ਨਵਜੋਤ ਸਿੱਧੂ ਨੇ ਇਮਰਾਨ ਖ਼ਾਨ ਨੂੰ ਕਿਹਾ ‘ਵੱਡਾ ਭਰਾ’, BJP ਨੇ ਕਿਹਾ, ‘ਉਹੀ ਹੋਇਆ ਜਿਸ ਦਾ ਡਰ ਸੀ’

0
233

ਨਵੀਂ ਦਿੱਲੀ: ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਅਪਣਾ ਵੱਡਾ ਭਰਾ ਕਿਹਾ ਹੈ। ਇਮਰਾਨ ਖਾਨ ਨੂੰ ਲੈ ਕੇ ਸਿੱਧੂ ਦੇ ਬਿਆਨ ‘ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸਿੱਧੂ ਦਾ ਬਿਆਨ ਕਰੋੜਾਂ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ ਹੈ।

ਪਾਤਰਾ ਨੇ ਕਿਹਾ ਕਿ ਸਿੱਧੂ ਪਾਕਿਸਤਾਨ ਜਾ ਕੇ ਪਾਕਿਸਤਾਨ ਦੀ ਤਾਰੀਫ ਨਾ ਕਰਨ, ਅਜਿਹਾ ਨਹੀਂ ਹੋ ਸਕਦਾ। ਪਾਤਰਾ ਨੇ ਕਿਹਾ ਕਿ ਇਹ ਕਾਂਗਰਸ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਉਹਨਾਂ ਕਿਹਾ ਕਿ ਜਿਸ ਗੱਲ ਦਾ ਡਰ ਸੀ, ਉਹੀ ਹੋਇਆ। ਪਾਤਰਾ ਨੇ ਕਿਹਾ ਕਿ ਸਿੱਧੂ ਨੇ ਇਹ ਬਿਆਨ ਰਾਹੁਲ ਗਾਂਧੀ ਦੇ ਕਹਿਣ ‘ਤੇ ਦਿੱਤਾ ਹੈ। ਸਿੱਧੂ ਨੇ ਆਪਣੇ ਬਿਆਨ ‘ਚ ਕਿਹਾ ਸੀ ਕਿ ਇਮਰਾਨ ਖਾਨ ਮੇਰੇ ਵੱਡੇ ਭਰਾ ਵਾਂਗ ਹਨ। ਪਾਤਰਾ ਨੇ ਕਿਹਾ ਕਿ ਸਿੱਧੂ ਇਮਰਾਨ ਅਤੇ ਪਾਕਿਸਤਾਨ ਦੇ ਹੱਕ ਵਿਚ ਬਿਆਨ ਦਿੰਦੇ ਹਨ। ਬੀਜੇਪੀ ਬੁਲਾਰੇ ਨੇ ਕਿਹਾ ਕਿ ਸਿੱਧੂ ਅਪਣਾ ਪਾਕਿਸਤਾਨ ਨਾਲ ਰਿਸ਼ਤਾ ਵੱਡੇ ਭਰਾ ਤੱਕ ਲੈ ਆਏ ਹਨ।

ਭਾਜਪਾ ਬੁਲਾਰੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਲਮਾਨ ਖੁਰਸ਼ੀਦ ਅਤੇ ਮਣੀ ਸ਼ੰਕਰ ਵੀ ਆਪਣੇ ਬਿਆਨਾਂ ਵਿਚ ਹਿੰਦੂਤਵ ਨੂੰ ਗਾਲ੍ਹਾਂ ਕੱਢ ਚੁੱਕੇ ਹਨ। ਇਸ ਲੜੀ ਤਹਿਤ ਸਿੱਧੂ ਦਾ ਬਿਆਨ ਅਚਾਨਕ ਨਹੀਂ ਹੈ। ਉਹਨਾਂ ਕਿਹਾ ਕਿ ਇਹ ਕਾਂਗਰਸ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਭਾਜਪਾ ਨੇਤਾ ਨੇ ਸਵਾਲ ਚੁੱਕਿਆ ਕਿ ਕੀ ਪ੍ਰਿਅੰਕਾ ਗਾਂਧੀ ਵੀ ਇਮਰਾਨ ਨੂੰ ਆਪਣਾ ਵੱਡਾ ਭਰਾ ਮੰਨਦੀ ਹੈ।

ਭਾਜਪਾ ਬੁਲਾਰੇ ਨੇ ਕਿਹਾ ਕਿ ਪੰਜਾਬ ਸੰਵੇਦਨਸ਼ੀਲ ਸੂਬਾ ਹੈ, ਸਰਹੱਦੀ ਸੂਬਾ ਹੈ। ਜੰਮੂ-ਕਸ਼ਮੀਰ ਅਤੇ ਪੰਜਾਬ ਵਰਗੇ ਸੂਬਿਆਂ ਵਿਚ ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪਾਕਿਸਤਾਨ ਹਮੇਸ਼ਾ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੰਬਿਤ ਪਾਤਰਾ ਨੇ ਕਿਹਾ ਕਿ ਸਰਹੱਦੀ ਸੂਬੇ ਦੇ ਆਗੂਆਂ ਨੂੰ ਪ੍ਰਪੱਕ ਹੋਣਾ ਚਾਹੀਦਾ ਹੈ। ਉਹਨਾਂ ਵਿਚ ਦੇਸ਼ ਭਗਤੀ ਹੋਣੀ ਚਾਹੀਦੀ ਹੈ। ਉਹਨਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਭਾਰਤ ਬਾਰੇ ਕੀ ਕਹਿਣਾ ਹੈ ਅਤੇ ਕੀ ਨਹੀਂ ਕਹਿਣਾ ਚਾਹੀਦਾ।

ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਸਿੱਧੂ ਦੇ ਪੁਰਾਣੇ ਬਿਆਨ ਜੀਵੇ ਜੀਵੇ ਪਾਕਿਸਤਾਨ… ਅਤੇ ਮੇਰਾ ਯਾਰ ਦਿਲਦਾਰ ਦਾ ਹਵਾਲਾ ਦਿੱਤਾ। ਪਾਤਰਾ ਨੇ ਕਿਹਾ ਕਿ ਸਿੱਧੂ ਨੇ ਪਾਕਿਸਤਾਨ ਜਾ ਕੇ ਆਰਮੀ ਚੀਫ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਈ। ਭਾਜਪਾ ਨੇ ਕਿਹਾ ਕਿ ਜਿਸ ਬਾਜਵਾ ਅਤੇ ਪਾਕਿਸਤਾਨ ਨੇ ਭਾਰਤ ਦੀ ਪਿੱਠ ਵਿਚ ਛੁਰਾ ਮਾਰਿਆ ਸੀ ਸਿੱਧੂ ਉਸ ਨੂੰ ਜੱਫੀ ਪਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਫਿਰ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆਪਣਾ ਵੱਡਾ ਭਰਾ ਕਿਹਾ ਹੈ।