ਵਿਰਾਟ ਕੋਹਲੀ ਦੇ ਪਰਿਵਾਰ ਨੂੰ ਮਿਲ ਰਹੀਆਂ ਧ ਮ ਕੀ ਆਂ

0
317

ਨਵੀਂ ਦਿੱਲੀ: ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਐਤਵਾਰ ਨੂੰ ਟੀ-20 ਵਿਸ਼ਵ ਕੱਪ 2021 ਦੇ ਸੁਪਰ-12 ਰਾਊਂਡ ‘ਚ ਨਿਊਜ਼ੀਲੈਂਡ ਤੋਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤ ਨੂੰ ਆਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਤੋਂ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲਗਾਤਾਰ ਦੋ ਹਾਰਾਂ ਤੋਂ ਬਾਅਦ ਭਾਰਤੀ ਪ੍ਰਸ਼ੰਸਕ ਨਿਰਾਸ਼ ਹਨ ਅਤੇ ਸੋਸ਼ਲ ਮੀਡੀਆ ‘ਤੇ ਗੁੱਸਾ ਜ਼ਾਹਰ ਕਰ ਰਹੇ ਹਨ


ਇਸ ਦੌਰਾਨ ਵਿਰਾਟ ਕੋਹਲੀ ਅਤੇ ਹੋਰ ਖਿਡਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਕੋਹਲੀ ਦੇ ਪਰਿਵਾਰ ਨੂੰ ਧ ਮ ਕੀ ਦਿੱਤੀ ਹੈ, ਜਿਸ ਕਾਰਨ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਦੁਖੀ ਹਨ। ਭਾਰਤ ਦੀ ਹਾਰ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇੰਜ਼ਮਾਮ ਨੇ ਕਿਹਾ ਕਿ ਲੋਕਾਂ ਨੂੰ ਆਲੋਚਨਾ ਕਰਨ ਦਾ ਅਧਿਕਾਰ ਹੈ ਪਰ ਕਿਸੇ ਨੂੰ ਹੱਦ ਪਾਰ ਨਹੀਂ ਕਰਨੀ ਚਾਹੀਦੀ।

ਇੰਜ਼ਮਾਮ ਨੇ ਕਿਹਾ, ‘ਮੈਂ ਸੁਣਿਆ ਹੈ ਕਿ ਵਿਰਾਟ ਕੋਹਲੀ ਦੀ ਬੇਟੀ ਨੂੰ ਧ ਮ ਕੀ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਸਿਰਫ਼ ਇਕ ਖੇਡ ਹੈ। ਅਸੀਂ ਵੱਖ-ਵੱਖ ਦੇਸ਼ਾਂ ਲਈ ਖੇਡ ਰਹੇ ਹਾਂ ਪਰ ਅਸੀਂ ਇਕੋ ਭਾਈਚਾਰੇ ਦਾ ਹਿੱਸਾ ਹਾਂ। ਤੁਹਾਨੂੰ ਕੋਹਲੀ ਦੀ ਬੱਲੇਬਾਜ਼ੀ ਜਾਂ ਉਸ ਦੀ ਕਪਤਾਨੀ ਦੀ ਆਲੋਚਨਾ ਕਰਨ ਦਾ ਪੂਰਾ ਅਧਿਕਾਰ ਹੈ ਪਰ ਕਿਸੇ ਨੂੰ ਵੀ ਕ੍ਰਿਕਟਰ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦਾ ਅਧਿਕਾਰ ਨਹੀਂ ਹੈ। ਕੁਝ ਦਿਨ ਪਹਿਲਾਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ। ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹੈ। ਕੋਹਲੀ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਵਾਲੇ ਲੋਕਾਂ ਤੋਂ ਮੈਂ ਬਹੁਤ ਦੁਖੀ ਹਾਂ’।

ਇਸ ਤੋਂ ਬਾਅਦ ਇੰਜ਼ਮਾਮ ਨੇ ਭਾਰਤ-ਨਿਊਜ਼ੀਲੈਂਡ ਮੈਚ ਬਾਰੇ ਕਿਹਾ ਕਿ ਉਹ ਭਾਰਤੀ ਬੱਲੇਬਾਜ਼ਾਂ ਨੂੰ ਸਟ੍ਰਾਈਕ ਰੋਟੇਟ ਕਰਨ ਲਈ ਸੰਘਰਸ਼ ਕਰਦੇ ਦੇਖ ਕੇ ਹੈਰਾਨ ਰਹਿ ਗਏ। ਉਹਨਾਂ ਕਿਹਾ “ਇਹ ਟੂਰਨਾਮੈਂਟ ਵਿਚ ਇਕ ਮਹੱਤਵਪੂਰਨ ਮੈਚ ਸੀ। ਭਾਰਤ-ਪਾਕਿਸਤਾਨ ਮੈਚ ਤੋਂ ਬਾਅਦ ਸ਼ਾਇਦ ਇਹ ਸਭ ਤੋਂ ਮਹੱਤਵਪੂਰਨ ਮੈਚ ਸੀ। ਭਾਰਤੀ ਟੀਮ ਜਿਸ ਤਰ੍ਹਾਂ ਖੇਡੀ, ਉਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ। ਖਿਡਾਰੀ ਪੂਰੀ ਤਰ੍ਹਾਂ ਨਿਰਾਸ਼ ਸਨ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਭਾਰਤ ਵਰਗੀ ਟੀਮ ਆਪਣੇ ‘ਤੇ ਇੰਨਾ ਦਬਾਅ ਕਿਵੇਂ ਲੈ ਸਕਦੀ ਹੈ। ਮੈਂ ਟੀਮ ਇੰਡੀਆ ਨੂੰ ਇਸ ਤਰ੍ਹਾਂ ਖੇਡਦੇ ਕਦੇ ਨਹੀਂ ਦੇਖਿਆ।