ਦਿੱਲੀ ਦੇ ਟਿਕਰੀ ਬਾਰਡਰ ‘ਤੇ ਤੇਜ਼ ਰਫ਼ਤਾਰ ਟਿੱਪਰ ਨੇ 3 ਕਿਸਾਨ ਔਰਤਾਂ ਨੂੰ ਕੁਚਲ ਦਿੱਤਾ, ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇਸ ਹਾਦਸੇ ‘ਚ 2 ਹੋਰ ਔਰਤਾਂ ਜ਼ਖ਼ਮੀ ਹੋ ਗਈਆਂ ਹਨ | ਇਹ ਸਾਰੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂਵਾਲਾ ਨਾਲ ਸੰਬੰਧਿਤ ਹਨ | ਮਿ੍ਤਕਾਂ ਦੀ ਪਹਿਚਾਣ ਸੁਖਵਿੰਦਰ ਕੌਰ ਉਰਫ਼ ਸ਼ਿੰਦਰ ਕੌਰ (55) ਪਤਨੀ ਭਗਵਾਨ ਸਿੰਘ, ਅਮਰਜੀਤ ਕੌਰ (51) ਪਤਨੀ ਹਰਜੀਤ ਸਿੰਘ, ਗੁਰਮੇਲ ਕੌਰ (65) ਪਤਨੀ ਭੋਲਾ ਸਿੰਘ ਵਜੋਂ ਹੋਈ ਹੈ ਜਦਕਿ ਗੰਭੀਰ ਜ਼ਖ਼ਮੀ ਗੁਰਮੇਲ ਕੌਰ (60) ਪਤਨੀ ਮੇਹਰ ਸਿੰਘ ਨੂੰ ਪੀ.ਜੀ.ਆਈ. ਰੋਹਤਕ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਅਤੇ ਹਰਮੀਤ ਕੌਰ (56) ਪਤਨੀ ਗੁਰਤੇਜ ਸਿੰਘ ਬਹਾਦਰਗੜ੍ਹ (ਹਰਿਆਣਾ) ਦੇ ਹਸਪਤਾਲ ‘ਚ ਜ਼ੇਰੇ ਇਲਾਜ ਹੈ | ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ |
ਜ਼ਿਕਰਯੋਗ ਹੈ ਕਿ ਉਪਰੋਕਤ ਪਿੰਡ ਦੇ ਕਿਸਾਨਾਂ ਦਾ 8 ਮੈਂਬਰੀ ਜਥਾ ਜਿਸ ਵਿਚ 7 ਔਰਤਾਂ ਤੇ 1 ਮਰਦ ਸ਼ਾਮਿਲ ਸਨ, ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਣ ਤੋਂ ਬਾਅਦ ਵਾਪਸ ਮਾਨਸਾ ਨੂੰ ਆਉਣ ਦੀ ਤਿਆਰੀ ‘ਚ ਸੀ | ਘਟਨਾ ਸਥਾਨ ‘ਤੇ ਮੌਜੂਦ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਇਹ ਸਾਰੇ ਜਣੇ ਵਾਪਸ ਆਉਣ ਲਈ ਝੱਜਰ ਰੋਡ ‘ਤੇ ਫਲਾਈ ਓਵਰ ਕੋਲ ਆਟੋ ਦੀ ਉਡੀਕ ਕਰ ਰਹੇ ਸਨ ਤਾਂ ਤੇਜ਼ ਰਫ਼ਤਾਰ ਟਿੱਪਰ, ਜਿਸ ਵਿਚ ਕਰੈਸ਼ਰ ਭਰਿਆ ਹੋਇਆ ਸੀ, ਉਨ੍ਹਾਂ ‘ਤੇ ਆ ਚੜਿ੍ਹਆ |
ਉਨ੍ਹਾਂ ਦੱਸਿਆ ਕਿ ਬਹਾਦਰਗੜ੍ਹ ਥਾਣੇ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਨ ਉਪਰੰਤ ਭਾਵੇਂ ਚਾਲਕ ਮੰਗਲ ਸਿੰਘ ਵਾਸੀ ਅਲੀਪੁਰ (ਯੂ.ਪੀ.) ਨੂੰ ਗਿ੍ਫ਼ਤਾਰ ਕਰ ਲਿਆ ਹੈ ਪਰ ਕਿਸਾਨਾਂ ਨੂੰ ਸ਼ੱਕ ਹੈ ਕਿ ਪਿਛਲੇ ਦਿਨਾਂ ਤੋਂ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਪਿੱਛੇ ਕੋਈ ਸਾਜ਼ਿਸ਼ ਹੈ | ਉਨ੍ਹਾਂ ਦੱਸਿਆ ਕਿ ਇਸ ਮੁੱਦੇ ਨੂੰ ਲੈ ਕੇ ਝੱਜਰ ਦੇ ਐਸ.ਪੀ. ਨਾਲ ਕਿਸਾਨ ਆਗੂਆਂ ਦੀ ਮੀਟਿੰਗ ਵੀ ਹੋਈ | ਉਨ੍ਹਾਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਤੱਥਾਂ ਸਹਿਤ ਪੜਤਾਲ ਕਰਵਾਈ ਜਾਵੇ | ਅਧਿਕਾਰੀ ਨੇ ਵਿਸ਼ਵਾਸ ਦਿਵਾਇਆ ਹੈ ਕਿ ਘਟਨਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ | ਕਿਸਾਨ ਆਗੂ ਨੇ ਦੱਸਿਆ ਕਿ ਭਲਕੇ 29 ਅਕਤੂਬਰ ਨੂੰ ਮੀਟਿੰਗ ਕਰਨ ਉਪਰੰਤ ਹੀ ਫ਼ੈਸਲਾ ਲਿਆ ਜਾਵੇਗਾ ਕਿ ਮਿ੍ਤਕ ਔਰਤਾਂ ਦਾ ਪੋਸਟਮਾਰਟਮ ਕਦੋਂ ਕਰਵਾਉਣਾ ਹੈ | ਉਧਰ ਇਸ ਘਟਨਾ ਨਾਲ ਪਿੰਡ ਖੀਵਾ ਦਿਆਲੂਵਾਲਾ ਦੇ ਨਾਲ ਹੀ ਜ਼ਿਲ੍ਹੇ ‘ਚ ਸੋਗ ਦੀ ਲਹਿਰ ਫੈਲ ਗਈ ਹੈ |