ਤਰਨਤਾਰਨ – ਅਕਤੂਬਰ 20 – ਸਿੱਖ ਪੰਥ ਦੇ ਸਹਿਯੋਗ ਨਾਲ ਸਿੰਘੂ ਬਾਡਰ ‘ਤੇ ਬੇਅਦਬੀ ਕਰਨ ਕਰਕੇ ਕ ਤ ਲ ਹੋਣ ਵਾਲੇ ਲਖਬੀਰ ਟੀਟੂ ਦੀਆਂ ਤਿੰਨ ਬੱਚੀਆਂ ਨੂੰ ਇਕ ਲੱਖ ਰੁਪਏ ਦੀ ਮਦਦ ਕੀਤੀ ਗੲੀ ਹੈ।
ਇਸ ਦੌਰਾਨ ਲਖਬੀਰ ਟੀਟੂ ਦੇ ਸਾਲੇ ਸੁਖਚੈਨ ਸਿੰਘ ਨੇ ਕਿਹਾ ਕਿ ਟੀਟੂ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੀ ਹੈ। ਪਰ ਨਾਲ ਹੀ ਉਸ ਨੇ ਇਹ ਮੰਗ ਵੀ ਕੀਤੀ ਕਿ ਇਸ ਗੱਲ ਦੀ ਪੜਤਾਲ ਹੋਣੀ ਚਾਹੀਦੀ ਹੈ ਕਿ ਲਖਬੀਰ ਟੀਟੂ ਨੂੰ ਸਿੰਗੂ ਬਾਡਰ ਕੌਣ ਲ਼ੈ ਕੇ ਗਿਆ।
ਸੁਖਚੈਨ ਸਿੰਘ ਨੇ ਗੱਲਬਾਤ ਦੌਰਾਨ ਕਿਹਾ, “ਲਖਬੀਰ ਸਿੰਘ ਨੇ ਆਪਣੀ ਕੀਤੀ ਦਾ ਫਲ ਪਾਇਆ। ਜੇ ਬੇਅਦਬੀ ਕੀਤੀ ਸੀ ਤਾਂ ਕੀਤੀ ਦਾ ਫਲ ਪਾਇਆ। ਗੱਲ ਇਹ ਆ ਕਿ ਉਹ ਬੰਦਾ ਕਿਵੇਂ ਸਿੰਘੂ ਬਾਡਰ ‘ਤੇ ਪਹੁੰਚਿਆ। ਕੋਈ ਕਿਵੇਂ ਉਸ ਨੂੰ ਲ਼ੈ ਕੇ ਗਿਆ। ਇਹ ਵੀ ਕੰਮ ਬਹੁਤ ਵਧੀਆ ਹੋਇਆ ਤਾਂ ਕਿ ਆਉਣ ਵਾਲੇ ਸਮੇਂ ‘ਚ ਕੋਈ ਹੋਰ ਬੇਅਦਬੀ ਨਾ ਕਰ ਸਕੇ। ਇਸ ਗੱਲ ਦਾ ਸਾਨੂੰ ਵੀ ਦੁੱਖ ਹੈ। ਜੇ ਸਾਡੇ ਮਾਹਰਾਜ ਗੁਰੂ ਦੀ ਬੇਅਦਬੀ ਕਰਦੇ। ਇਹ ਗੱਲ ਸਹਿਣ ਨਹੀਂ ਹੋ ਸਕਦੀ। ਜੇ ਉਹ ਦੋਸ਼ੀ ਸੀ। ਅਸੀਂ ਪੰਥ ਦੇ ਨਾਲ ਖੜੇ ਹਾਂ।”
ਇਸ ਮੌਕੇ ਸਿੱਖ ਅਤੇ ਸਮਾਜਿਕ ਕਾਰਕੁੰਨ ਗੰਗਵੀਰ ਸਿੰਘ ਰਾਠੌਰ ਅਤੇ ਸੰਨੀ ਸਿੰਘ ਖਾਲਸਾ ਮੰਗਲਵਾਰ ਸ਼ਾਮ ਨੂੰ ਪਿੰਡ ਲੱਧੇਵਾਲ ਜ਼ਿਲ੍ਹਾ ਅਮ੍ਰਿਤਸਰ ਪਹੁੰਚੇ।
ਜ਼ਿਕਰਯੋਗ ਹੈ ਕਿ ਲਖਬੀਰ ਟੀਟੂ ਦੀ ਘਰਵਾਲੀ ਅਤੇ ਤਿੰਨ ਬੱਚੀਆਂ ਉਸ ਤੋਂ ਸਤਾਈਆਂ ਹੋਈਆਂ ਪਿਛਲੇ ਪੰਜ ਸਾਲ ਤੋਂ ਆਪਣੇ ਨਾਨਕੇ ਪਿੰਡ ਲੱਧੇਵਾਲ ਰਹਿ ਰਹੀਆਂ ਸਨ। ਇਸ ਦੌਰਾਨ ਉਨ੍ਹਾਂ ਦਾ ਇਕ ਦੋ ਸਾਲ ਦਾ ਭਰਾ ਬਿਮਾਰੀ ਕਾਰਨ ਪੂਰਾ ਹੋ ਗਿਆ। ਲਖਬੀਰ ਇਨ੍ਹਾਂ ਪੰਜਾਂ ਸਾਲਾਂ ‘ਚ ਸਿਰਫ ਇਹ ਵਾਰ ਆਵਦੇ ਮੁੰਡੇ ਦਾ ਸਸਕਾਰ ਵਾਸਤੇ ਲੱਧੇਵਾਲ ਆਇਆ।
ਗੰਗਵੀਰ ਸਿੰਘ ਰਾਠੌਰ ਨੇ ਦੱਸਿਆ, ” ਲਖਬੀਰ ਦੇ ਬੇਅਦਬੀ ਕਾਂਡ ‘ਚ ਕ ਤ ਲ ਹੋਣ ਪਿੱਛੇ ਜੋ ਤਾਕਤਾਂ ਨੇ, ਉਨ੍ਹਾਂ ਦੀ ਪਹਿਚਾਣ ਕਰਨ ਵਾਸਤੇ ਨਾ ਹੀ ਕੋਈ ਖਾਸ ਪੜਤਾਲ ਅਤੇ ਨਾ ਹੀ ਕਿਸੇ ਧਿਰ ਵਲੋਂ ਕੋਈ ਅਜਿਹੀ ਮੰਗ ਜ਼ੋਰ ਸੋਰ ਨਾਲ ਕੀਤੀ ਜਾ ਰਹੀ ਹੈ।”
ਉਨ੍ਹਾਂ ਕਿਹਾ ਕਿ “ਪਰ ਸਾਨੂੰ ਅਖ਼ਬਾਰਾਂ ਦੀਆਂ ਖ਼ਬਰਾਂ ਪੜ ਕੇ ਪਤਾ ਚੱਲਿਆ ਕਿ ਲਖਬੀਰ ਦੀਆਂ ਤਿੰਨ ਬੱਚੀਆਂ ਅਤੇ ਉਸ ਦੀ ਪਤਨੀ ਉਸ ਤੋਂ ਪਹਿਲਾਂ ਹੀ ਬਹੁਤ ਦੁਖੀ ਸਨ। ਲਖਬੀਰ ਦੀ ਪਤਨੀ ਪਿਛਲੇ ਪੰਜ ਸਾਲਾਂ ਤੋਂ ਆਪਣੀਆਂ ਬੱਚੀਆਂ ਨਾਲ ਆਪਣੇ ਪੇਕੇ ਘਰ ਰਹਿ ਰਹੀ ਹੈ। ਇਸ ਦੌਰਾਨ ਲਖਬੀਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲੲੀ। ਲਖਬੀਰ ਦੇ ਸਾਲੇ ਸੁਖਚੈਨ ਸਿੰਘ ਨੇ ਇਨ੍ਹਾਂ ਖਬਰਾਂ ਦੀ ਪ੍ਰੋੜਤਾ ਕੀਤੀ। ਲਖਬੀਰ ਦੇ ਬੇਅਦਬੀ ਕਾਂਡ ‘ਚ ਸ਼ਾਮਲ ਹੋਣ ਦੀਆਂ ਖਬਰਾਂ ਨੇ ਇਨ੍ਹਾਂ ਦੁਖਿਆਰੀਆਂ ਮਾਵਾਂ ਧੀਆਂ ਵਾਸਤੇ ਹੋਰ ਮੁਸੀਬਤ ਖੜੀ ਕਰ ਦਿੱਤੀ ਹੈ। ਇਨ੍ਹਾਂ ਦੀ ਜ਼ਿੰਦਗੀ ਪਹਿਲਾਂ ਹੀ ਐਨੀ ਦੁਸ਼ਵਾਰ ਸੀ ਕਿ ਲਖਬੀਰ ਦੇ ਸਸਕਾਰ ਵਾਲੇ ਦਿਨ ਵੀ ਇਨ੍ਹਾਂ ਆਪਣੇ ਨਾਨਕੇ ਘਰ ਆ ਕੀ ਪਾਣੀ ਪੀਤਾ। ਲਖਬੀਰ ਦੇ ਘਰ ਇਨ੍ਹਾਂ ਦੀ ਕੋਈ ਥਾਂ ਨਹੀਂ ਸੀ।”
ਰਾਠੌਰ ਦਾ ਕਹਿਣਾ ਸੀ ਕਿ, “ਇਹ ਇਤਿਹਾਸਕ ਸਚਾਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਪਿਛੇ ਲੱਗੇ ਸੋਨੇ ਲੱਗਿਆ ਹੁੰਦਾ ਸੀ। ਤਾਂ ਕਿ ਵੈਰੀ ਦੀ ਮੌਤ ਤੋਂ ਬਾਅਦ ਉਸ ਦੇ ਟੱਬਰ ਦਾ ਗੁਜ਼ਾਰਾ ਹੋ ਸਕੇ। ਗੁਰੂ ਸਾਹਿਬ ਦੀ ਇਸੇ ਸਿੱਖਿਆ ਤੋਂ ਪ੍ਰੇਰਨਾ ਲੈ ਕੇ ਤਿਲ ਫੁੱਲ ਇਕੱਠੇ ਕਰਕੇ ਪੰਥ ਵਲੋਂ ਬੱਚੀਆਂ ਦੀ ਇਕ ਲੱਖ ਰੁਪਏ ਨਾਲ ਸਹਾਇਤਾ ਕੀਤੀ ਜਾਂਦੀ ਹੈ। ਸਮਾਂ ਆਉਣ ‘ਤੇ ਹੋਰ ਮਦਦ ਵੀ ਕੀਤੀ ਜਾਵੇਗੀ। ਲਖਬੀਰ ਦੀ ਘਰਵਾਲੀ ਦਾ ਪੇਕਾ ਪਰਿਵਾਰ ਅੰਮ੍ਰਿਤਧਾਰੀ ਹੈ ਤੇ ਬੱਚੀਆਂ ਲੋੜਵੰਦ ਵੀ ਨੇ। ਪਰਿਵਾਰ ਖਿਲਾਫ ਕੋਈ ਮੰਦਭਾਵਨਾ ਰੱਖਣ ਦੀ ਕੋਈ ਤੁਕ ਨਹੀੰ ਬਣਦੀ।”
ਇਸ ਸਹਾਇਤਾ ਸਬੰਧੀ ਕਿਸੇ ਵੀ ਗਲਤ ਫਹਿਮੀ ਨੂੰ ਸਾਫ ਕਰਦਿਆਂ ਉਨ੍ਹਾਂ ਕਿਹਾ, “ਅਸੀਂ ਸਾਫ ਕਰਨਾ ਚਾਹੁੰਦੇ ਹਾਂ ਕਿ ਇਹ ਵੀ ਲੱਗ ਸਕਦਾ ਕਿ ਅਸੀਂ ਕਿਤੇ ਇਸ ਪਰਿਵਾਰ ਦੀ ਮਦਦ ਕਰਕੇ ਅਜਿਹੇ ਲੋਕਾਂ ਦਾ ਹੌਂਸਲਾ ਤਾਂ ਨਹੀਂ ਵਧਾ ਰਹੇ ਜਿਹੜੇ ਬੇਅਦਬੀ ਕਰ ਸਕਦੇ ਨੇ। ਮੈਂ ਸਾਫ ਕਰਨਾ ਚਾਹੁੰਦਾ ਕਿ ਅਸੀਂ ਇਨ੍ਹਾਂ ਬੱਚੀਆਂ ਦੀ ਮਦਦ ਤਾਂ ਕਰਨਾ ਚਾਹੁੰਦੇ ਹਾਂ ਕਿਉਂ ਕਿ ਇਹ ਵੀ ਲਖਬੀਰ ਤੋਂ ਪੀੜਤ ਸਨ। ਇਨ੍ਹਾਂ ਦੇ ਮੂੰਹ ‘ਚ ਕਦੇ ਲਖਬੀਰ ਨੇ ਬੁਰਕੀ ਨਹੀਂ ਪਾਈ। ਪਰ ਹੁਣ ਕੁੱਝ ਲੋਕ ਇਨ੍ਹਾਂ ਬੱਚੀਆਂ ਨੂੰ ਲਖਬੀਰ ਵਾਸਤੇ ਹਮਦਰਦੀ ਪੈਦਾ ਕਰਨ ਵਾਸਤੇ ਵਰਤ ਰਹੇ ਨੇ। ਮੈਂ ਅਜਿਹੇ ਲੋਕਾਂ ਨੂੰ ਕਹਾਂਗਾ ਕਿ ਇਨ੍ਹਾਂ ਬੱਚੀਆਂ ਦਾ ਸਹਾਰਾ ਆਵਦੀ ਸਿਆਸਤ ਕਰਨ ਵਾਸਤੇ ਨਾ ਲਵੋ। ਇਨ੍ਹਾਂ ਬੱਚੀਆਂ ਦੀ ਸਹਾਇਤਾ ਕਰੋ। ਇਸ ਵਾਸਤੇ ਨਹੀਂ ਕਿ ਲਖਬੀਰ ਦੋਸ਼ੀ ਸੀ ਜਾਂ ਨਿਰਦੋਸ਼। ਪਰ ਇਸ ਲੲੀ ਕਿਉਂ ਕਿ ਇਹ ਬੱਚੀਆਂ ਲਖਬੀਰ ਤੋਂ ਪੀੜਤ ਰਹੀਆਂ ਨੇ। ਬਾਕੀ ਸਿੰਘੂ ਬਾਡਰ ਦੀ ਘਟਨਾ ਬਾਰੇ ਸਾਡੇ ਉਹੀ ਵਿਚਾਰ ਨੇ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪ੍ਰਗਟ ਕੀਤੇ ਨੇ।”
ਪਰਿਵਾਰ ਨੇ ਇੱਕ ਲੱਖ ਰੁਪਏ ਦੀ ਮਾਲੀ ਸਹਾਇਤਾ ਵਾਸਤੇ ਪੰਥ ਦਾ ਸ਼ੁਕਰੀਆ ਕੀਤਾ।