਹੈ ਕਿ ਸਮੁੱਚੀ ਜ਼ਿੰਮੇਵਾਰੀ ਦੇ ਹਿੱਸੇ ਵਜੋਂ, ਸਾਨੂੰ ਇਸ ਗੱਲ ਦੀ ਤਸੱਲੀ ਕਰਨੀ ਪੈਂਦੀ ਹੈ ਕਿ ਨਿਊਜ਼ੀਲੈਂਡ ਵਿੱਚ ਰਜਿਸਟਰੇਸ਼ਨ ਦੀ ਮੰਗ ਕਰਨ ਵਾਲਾ ਕੋਈ ਵੀ ਡਾਕਟਰ ਅੰਗਰੇਜ਼ੀ ਵਿੱਚ ਗਲਬਾਤ ਕਰਨ ਅਤੇ ਸਮਝਣ ਦੇ ਯੋਗ ਹੋਵੇ।