ਵੋਟਾਂ ਮੰਗਣ ਲਈ ਡੇਰਾ ਸਿਰਸਾ ਨਹੀਂ ਜਾਵੇਗਾ ਅਕਾਲੀ ਦਲ-ਸੁਖਬੀਰ

0
275

ਸੰਗਰੂਰ, 8 ਦਸੰਬਰ,2021 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਡੇਰਾ ਸਿਰਸਾ ਕੋਲ ਵੋਟਾਂ ਮੰਗਣ ਲਈ ਨਹੀਂ ਜਾਵੇਗਾ | ਉਹ ਅੱਜ ਸੁਨਾਮ ਵਿਖੇ ਪਾਰਟੀ ਉਮੀਦਵਾਰ ਬਲਦੇਵ ਸਿੰਘ ਮਾਨ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ |

ਸੁਨਾਮ ਦੇ ਪਾਰਟੀ ਆਗੂ ਗੁਰਪ੍ਰੀਤ ਸਿੰਘ ਲਖਮੀਰਵਾਲਾ ਦੀ ਰਿਹਾਇਸ਼ ਵਿਖੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਵਿਧਾਨ ਸਭਾ ਚੋਣਾਂ ‘ਚ ਜ਼ਿਆਦਾਤਰ ਹਲਕਿਆਂ ਤੋਂ ਕਾਂਗਰਸੀ ਉਮੀਦਵਾਰਾਂ ਅਤੇ ਕੁੱਝ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਟੱਕਰ ਹੈ |

ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਚੋਣਾਂ ਲੜਨ ਬਾਰੇ ਸੁਖਬੀਰ ਨੇ ਕਿਹਾ ਕਿ ਉਹ ਪਹਿਲਾਂ ਵੀ ਅਕਾਲੀ ਦਲ ਨੂੰ ਹਰਾਉਣ ਲਈ ਭਾਜਪਾ ਨਾਲ ਰਲ ਕੇ ਹੀ ਚੋਣਾਂ ਲੜੇ ਸਨ ਪਰ ਹੁਣ ਤਾਂ ਕਹਾਣੀ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ |

ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਬਲਦੇਵ ਸਿੰਘ ਮਾਨ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਿਕੰਦਰ ਸਿੰਘ ਮਲੁਕਾ, ਵਿਨਰਜੀਤ ਸਿੰਘ ਗੋਲਡੀ, ਗੁਲਜ਼ਾਰ ਸਿੰਘ ਮੂਣਕ, ਇਕਬਾਲ ਸਿੰਘ ਝੂੰਦਾਂ, ਤੇਜਿੰਦਰ ਸਿੰਘ ਸੰਘਰੇੜੀ, ਕਰਨ ਘੁਮਾਣ ਕੈਨੇਡਾ, ਤੇਜਾ ਸਿੰਘ ਕਮਾਲਪੁਰ, ਪਰਮਜੀਤ ਕੌਰ ਵਿਰਕ ਅਤੇ ਹਰਪਾਲ ਸਿੰਘ ਖਡਿਆਲ ਤੋਂ ਇਲਾਵਾ ਹੋਰ ਅਕਾਲੀ ਆਗੂ ਵੀ ਮੌਜੂਦ ਸਨ |