ਕੈਨੇਡਾ ਦੇ ਕੁਝ ਇਲਾਕਿਆਂ ‘ਚ ਘਰ ਮਹਿੰਗੇ ਕਿਓਂ ਹੋ ਰਹੇ?

0
235

ਸਭ ਤੋਂ ਵੱਡਾ ਕਾਰਨ ਹੈ ਕਿ ਓਨੇ ਘਰ ਬਣ ਨਹੀਂ ਰਹੇ, ਜਿੰਨੇ ਲੋਕਾਂ ਨੂੰ ਚਾਹੀਦੇ। ਹੋਰ ਕਾਰਨਾਂ ‘ਚ ਥਾਂ ਦੀ ਘਾਟ, ਦੂਰ ਦੁਰਾਡੇ ਸਰਵਿਸਿਜ਼ ਦੀ ਘਾਟ, ਘਰ ਬਣਾਉਣ ਲਈ ਵਰਤਿਆ ਜਾਂਦਾ ਸਮਾਨ ਮਹਿੰਗਾ ਹੋਣਾ, ਭੇਡ-ਚਾਲ, ‘ਖਰੇ ਸਾਥੋਂ ਘਰ ਲੈ ਹੀ ਨੀ ਹੋਣਾ’ ਦਾ ਡਰ, ਘਰ ਦਾ ਰਿਹਾਇਸ਼ ਦੀ ਜਗ੍ਹਾ ਖਰੀਦਣਾ-ਵੇਚਣਾ ਇੱਕ ਵਪਾਰ ਬਣ ਜਾਣਾ, ਆਦਿ ਵੀ ਕਾਰਨ ਹਨ।

ਇੱਕ ਤਾਜ਼ਾ ਵੱਡਾ ਕਾਰਨ ਹੈ, ਕੈਨੇਡਾ ਦਾ ਸੇਫ ਹੈਵਨ ਬਣਨਾ।

ਅੱ ਤ ਵਾ ਦ ਤੇ ਹਿੰ ਸਾ ਮੁਕਤ ਦੇਸ਼, ਸਾਫ਼ ਪਾਣੀ ਤੇ ਹਵਾ ਹੋਣ ਕਾਰਨ ਦੁਨੀਆ ਭਰ ਦੇ ਲੋਕ ਪਹਿਲਾਂ ਹੀ ਇੱਥੇ ਆਉਣਾ ਚਾਹੁੰਦੇ ਸਨ, ਉੱਤੋਂ ਕਰੋਨਾ ‘ਚ ਕੈਨੇਡਾ ਸਰਕਾਰ ਵੱਲੋਂ ਕੀਤੇ ਉੱਦਮਾਂ ਕਾਰਨ ਮਹਾਮਾਰੀ ਕਾਬੂ ‘ਚ ਰਹੀ, ਮਾਇਕ ਮਦਦ ਵੀ ਮਿਲੀ, ਜਦਕਿ ਹੋਰ ਥਾਂ ਅਜਿਹਾ ਨਹੀਂ ਹੋ ਸਕਿਆ।

ਜਿਨ੍ਹਾਂ ਮੁਲਕਾਂ ‘ਚ ਅਮੀਰਾਂ ਨੂੰ ਵੀ ਆਕਸੀਜਨ ਤੱਕ ਨੀ ਮਿਲੀ, ਉਹ ਆਪਣਾ ਸਮਾਨ ਬੰਨ੍ਹੀ ਬੈਠੇ ਸਨ ਕਿ ਕਦੋਂ ਨਿਕਲ਼ੀਏ। ਮਿਸਾਲ ਵਜੋਂ ਭਾਰਤ ਤੋਂ ਲੱਖਾਂ ਲੋਕ ਕਿਸੇ ਨਾ ਕਿਸੇ ਤਰਾਂ ਕੈਨੇਡਾ ਨਿਕਲਣਾ ਚਾਹ ਰਹੇ ਹਨ, ਜੋ ਸ਼ਹਿਰੀ ਹਨ, ਕਰੋੜਪਤੀ ਹਨ। ਸੋਚ ਰਹੇ ਹਨ ਕਿ ਬੱਚੇ ਤੇ ਅੱਧ ਪਚੱਧ ਪੈਸਾ ਕੈਨੇਡਾ ਨਿਕਲ ਜਾਵੇ, ਇੱਥੇ ਪਤਾ ਨੀ ਕੀ ਬਣਨਾ।
ਬਾਕੀ ਕੈਨੇਡਾ ਦੇ ਟਰਾਂਟੋ-ਵੈਨਕੂਵਰ ਵਰਗੇ ਸ਼ਹਿਰਾਂ ਦੇ ਨਾਲ ਲੱਗਦੇ ਸ਼ਹਿਰ ਹਾਲੇ ਵੀ ਆਪਣੇ ਮੁਕਾਬਲੇ ਦੇ ਦੁਨੀਆ ਦੇ ਸ਼ਹਿਰਾਂ ਨਾਲ਼ੋਂ ਸਸਤੇ ਹਨ।

ਉਦਾਹਰਨ ਵਜੋਂ ਸਰੀ ਡੈਲਟਾ ‘ਚ ਰਹਿਣ ਵਾਲਾ ਘਰ 15-16 ਲੱਖ ਦਾ ਮਿਲ ਰਿਹਾ। ਭਾਰਤੀ ਰੁਪਏ ਹਿਸਾਬ 9-10 ਕਰੋੜ ਦਾ, ਜਿਸਦੀ ਲਾਟ 7000 ਸੁਕੇਅਰ ਫੁੱਟ ਹੈ, ਜਾਣੀਕਿ ਤਕਰੀਬਨ ਡੇਢ ਕਨਾਲ਼। ਉਹ ਲਾਟ ਜਿਸ ‘ਤੇ ਸਿਟੀ ਦਾ ਪਾਣੀ ਆਉਂਦਾ, ਗਾਰਬੇਜ ਤੇ ਰੀਸਾਈਕਲ ਸਿਟੀ ਚੁੱਕਦੀ, ਅੱਗੇ ਸੜਕ ਬਹੁਤ ਵਧੀਆ ਬਣੀ ਹੈ, ਸੀਵਰੇਜ ਨਾਲ ਜੁੜੀ ਹੋਈ ਹੈ, ਸਕੂਲ ਤੇ ਪਾਰਕ ਕੋਲ ਹਨ।

ਕੀ ਏਡੀ ਲਾਟ ‘ਤੇ ਬਣੀ ਕੋਠੀ, ਜਿਸ ਵਿੱਚ ਇਹ ਸਭ ਸਹੂਲਤਾਂ ਹੋਣ, ਏਨੀ ਕੀਮਤ ‘ਚ ਚੰਡੀਗੜ੍ਹ ਮਿਲ ਜਾਂਦੀ? ਦਿੱਲੀ-ਬੰਬੇ ਤਾਂ ਗੱਲ ਹੀ ਦੂਰ ਦੀ ਹੈ। ਕੀ ਨਿਊਯਾਰਕ, ਲੰਡਨ, ਫਰਾਂਸ, ਹਾਂਗਕਾਂਗ ਇਹ ਰੇਟ ਮਿਲ ਜਾਂਦਾ? ਜੋ ਕਿ ਵੈਨਕੂਵਰ-ਟਰਾਂਟੋ ਦੇ ਮੁਕਾਬਲੇ ਹਨ।

ਜਵਾਬ ਹੈ, ਨਹੀਂ।

ਸੰਸਾਰ ਇੱਕ ਪਿੰਡ ਬਣ ਚੁੱਕਾ। ਇਸ ਲਈ ਸੰਸਾਰ ਪੱਧਰ ‘ਤੇ ਮੁਕਾਬਲੇ ‘ਚ ਵੈਨਕੂਵਰ-ਟਰਾਂਟੋ ਤੇ ਨਾਲ ਲੱਗਦੇ ਸ਼ਹਿਰ ਹਾਲੇ ਵੀ ਸਸਤੇ ਹਨ।

ਕੈਨੇਡਾ ਸਰਕਾਰ ਤੇ ਸੂਬਾ ਸਰਕਾਰਾਂ ਬਾਹਰੀ ਖਰੀਦ ‘ਤੇ ਰੋਕ ਜਾਂ ਟੈਕਸ ਵਧਾ ਦੇਣ, ਇੱਕ ਤੋਂ ਵੱਧ ਘਰ ਲੈਣ ‘ਤੇ ਪਾਬੰਦੀ ਲਾ ਦੇਣ ਤਾਂ ਕੁਝ ਹੱਦ ਤੱਕ ਕੰਟਰੋਲ ਕਰ ਸਕਦੀਆਂ ਪਰ ਅਸਲ ਕੰਟਰੋਲ ਸਪਲਾਈ ਵਧਾ ਕੇ ਹੋਣਾ, ਜੋ ਸ਼ਹਿਰੀ (ਮਿਊਂਸਪਲ) ਸਰਕਾਰਾਂ ਦੇ ਹੱਥ ਵੱਧ ਹੈ। ਨਾਲੇ ਸਰਕਾਰਾਂ ਨੂੰ ਘਰਾਂ ਦੀ ਖਰੀਦ-ਵੇਚ ਤੋਂ ਮਣਾਂ ਮੂੰਹੀ ਟੈਕਸ ਮਿਲਦਾ, ਉਹ ਪੂਰਨ ਤੌਰ ‘ਤੇ ਅਜਿਹਾ ਰੋਕਾਂ ਨਹੀਂ ਲਾ ਸਕਦੇ।

ਬਾਕੀ, ਜਿਹਨੇ ਘਰ ਲੈਣਾ ਹੁੰਦਾ, ਉਹ ਸੋਚਦਾ ਕਿ ਕੀਮਤ ਨਾ ਵਧੇ। ਉਹੀ ਬੰਦਾ ਜਦ ਘਰ ਲੈ ਲੈੰਦਾ ਤਾਂ ਸੋਚਦਾ ਕਿ ਹੁਣ ਦੁੱਗਣਾ ਹੋ ਜਵੇ ਜਲਦੀ। ਸਾਰੇ ਨੀ, ਪਰ ਬਹੁਤੇ ਅਜਿਹਾ ਸੋਚਦੇ।

ਚਾਹੀਦਾ ਤਾਂ ਹੈ ਕਿ ਮਾਰਕਿਟ ਏਨੀ ਤੇਜ਼ੀ ਨਾਲ ਨਾ ਵਧੇ, ਨਵੇਂ ਬੰਦੇ ਦਾ ਔਖਾ ਪਰ ਇਹ ਕਿਸੇ ਦੇ ਹੱਥ ਵੱਸ ਨਹੀਂ। ਪਤਾ ਨੀ ਕਿੱਥੇ ਜਾ ਕੇ ਰੁਕੇ। ਮੁਕਾਬਲਾ ਸੰਸਾਰ ਨਾਲ ਹੈ, ਪਤਾ ਨੀ ਅੱਗੇ ਕੀ ਹੋਣਾ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ