ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਨੂੰ ਅਜਿਹੇ ਗਲਤ ਪ੍ਰਚਾਰ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਅਜਿਹੇ ਕੁਝ ਪੇਜ ਲਗਾਤਾਰ ਜਾਤੀ ਪਾੜਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਭਾਰਤੀ ਜਨਤਾ ਪਾਰਟੀ ਅਤੇ ਕੁਝ ਕਾਮਰੇਡ ਲੋਕ ਅਜਿਹੇ ਪੇਜਾਂ ਦੇ ਪਿੱਛੇ ਨੇ।
ਪੰਜਾਬ ਤੋਂ ਬਾਹਰਲੇ ਲੋਕ ਤਾਂ ਇਸ ਗੱਲ ਤੋਂ ਹੈਰਾਨ ਨੇ ਕਿ ਪੰਜਾਬ ‘ਚ ਅਖੌਤੀ ਦਲਿਤ ਪੱਗ ਵੀ ਬੰਨ ਸਕਦਾ। ਪਰ ਇਥੇ ਪੰਜਾਬ ‘ਚ ਭਾਰਤੀ ਜਨਤਾ ਪਾਰਟੀ ਅਤੇ ਕਾਮਰੇਡਾਂ ਦੇ ਵਿਦਵਾਨਾਂ ਵੱਲੋਂ ਵਾਲ ਦੀ ਖੱਲ ਲਾਹੀ ਜਾ ਰਹੀ ਹੈ, ਝੂਠ ਬੋਲਿਆ ਜਾ ਰਿਹਾ। ਮੌਕਾ ਲੱਭਿਆ ਜਾ ਰਿਹਾ ਕਿ ਕਿਵੇਂ ਨਾ ਕਿਵੇਂ ਵੰਡ ਪਾਈ ਜਾਵੇ।
ਜੇ ਜੱਟ ਮੁੱਖ ਮੰਤਰੀ ਹੋਣਾ ਜੱਟਾਂ ਦੇ ਉੱਚੇ ਹੋਣ ਦਾ ਪ੍ਰਤੀਕ ਸੀ ਤਾਂ ਸ਼ੂਦਰ ਦਾ ਮੁੱਖ ਮੰਤਰੀ ਹੋਣਾ ਕਥਿਤ ਸ਼ੂਦਰ ਦੇ ਉੱਚੇ ਹੋਣ ਦਾ ਪ੍ਰਤੀਕ ਕਿਉਂ ਨਹੀਂ ? ਜਾਣ ਬੁੱਝ ਕੇ ਅਜਿਹੀਆਂ ਪੋਸਟਾਂ ਨਾਲ ਕਥਿਤ ਸ਼ੂਦਰਾਂ ਨੂੰ ਨੀਵਾਂ ਦਿਖਾਇਆ ਜਾ ਰਿਹਾ।
ਕੱਲ ਜੋ ਮੁੱਖ ਮੰਤਰੀ ਦਫ਼ਤਰ ਵਲੋਂ ਬਿਆਨ ਆਇਆ, ਉਸ ਵਿੱਚ ਸਾਫ ਕਿਹਾ ਗਿਆ ਕਿ ਮੁੱਖ ਮੰਤਰੀ ਦਾ ਸ਼੍ਰੋਮਣੀ ਕਮੇਟੀ ਵਲੋਂ ਦਰਬਾਰ ਸਾਹਿਬ ਵਿਖੇ ਪੂਰਾ ਮਾਨ ਸਨਮਾਨ ਕੀਤਾ ਗਿਆ। ਫੇਰ ਅਜਿਹੀਆਂ ਗੱਲਾਂ ਕਰਨ ਦਾ ਕੀ ਮਤਲਬ ?
ਕੋਈ ਇਹ ਗੱਲ ਕਹੇ ਕਿ ਕਾਂਗਰਸੀ ਹੋਣ ਕਰਕੇ ਨਹੀਂ ਦਿੱਤਾ ਤਾਂ ਗੱਲ ਮੰਨੀ ਵੀ ਜਾ ਸਕਦੀ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ‘ਤੇ ਬਾਦਲਾਂ ਦਾ ਕਬਜ਼ਾ ਹੈ।ਪਰ ਜਾਤ ਪਾਤ ਦੇ ਭੇਦ-ਭਾਵ ਕਰਕੇ ਸਿਰੋਪਾ ਨਹੀਂ ਦਿੱਤਾ! ਇਹ ਗੱਲ ਤਾਂ ਜਮਾਂ ਝੂਠ ਹੈ। ਕਿਉਂਕਿ ਜੇ ਇਹ ਗੱਲ ਸੱਚੀ ਹੁੰਦੀ ਤਾਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਨਵਜੋਤ ਸਿੰਘ ਸਿੱਧੂ ਨੂੰ ਤਾਂ ਸਿਰੋਪਾ ਮਿਲਣਾ ਚਾਹੀਦਾ ਸੀ! ਜੋ ਕਥਿਤ ਦਲਿਤ ਤੇ ਹਿੰਦੂ ਵਿਦਵਾਨਾਂ ਮੁਤਾਬਕ ‘ਜੱਟ’ ਹਨ, ਤੇ ਉਨ੍ਹਾਂ ਦੀ ਜਾਤ ਦਾ ਥਾਂ ਥਾਂ ‘ਤੇ ਕਬਜ਼ਾ ਹੈ।
#ਮਹਿਕਮਾ_ਪੰਜਾਬੀ
ਸਿੱਖੀ ਨਾਲ ਢਿੱਡੋਂ ਨਫ਼ਰਤ ਪਾਲਣ ਵਾਲੇ ਤੇ ਅਖੌਤੀ ਕਰਿਆਨਾ ਪੱਤਰਕਾਰੀ ਦੇ ਪੇਜਾਂ ਵੱਲੋਂ ਹਰੇਕ ਨਿੱਕੀ ਨਿੱਕੀ ਗੱਲ ਦਾ ਮਸਲਾ ਬਣਾਇਆਂ ਜਾਣ ਡਿਆ। ਸਬਰ ਪਰਖੇ ਜਾਣ ਡਏ ਨੇ। ਸਾਡੇ ਮੁੱਖ ਮੰਤਰੀ ਪੰਜਾਬ ਨੇ ਚਮਕੌਰ ਸਾਹਿਬ ਦੀ ਧਰਤੀ ਨੂੰ ਸਿਜਦਾ ਵੀ ਕੀਤਾ। ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕੀਤਾ। ਦਰਬਾਰ ਸਾਹਿਬ ਮੱਥਾ ਟੇਕਿਆ ਉਹਨਾਂ ਨੂੰ ਸਿਰੌਪਾ ਦੇਕੇ ਨਵਾਜਿਆ। ਪੰਜਾਬ ਤੋਂ ਬਾਹਰ ਰਾਸ਼ਟਰਪਤੀ ਸਾਹਬ ਤੱਕ ਨੂੰ ਮੰਦਰਾਂ ਵਿੱਚ ਰੋਕਣ ਦੀਆਂ ਖਬਰਾਂ ਸੁਣੀਆਂ ਸਨ।
ਪੰਜਾਬ ਵਿੱਚ ਸਿੱਖੀ ਇਸ ਫਰਕ ਨੂੰ ਨਹੀਂ ਰੱਖਦੀ। ਜਿੱਥੇ ਥੋੜ੍ਹਾ ਬਹੁਤਾ ਹੈ ਉੱਥੇ ਧਿਆਨ ਆਉਂਦਿਆਂ ਬੰਦੇ ਇੱਕ ਹੋ ਫਟਕਾਰ ਪਾਉਂਦੇ ਹਨ। ਪਰ ਕੁਝ ਨਿਖਿੱਧ ਪੱਤਰਕਾਰ ਅਤੇ ਚੰਡੀਗੜ੍ਹ ਬੈਠੇ ਪੰਜਾਬ ਅੰਦਰ ਮਸਲਾ ਬਣਾਕੇ ਦਲਿਤ ਬਨਾਮ ਜੱਟ ਦਾ ਜੋੜ ਤੋੜ ਖੜ੍ਹਾ ਕਰਕੇ ਨਫ਼ਰਤ ਪਸਾਰਨਾ ਚਾਹੁੰਦੇ ਹਨ।
– ਹਰਪ੍ਰੀਤ ਸਿੰਘ ਕਾਹਲੋਂ
ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਤੇ ਬਥੇਰੇ ਗੁਰੂ ਘਰ ਦੇ ਵਜੀਰ ਅਖੌਤੀ ਦਲਿਤ ਜਾਤੀਆਂ ਚੋ ਨੇ। ਮੁੱਖ ਮੰਤਰੀ ਨਾਲ ਗਏ ਉਪ ਮੁੱਖ ਮੰਤਰੀ ਬ੍ਰਾਹਮਣ ਤੇ ਜੱਟ ਬਰਾਦਰੀਆਂ ਚੋ ਨੇ। ਉਹਨਾਂ ਨੂੰ ਵੀ ਅੰਦਰ ਸਿਰੋਪਾ ਨਹੀਂ ਦਿੱਤਾ ਗਿਆ। ਪੰਥ ਦੀਆਂ ਅਹਿਮ ਸਖਸ਼ੀਅਤਾਂ ਨੂੰ ਉਥੇ ਜਲੀਲ ਵੀ ਕੀਤਾ ਜਾਂਦਾ ਆ। ਉੱਥੇ ਬੈਠੇ ਮਸੰਦਾਂ ਨਾਲ ਗੁਰੂ ਦੀ ਸੰਗਤ ਨਾਲ ਰੋਜ ਕਿਸੇ ਨਾ ਕਿਸੇ ਗੱਲ ਕਾਰਨ ਆਡਾ ਲੱਗਾ ਈ ਰਹਿੰਦਾ ਏ। ਗੁਰੂਘਰ ਦਾ ਪ੍ਰਬੰਧ ਪਾਰਟੀਬਾਜੀ ਤੇ ਸਿਆਸਤ ਦੀ ਭੇਟ ਚੜ੍ਹਿਆ ਹੋਇਆ ਆ। ਪਰ ਕੁਝ ਚਵਲ ਕਿਸਮ ਦੇ ਪੱਤਰਕਾਰ ਤੇ ਲੰਬੜਦਾਰ ਇਹਨੂੰ ਜਾਤੀਵਾਦ, ਜਾਤਪਾਤ ਜਾਂ ਜੱਟਵਾਦ ਨਾਲ ਜੋੜਕੇ ਆਪਣੀ ਘਟੀਆ ਸੰਘੀ ਮਾਨਸਿਕਤਾ ਦਾ ਵਿਖਾਵਾ ਕਰਨੋ ਬਾਜ ਨਹੀਂ ਆਉਣ ਡਹੇ।
ਸਤਲੁਜ ਸਿੰਘ
ਚੰਨੀ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸਿਰੋਪਾਓ ਨਾ ਦੇਣ ਬਾਰੇ ਫੈਲਾਈ ਜਾ ਰਹੀ ਅਫਵਾਹ ਬਾਰੇ ਅਸਲ ਸੱਚ:
ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਉਪਰੰਤ ਦਰਬਾਰ ਸਾਹਿਬ ਪੁੱਜੇ ਜਿਥੇ ਉਹਨਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਨੂੰ ਮੋਢਾ ਦਿੱਤਾ ਗਿਆ ਅਤੇ ਰੁਮਾਲਾ ਸਾਹਿਬ ਭੇਟ ਕੀਤਾ ਗਿਆ। ਚੰਨੀ ਵਲੋਂ ਭੇਟ ਕੀਤਾ ਰੁਮਾਲਾ ਸਾਹਿਬ ਮਹਾਰਾਜ ਦੇ ਅੰਗੀਕਾਰ ਕੀਤਾ ਗਿਆ। ਉਪਰੰਤ ਚੰਨੀ ਨੇ ਸ੍ਰੀ ਦਰਬਾਰ ਸਾਹਿਬ ਜੀ ਅੰਦਰ ਰਾਗੀਆਂ ਪਿਛੇ ਬੈਠ ਕੇ ਕੀਰਤਨ ਸਰਵਣ ਕੀਤਾ। ਕੁਝ ਪੰਥ ਵਿਰੋਧੀਆਂ ਵਲੋਂ ਰੌਲਾ ਪਾਇਆ ਜਾ ਰਿਹਾ ਹੈ ਕਿ ਚੰਨੀ ਨੂੰ ਦਲਿਤ ਹੋਣ ਕਾਰਣ ਸਿਰੋਪਾਓ ਨਹੀਂ ਦਿੱਤਾ ਗਿਆ ਜਦੋਂ ਕਿ ਕਿਸੇ ਪਤਿਤ ਸਿੱਖ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਸਿਰੋਪਾਓ ਨਹੀਂ ਦਿੱਤਾ ਜਾਂਦਾ। ਪਰ ਸ਼੍ਰੋਮਣੀ ਕਮੇਟੀ ਵਲੋਂ ਰਵਾਇਤ ਮੁਤਾਬਕ ਚੰਨੀ ਨੂੰ ਜਾਣ ਵੇਲੇ ਸੂਚਨਾ ਕੇਂਦਰ ਚ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।