ਕੈਲਗਰੀ : ਸਥਾਨਕ ਦਸ਼ਮੇਸ਼ ਕਲਚਰਲ ਸੈਂਟਰ ਗੁਰਦੁਆਰੇ ਨੂੰ ਜਾਂਦੀ ਸੜਕ ਉੱਪਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਪੱਗ ਅਤੇ ਗਊਆਂ ਬਾਰੇ ਨਸਲੀ ਅਪਸ਼ਬਦ ਲਿਖੇ ਗਏ। ਇੱਕ ਨਿੱਜੀ ਚੈਨਲ ਦੀ ਖ਼ਬਰ ਮੁਤਾਬਕ ਇਹ ਘਟਨਾ ਜੋਤੀ ਗੋਨਡੇਕ, ਕੈਲਗਰੀ ਦੇ ਪਹਿਲੇ ਮਹਿਲਾ ਮੇਅਰ ਬਣਨ ਤੋਂ ਇਕ ਦਿਨ ਮਗਰੋਂ ਵਾਪਰੀ।
ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕੈਲਗਰੀ ਪੁਲਿਸ ਨੇ ਆਪਣੇ ਟਵੀਟ ਵਿਚ ਲਿਖਿਆ, ”ਸਾਨੂੰ ਦਸ਼ਮੇਸ ਕਲਚਰਲ ਸੈਂਟਰ ਕੋਲ ਹੋਈ ਗਰੇਫਿਟੀ ਘਟਨਾ ਬਾਰੇ ਪਤਾ ਹੈ। ਇਹ ਕਾਰਵਾਈ ਸਵੀਕਾਰਨਯੋਗ ਨਹੀਂ ਹੈ ਅਤੇ ਅਸੀਂ ਡੂੰਘਾਈ ਨਾਲ ਜਾਂਚ ਕਰ ਕੇ ਇਸ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ ਵਚਨਬੱਧ ਹਾਂ।”
ਘਟਨਾ ਦੀ ਕੈਲਗਰੀ ‘ਚ ਚਾਰੇ ਪਾਸਿਉਂ ਨਿੰਦਾ ਹੋ ਰਹੀ ਹੈ। ਟਵਿੱਟਰ ‘ਤੇ ਬਹੁਤ ਸਾਰੇ ਸਿਆਸੀ ਆਗੂਆਂ ਨੇ ਇਸ ਮਸਲੇ ਬਾਰੇ ਟਵੀਟ ਕੀਤੇ ਹਨ ਅਤੇ ਲਿਖਿਆ ਹੈ ਕਿ ਕੈਨੇਡੀਅਨ ਸਮਾਜ ਵਿਚ ਅਜਿਹੇ ਕੰਮਾਂ ਲਈ ਕੋਈ ਜਗ੍ਹਾ ਨਹੀ ਹੋਣੀ ਚਾਹੀਦੀ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਬਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰਦੁਆਰੇ ਨੂੰ ਨਸਲੀ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ ਜਦੋਂ 2016 ਵਿਚ ਗੁਰਦੁਆਰੇ ਦੇ ਬਾਹਰ ਨਾਜ਼ੀ ਸਵਾਸਤਿਕ ਦੇ ਨਿਸ਼ਾਨ ਬਣਾਏ ਗਏ ਸਨ।