ਨਾ ਹੀ ਸਿੱਖਾਂ ਨੂੰ ਕੋਈ ਭੁਲੇਖਾ ਸੀ ਤੇ ਨਾ ਹੀ ਡੇਰਾ ਪ੍ਰੇਮੀਆਂ (ਨਫਰਤੀਆਂ) ਨੇ ਕੋਈ ਓਹਲਾ ਰੱਖਿਆ

0
294

ਧੰਨ ਇੱਕੀਵੀਂ ਸਦੀ ਦੇ ਸਿੱਖ, ਜਿਨ੍ਹਾਂ ਸਿਦਕ ਨਹੀਂ ਹਾਰਿਆ………….ਉਨ੍ਹਾਂ ਨੂੰ ਵਧਾਈ ਹੋਵੇ। *********************

ਨਾ ਹੀ ਸਿੱਖਾਂ ਨੂੰ ਕੋਈ ਭੁਲੇਖਾ ਸੀ ਤੇ ਨਾ ਹੀ ਡੇਰਾ ਪ੍ਰੇਮੀਆਂ (ਨਫਰਤੀਆਂ) ਨੇ ਕੋਈ ਓਹਲਾ ਰੱਖਿਆ।ਛੇ ਸਾਲ ਪਹਿਲਾਂ ਡੇਰਾ ਪ੍ਰੇਮੀਆਂ ਨੇ ਗੁਰੂਦੁਆਰਾ ਬੁਰਜ਼ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕੀਤੀ। ਫੇਰ ਡੇਰਾ ਪ੍ਰੇਮੀਆਂ ਨੇ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ‘ਚ ਪੋਸਟਰ ਲਾਏ ਕਿ ਬੀੜ ਸਾਡੇ ਕੋਲ ਹੈ ਅਤੇ ਅਸੀਂ ਗਲੀਆਂ ‘ਚ ਰੋਲਾਂਗੇ। ਫੇਰ ਉਵੇਂ ਹੀ ਕੀਤਾ।

ਪਿੱਛਲੇ ਦਿਨੀ ਫਰੀਦਕੋਟ ਅਦਾਲਤ ਵਿੱਚ ਇਕ ਟੈਸਟ ਰਿਪੋਰਟ ਪੇਸ਼ ਕੀਤੀ ਗਈ ਹੈ। ਇਹ ਟੈਸਟ ਰਿਪੋਰਟ ਲਿਖਾਈ ਦੀ ਪਹਿਚਾਣ ਕਰਨ ਵਾਸਤੇ ਕੀਤੀ ਗਈ ਸੀ। ਇਸ ਤੋਂ ਪਤਾ ਲੱਗਿਆ ਹੈ ਕਿ ਜੋ ਪੋਸਟਰ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ‘ਚ ਲਾਏ ਗਏ ਸਨ। ਉਨ੍ਹਾਂ ਨੂੰ ਲਿਖਣ ਵਾਲਾ ਇਕ ਸੁਖਜਿੰਦਰ ਸਨੀ ਨਾਮ ਦਾ ਡੇਰਾ ਪ੍ਰੇਮੀ ਸੀ। ਬੇਅਦਬੀ ਹੋਣ ਤੋਂ ਛੇ ਸਾਲ ਬਾਅਦ ਉਸ ਦੀ ਲਿਖਾਈ ਦਾ ਨਮੂਨਾ ਟੈਸਟ ਕਰਨ ਵਾਸਤੇ ਭੇਜਿਆ ਗਿਆ। ਲਿਖਾਈ ਦਾ ਮੇਲ ਹੋ ਗਿਆ, ਓਹਦੀ ਹੀ ਨਿਕਲੀ।

ਪਰ ਲਿਖਾਈ ਦਾ ਨਮੂਨਾ ਭੇਜਣ ਵਿੱਚ ਛੇ ਸਾਲ ਦੀ ਦੇਰੀ ਕਿਉਂ ਹੋਈ? ਇਹ ਦੇਰੀ ਸਿੱਖੀ ਸਿਦਕ ਦੀ ਪਰਖ ਸੀ। ਭਾਰਤ ਦੇ ਖੱਬੇ ਪੱਖੀਆਂ, ਸੱਜੇ ਪੱਖੀਆਂ, ਲਿਬਰਲਾਂ, ਪੁਲਿਸ, ਸੀ ਬੀ ਆਈ, ਅਦਾਲਤਾਂ, ਪ੍ਰੈਸ ਮੀਡੀਆ ਅਤੇ ਇਥੋਂ ਤੱਕ ਕਿ ਅਕਾਲੀ ਦਲ ਨੇ ਇਨ੍ਹਾਂ ਛੇ ਸਾਲਾਂ ‘ਚ ਸਿੱਖਾਂ ਦਾ ਸਿਦਕ ਪਰਖਿਆ। ਭਾਰਤ ਦੀ ਸਾਰੀ ਤਾਕਤ ਲੱਗ ਗਈ ਤਾਂ ਕਿ ਸਿੱਖ ਸਿਦਕ ਤੋਂ ਡੋਲ ਜਾਣ। ਬੇਅਦਬੀ ਦੇ ਮਸਲੇ ਨੂੰ ਭੁੱਲ ਜਾਣ।

ਇਨ੍ਹਾਂ ਛੇ ਸਾਲਾਂ ‘ਚ ਹਰ ਕੋਸ਼ਿਸ਼ ਹੋਈ ਕਿ ਕਿਵੇਂ ਨਾ ਕਿਵੇਂ ਇਹ ਸਾਬਤ ਕੀਤਾ ਜਾਵੇ ਕਿ ਬੇਅਦਬੀ ਨੂੰ ਸਿੱਖ ਗੰਭੀਰਤਾ ਨਾਲ ਨਹੀਂ ਲੈਂਦੇ।‌ ਗੁਰੂ ਗ੍ਰੰਥ ਸਾਹਿਬ ਇਕ ਕਿਤਾਬ ਹੈ। ਜੇ ਕਿਸੇ ਨੇ ਇਕ ਕਿਤਾਬ ਪਾੜ ਦਿੱਤੀ ਤਾਂ ਉਸ ਨਾਲ ਵਿਚਾਰ ਨਹੀਂ ਪਾੜਦੇ।

ਇਸ ਤਰ੍ਹਾਂ ਦੇ ਹੋਰ ਕਈ ਖੁਸ਼ਕ ਤਰਕ ਘੜੇ ਗਏ ਅਤੇ ਇਨ੍ਹਾਂ ਤਰਕਾਂ ਨੂੰ ਸਿੱਖਾਂ ‘ਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਕਿ ਸਿੱਖਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ‘ਚ ਆਸਥਾ ਨੂੰ ਖਤਮ ਕਰਨ ਵੱਲ ਵਧਿਆ ਜਾ ਸਕੇ। ਇਹ ਸਿੱਖਾਂ ਦੀ ਰੂਹਾਨੀ ਪੂੰਜੀ ‘ਤੇ ਪਿਛਲੇ ਪੰਜ ਸੌ ਸਾਲਾਂ ‘ਚ ਸਭ ਤੋਂ ਵੱਡਾ ਹ ਮ ਲਾ ਸੀ।

ਜੂਨ 2015 ਵਿੱਚ ਬੀੜ ਚੋਰੀ ਹੋਈ। ਸਿੱਖਾਂ ਨੂੰ ਪਤਾ ਸੀ ਕਿ ਡੇਰਾ ਪ੍ਰੇਮੀਆਂ ਨੇ ਚੋਰੀ ਕੀਤੀ ਹੈ।‌ ਪੁਲਿਸ ਨੂੰ ਵੀ ਪਤਾ ਸੀ। ਅਕਾਲੀ ਸਰਕਾਰ ਨੂੰ ਵੀ ਪਤਾ ਸੀ। ਪਰ ਇਸ ਦੇ ਬਾਵਜੂਦ ਅਕਾਲੀ ਸਰਕਾਰ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਅਕਾਲ ਤਖ਼ਤ ਤੋਂ ਸਤੰਬਰ 2015 ‘ਚ ਮਾਫ਼ੀ ਦਿਵਾਈ। ਫੇਰ ਤੁਰੰਤ ਉਸ ਦੀ ਫਿਲਮ ਪੰਜਾਬ ‘ਚ ਰਲੀਜ਼ ਕਰਵਾਈ।
ਇਕ ਪਾਸੇ ਪ੍ਰੇਮੀ ਪੋਸਟਰ ਲਾ ਕੇ ਦੱਸ ਰਹੇ ਸਨ ਕਿ ਚੋਰੀ ਹੋਈ ਬੀੜ ਉਨ੍ਹਾਂ ਕੋਲ ਹੈ ਅਤੇ ਉਹ ਬੇਅਦਬੀ ਕਰਨਗੇ। ਦੂਜੇ ਪਾਸੇ ਡੇਰਾ ਮੁਖੀ ਦੀ ਫਿਲਮ ਦਿਖਾਉਣ ਵਾਸਤੇ ਅਕਾਲੀ ਲੀਡਰ ਪ੍ਰੇਮੀਆਂ ਦੀਆਂ ਬੱਸਾਂ ਭਰ ਭਰ ਸਿਨਮਿਆਂ ਤੱਕ ਲ਼ੈਕੇ ਜਾ ਰਹੇ ਸਨ। ਅਕਾਲੀ ਚਾਹੁੰਦੇ ਸਨ ਕਿ ਸਿੱਖ ਸਿਰਫ ਸਿੱਖਾਂ ਦੀ ਪਾਰਟੀ ਕਹੀ ਜਾਣ ਵਾਲੇ ਅਕਾਲੀ ਦਲ ਨੂੰ ਸੱਤਾ ‘ਚ ਰੱਖਣ ਲਈ ਡੇਰਾ ਪ੍ਰੇਮੀਆਂ ਨਾਲ ਸਮਝੌਤਾ ਕਰ ਲੈਣ। ਬੇਸ਼ੱਕ ਇਸ ਵਾਸਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਚੋਰੀ ਹੋਈ ਬੀੜ ਬਾਰੇ ਭੁੱਲਣਾ ਪਵੇ। ਬੇਸ਼ੱਕ ਇਸ ਵਾਸਤੇ ਉਹ ਭੁੱਲ ਜਾਣ ਕਿ ਕਿਵੇਂ ਡੇਰਾ ਮੁਖੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਕਾਲੀ ਦਲ ਚਾਹੁੰਦਾ ਸੀ ਕਿ ਸਿੱਖ ਆਵਦੀ ਸਿਆਸਤ ਪਿੱਛੇ ਆਪਣੇ ਇਸ਼ਟ ਨੂੰ ਪਿੱਛੇ ਕਰ ਦੇਣ। ਇਸ ਖਾਤਰ ਅਕਾਲੀ ਦਲ ਨੇ ਸਦਭਾਵਨਾ ਰੈਲੀਆਂ ਸਾਰੇ ਪੰਜਾਬ ‘ਚ ਰੱਖੀਆਂ। ਇਨ੍ਹਾਂ ਰੈਲੀਆਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗੇ ਸਿੱਖ ਯੋਧਿਆਂ ਤੱਕ ਨੂੰ ਨਿਸ਼ਾਨੇ ‘ਤੇ ਲਿਆ ਗਿਆ।

ਇਸ ਦੌਰਾਨ ਖੱਬੇ ਪੱਖੀਆਂ, ਕਿਸਾਨ ਯੂਨੀਅਨਾਂ ਅਤੇ ਸੱਜੇ ਪੱਖੀਆਂ ਨੇ ਕਿਹਾ ਕਿ ਸਿੱਖ ਤਾਂ ਖਾਹ ਮਖਾਹ ਰੌਲਾ ਪਾਈ ਜਾਂਦੇ ਨੇ। ਸਿੱਖਾਂ ਦੇ ਬੇਅਦਬੀ ਬਾਰੇ ਪਾਏ ਜਾਂਦੇ ਬੇਲੋੜੇ ਰੌਲੇ ਕਾਰਨ ‘ਮੁੱਖ ਮੁੱਦਿਆਂ’ ਨੂੰ ਸੱਟ ਵੱਜਦੀ ਹੈ। ਇਹ ਤਾਂ ਬਾਹਰਲੇ ਸਿੱਖ ਨੇ, ਜੋ ਪੈਸੇ ਭੇਜ ਕੇ ਬੇਅਦਬੀ ਦੇ ਨਾਮ ‘ਤੇ ਰੌਲਾ ਪਵਾ ਰਹੇ ਨੇ। ਨਹੀਂ ਤਾਂ ਸਿੱਖਾਂ ਵਾਸਤੇ ਕਣਕ ਅਤੇ ਝੋਨੇ ਦੇ ਰੇਟ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੋਂ ਜ਼ਿਆਦਾ ਜ਼ਰੂਰੀ ਨੇ।

ਅਕਾਲੀ ਦਲ ਅਤੇ ਖੱਬੇ ਪੱਖੀ ਕਿਸਾਨ ਯੂਨੀਅਨਾਂ ਦੇ ਗਠਜੋੜ ਨੇ ਤਾਂ ਐਥੋਂ ਤੱਕ ਕਿਹਾ ਕਿ ਬੇਅਦਬੀ ਸਿੱਖਾਂ ਨੇ ਆਪ ਕਰਵਾਈ ਹੈ। ਪੁਲਿਸ, ਅਦਾਲਤਾਂ ਅਤੇ ਸੀ ਬੀ ਆਈ ਸਾਰੇ ਸਿੱਖਾਂ ਨੂੰ ਨਿਆਂ ਦੇਣ ਤੋਂ ਇਨਕਾਰੀ ਹੋ ਗਏ।

ਜਦੋਂ ਇਹ ਸਭ ਹੋ ਰਿਹਾ ਸੀ ਤਾਂ ਸਿੱਖ ਆਵਦੇ ਸਿਦਕ ‘ਤੇ ਅੜੇ ਰਹੇ। ਪਹਿਲਾਂ ਅਕਾਲੀਆਂ ਨੂੰ ਪੰਦਰਾਂ ਸੀਟਾਂ ‘ਤੇ ਲਿਆ ਕੇ ਸੁੱਟ ਦਿੱਤਾ। ਫੇਰ ਬਰਗਾੜੀ ਮੋਰਚਾ ਲਾ ਕੇ ਕੈਪਟਨ ਨੂੰ ਗੋਡਿਆਂ ਪਰਨੀ ਕੀਤਾ ਤੇ ਆਖਰ ਕੈਪਟਨ ਨੂੰ ਵੀ ਗੱਦੀ ਤੋਂ ਲੁਹਾਇਆ।

ਕਿਹਾ ਜਾਂਦਾ ਸੀ ਕਿ ਸਿੱਖ ਨਹੀਂ ਜੱਟ ਬੇਅਦਬੀ ਦਾ ਰੌਲਾ ਪਾਉਂਦੇ ਨੇ। ਜੋ ਕਿ ਝੂਠ ਸੀ। ਪਰ ਜੇ ਇਸ ਲਿਹਾਜ਼ ਤੋਂ ਵੀ ਦੇਖਣਾ ਤਾਂ ਵੀ ਦੋ-ਦੋ ਜੱਟ ਮੁੱਖ ਮੰਤਰੀ ਬੇਅਦਬੀ ਦੇ ਮੁੱਦੇ ‘ਤੇ ਲਾਹੇ ਗਏ ਅਤੇ ਇਕ ਦਲਿਤ ਵਾਸਤੇ ਮੁੱਖ ਮੰਤਰੀ ਬਣਨ ਦਾ ਮੌਕਾ ਪੈਦਾ ਹੋਇਆ।

ਸਿੱਖ ਆਵਦੇ ਸਿਦਕ ‘ਤੇ ਰਹੇ ਤੇ ਅੱਜ ਛੇ ਸਾਲਾਂ ਬਾਅਦ ਸਾਬਤ ਹੋ ਗਿਆ ਕਿ ਸਿੱਖ ਸੱਚੇ ਸਨ। ਉਹ ਸਾਰੇ ਬੁੱਧੀਜੀਵੀ, ਸਿਆਸਤਦਾਨ, ਖੱਬੇ ਪੱਖੀ ‘ਤੇ ਹੋਰ ਧਿਰਾਂ, ਜਿਨ੍ਹਾਂ ਨੂੰ ਲੱਗਦਾ ਸੀ ਕਿ ਸਿੱਖ ਅੱਕ ਥੱਕ ਕੇ ਬੇਅਦਬੀ ਬਾਰੇ ਭੁੱਲ ਜਾਣਗੇ। ਉਹ ਸਾਰੇ ਗਲਤ ਸਾਬਤ ਹੋਏ।

ਸਿੱਖਾਂ ਨੇ ਇਹ ਇਕ ਵੱਡਾ ਇਮਤਿਹਾਨ ਪਾਸ ਕੀਤਾ ਹੈ।‌ ਇੱਕੀਵੀਂ ਸਦੀ ‘ਚ ਇਹ ਇਮਤਿਹਾਨ ਪਾਸ ਕਰਨਾ ਅਠਾਰਵੀਂ ਸਦੀ ਨਾਲੋਂ ਕੋਈ ਸੌਖਾ ਨਹੀਂ ਸੀ।ਇੱਕੀਵੀਂ ਸਦੀ ਦੇ ਸਿੱਖਾਂ ਨੂੰ ਸਿਦਕ ਨਾ ਹਾਰਨ ਦੀ ਵਧਾਈ।

#ਮਹਿਕਮਾ_ਪੰਜਾਬੀ