ਧਰਤੀ ਦਾ ਆਖਰੀ ਮਨੁੱਖ

0
36

ਪੰਜਾਬ ਦੀ ਧਰਤੀ ਦਾ ਮੈਂ ਓਹ ਆਖਰੀ ਮਨੁੱਖ ਹਾਂ ਜਿੰਨ ਵਗੇ ਹੋਏ ਤਾਜੇ ਵਾਹਣ ਦੀ ਵਟ ਤੇ ਬੈਠ ਕੇ ਅਚਾਰ ਗੰਡੇ ਨਾਲ ਟੁਕ ਖਾ ਰਬ ਦਾ ਸ਼ੁਕਰ ਕਰਨ ਵਾਲੇ ਭਲੇ ਮਨੁੱਖ ਵੀ ਦੇਖੇ ਨੇ ਅਤੇ ਮੈਂ ਓਨਾ ਮਨੁਖਾਂ ਦੇ ਰੂਬਰੂ ਵੀ ਹੋਇਆ ਜਿਹੜੇ ਪਦਾਰਥਾਂ ਨਾਲ ਤੂੜੀਆਂ ਪਈਆਂ ਫਰਿਜਾਂ ਦੇ ਬਾਵਜੂਦ ਮਾਵਾਂ ਅਪਣੀਆਂ ਨੂੰ ਪੁਛ ਰਹੇ ਹੁੰਦੇ ਮੈਂ ਖਾਵਾਂ ਕੀ।

ਓਹ ਵੀ ਜਿਹੜੇ ਸੁਕੇ ਟੁਕਰ ਨੂੰ ਵੀ ਮਥੇ ਨਾਲ ਲਾ ਕੇ ਖਾਂਦੇ ਸਨ ਅਤੇ ਓਹ ਵੀ ਜਿਹੜੇ ਕਦੇ ਵੀ ਕਿਸੇ ਵੀ ਚੰਗੇ ਤੋਂ ਚੰਗੇ ਪਦਾਰਥ ਨੂੰ ਵੀ ਨੁਕਤਾਚੀਨੀ ਤੋਂ ਬਿਨਾ ਨਹੀ ਖਾਂਦੇ।

ਮੈਂ ਧਰਤੀ ਦੇ ਓਸ ਮਨੁੱਖ ਨੂੰ ਦੇਖਿਆ ਜਿਹੜਾ ਤੜਕਿਓਂ ਹਲ ਜੋੜਨ ਤੋਂ ਲੈ ਕੇ ਖੌਪੀਏ ਹੋਏ ਤਕ ਚਰੀਆਂ ਦੀਆਂ ਪੰਡਾਂ ਵਢਣ ਤੋਂ ਲੈ ਕੇ ਕੁਤਰਨ ਤਕ ਨਾ ਥਕਦਾ ਨਾ ਅਕਦਾ ਸੀ ਪਰ ਓਹ ਮਨੁੱਖ ਵੀ ਦੇਖ ਰਿਹਾਂ ਜਿਹੜਾ 8 ਘੰਟੇ ਕੰਮ ਕਰਕੇ ਸੋਫੇ ਤੇ ਇਓਂ ਧੜਮ ਡਿਗਦਾ ਹੈ ਜਿਵੇਂ ਪੂਰੀ ਦੇਹ ਵਿਚ ਖੜੇ ਰਹਿਣ ਜੋਗੀ ਹਡੀ ਹੀ ਕੋਈ ਨਾ ਹੋਵੇ।

ਬਿਨਾ ਜੁਤੀਓਂ ਰੋਹੀਆਂ ਵਾਹਣਾ ਵਿਚ ਫਿਰਨ ਅਤੇ ਪਾਟੀਆਂ ਬਿਆਈਆਂ ਵਾਲੇ ਮਨੁੱਖ ਵੀ ਮੈਂ ਅਪਣੀ ਅਖੀਂ ਦੇਖੇ ਨੇ ਪਰ ਓਹ ਵੀ ਜੀਹਨਾ ਨੂੰ ਪੋਲੀ ਤੋਂ ਪੋਲੀ ਜੁਤੀ ਲਭਣ ਖਾਤਰ ਪੂਰੇ ਸ਼ਹਿਰ ਦੇ ਸਟੋਰ ਫਿਰਨੇ ਪੈਂਦੇ ਨੇ ਅਤੇ ਓਹ ਘਰ ਦੀ ਫਲੋਰ ਤੇ ਵੀ ਨੰਗੇ ਪੈਰੀਂ ਤੁਰ ਨਹੀ ਸਕਦੇ।

ਅਸੀਂ ਓਨਾ ਮਨੁਖਾਂ ਦੇ ਦਰਸ਼ਨ ਵੀ ਕੀਤੇ ਜਿਹੜੇ ਵਡੀ ਤੋਂ ਵਡੀ ਮੁਸੀਬਤ ਅਤੇ ਆਫਤ ਨੂੰ ਰਬੀ ਭਾਣਾ ਕਹਿ ਜਰ ਜਾਂਦੇ ਸਨ ਪਰ ਸਾਡਾ ਓਨਾ ਮਨੁਖਾਂ ਨਾਲ ਵੀ ਵਾਹ ਪਿਆ ਜਿਹੜੇ ਫੋਨ ਗੁਆਚੇ ਤੇ ਹੀ ਪਾਗਲ ਹੋਣ ਦੀ ਹਦ ਤਕ ਚਲੇ ਜਾਂਦੇ ਨੇ ਜਾਂ ਛੋਟੀ ਜਿਹੀ ਮੁਸੀਬਤ ਆਈ ਤੇ ਵੀ ਰਬ ਨੂੰ ਗਾਹਲਾਂ ਦੀ ਛੂਟ ਧਰ ਲੈਂਦੇ ਕਿ ਮੈਂ ਹੀ ਕਿਓਂ?

ਅਸੀਂ ਓਨਾ ਪਿਆਰੇ ਮਨੁਖਾਂ ਦੇ ਰੂਬਰੂ ਵੀ ਰਹਿ ਲਿਆ ਹੋਇਆ ਜਿਹੜੇ ਕਿਸਮਤ ਪੁੜੀ ਤਰਾਂ ਘੁੰਡ ਵਿਚੋਂ ਨਿਕਲੀ ਔਰਤ ਨਾਲ ਸਾਰੀ ਜਿੰਦਗੀ ਖੁਸ਼ ਰਹਿ ਲੈਂਦੇ ਸਨ ਅਤੇ ਮੜੀਆਂ ਤਕ ਇਕ ਦੂਏ ਨੂੰ ਨਾ ਸਨ ਛਡਦੇ ਪਰ ਸਾਨੂੰ ਓਹ ਮਨੁੱਖ ਵੀ ਦੇਖਣੇ ਪਏ ਜਿਥੇ ਇਕ ਦੂਜੇ ਨੂੰ ਸਮਝਣ ਲਈ ਹੀ ਦੋਹਾਂ ਨੂੰ ਬਿਨ ਵਿਆਹ ਪੰਜ ਚਾਰ ਸਾਲ ਛੜੇ ਛਾਂਟ ਫਿਰਨਾ ਪੈਂਦਾ ਪਰ ਸਮਝ ਫਿਰ ਵੀ ਨਹੀ ਆਓਂਦੀ ਇਕ ਦੂਜੇ ਦੀ ਅਤੇ ਜਦ ਆਓਂਦੀ ਹੋ ਓਦੋਂ ਤਾਂਈ ਤੜੱਕ ਹੋ ਚੁਕੀ ਹੁੰਦੀ ਕਿਓਂਕਿ ਔਰਤ ਬੰਦੇ ਨੂੰ ਬੰਦਾ ਘਟ ਬੇਬੀ ਜਿਆਦਾ ਸਮਝ ਰਹੀ ਹੁੰਦੀ ਹੈ। ਤੇ ਬੇਬੀ ਵਿਚਾਰਾ? ਚਲੋ ਛਡੋ।

ਮੈਂ ਧਰਤੀ ਦਾ ਓਹ ਆਖਰੀ ਮਨੁੱਖ ਹਾਂ ਜਿੰਨ ਸਾਂਝੇ ਟਬਰਾਂ ਵਿਚ 30-30 ਤੋਂ ਲੈ ਕੇ 40-40 ਜੀਅ ਵੀ ਇਕੇ ਛਤ ਹੇਠ ਖੁਸ਼ ਰਹਿੰਦੇ ਦੇਖੇ ਨੇ ਪਰ ਮੈਂ ਓਨਾ ਮਨੁਖਾਂ ਵੰਨੀ ਵੀ ਦੇਖ ਲਿਆ ਜਿਥੇ ਮੀਆਂ ਬੀਵੀ ਦੀ ‘ਪਰਾਈਵੇਸੀ’ ਹੀ ਇਨਾ ਭਿਆਨਕ ਰੂਪ ਅਖਤਿਆਰ ਕਰ ਗਈ ਹੋਈ ਕਿ ਘਰ ਕਬਰਾਂ ਵਰਗੇ ਬਣ ਕੇ ਰਹਿ ਗਏ ਨੇ ਜਿਥੇ ਹਾਸਿਆਂ ਨਾ ਚੜਗਿਲੀਆਂ ਦੀ ਕੋਈ ਅਵਾਜ ਸੁਣਾਈ ਦਿੰਦੀ ਹੈ ਅਤੇ ਹਰੇਕ ਦੂਜੀ ਔਰਤ ਜਾਂ ਮਰਦ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ।

ਇਕੇ ਕੁੜਤੇ ਚਾਦਰੇ ਨਾਲ ਸਾਰਾ ਵਿਆਹ ਦੇਖ ਆਓਣ ਵਾਲੇ ਮਨੁੱਖ ਵੀ ਅਤੇ ਵਿਆਹ ਤੋਂ ਛੇ ਛੇ ਮਹੀਨੇ ਪਹਿਲਾਂ ਸਟੋਰਾਂ ਵੰਨੀ ਧੂੜਾਂ ਪਟੀ ਰਖਣ ਵਾਲੇ ਬੰਦੇ ਬੰਦੀਆਂ ਵੀ ਮੈਂ ਦੇਖ ਚਲਿਆਂ।

ਕਹਿੰਦੇ ਜੁਗ ਬਦਲ ਗਿਆ ਯਾਣੀ ਜਮਾਨਾ ਬਦਲ ਗਿਆ ਤੁਸੀਂ ਵੀ ਬਦਲੋ ਪਰ ਬੰਦਾ ਇਹ ਕਹਿਣੋ ਕਿਓਂ ਡਰਦਾ ਕਿ ਦਰਅਸਲ ਮੈਂ ਹੀ ਬਦਲ ਗਿਆਂ ਅਤੇ ਹੈਰਾਨੀ ਇਹ ਕਿ ਮੇਰਾ ਬਦਲਣਾ ਮੇਰੇ ਹਥ ਹੀ ਕਿਥੇ। ਮੈਂ ਤਾਂ ਕਾਰਪੋਰੇਟਰ ਦੀ ਇਕ ਛੋਟੀ ਜਿਹੀ ਪੁਤਲੀ ਹਾਂ ਜਿਹੜੀ ਮੈਨੂੰ ਬਦਲਾ ਰਹੀ ਪਰ ਮੈਂ ਕਹਿੰਨਾ ਜਮਾਨਾ ਬਦਲ ਗਿਆ? ਬ੍ਰਾਂਡ ਕੀ ਨੇ।

ਅਪਣੀ ਹੋਣੀ ਨੂੰ ਖੁਦ ਘੜਨ ਵਾਲੇ ਅਤੇ ਖੁਦ ਉਪਰ ਨਿਰਭਰ ਮਿਟੀ ਨਾਲ ਇਕਮਿਕ ਮਨੁੱਖਾਂ ਦੇ ਦਰਸ਼ਨ ਵੀ ਮੈਂ ਕਰ ਲਏ ਹੋਏ ਨੇ ਅਤੇ ਤਰਕੀ ਦੇ ਨਾਂ ਤੇ ਬੰਦ ਲਿਫਾਫਿਆਂ ਵਿਚ ਲਿਆਂਦੀਆਂ ਚੀਜਾਂ ਉਪਰ ਨਿਰਭਰ ਹੋਣ ਵਾਲੇ ਮਨੁੱਖ ਵੀ ਗੁਝੇ ਨਹੀ ਰਹੇ ਜਿਹੜੇ ਦੁਧ ਤਕ ਵੀ ਪਲਾਸਟਕੀ ਲਫਾਫਿਆਂ ਵਿਚ ਪੀਣ ਲਈ ਮਜਬੂਰ ਨੇ ਜੀਹਨਾ ਦਾਅਤੇ ਮਿਟੀ ਨੂੰ ਹਥ ਲਾਇਆਂ ਵੀ ਛਿਕਾਂ ਮਾਰ ਮਾਰ ਬੁਰਾ ਹਾਲ ਹੋ ਜਾਂਦਾ।

ਸਾਡੇ ਵਾਲੀ ਪੀਹੜੀ ਨਵੇਂ ਅਤੇ ਪੁਰਾਣੇ ਜੁਗ ਦਾ ਵਿਚ ਵਿਚਾਲਾ ਜਿਹਾ ਹੈ ਜਿਹੜੀ ਹਾਲੇ ਪਿਛਲੇ ਜੁਗ ਦੀ ਮਾੜੀ ਮੋਟੀ ਸ਼ਰਮ ਹਯਾ ਜਿਹੀ ਵੀ ਚੁਕੀ ਫਿਰ ਰਹੀ ਪਰ ਨਵੇਂ ਜੁਗ ਦੀਆਂ ਖਰਮਸਤੀਆਂ ਵੀ ਉਸ ਅੰਦਰ ਅੰਗੜਾਈਆਂ ਲੈ ਰਹੀਆਂ ਹਨ ਜਿਥੇ ਔਰਤ ਦੀ ਹਾਲਤ ਸਭ ਤੋਂ ਪਤਲੀ ਹੈ ਜਦ ਓਹ ਵਾਲ ਗਲ ਪਾਓਂਣਾ ਵੀ ਚਾਹੁੰਦੀ ਪਰ ਕਦੇ ਕਿਤੇ ਸਿਰ ਤੇ ਲੀੜੇ ਵਾਲਾ ਭਓ ਵੀ ਹਾਲੇ ਗਿਆ ਨਹੀ। ਬੰਦੇ ਤਰਾਂ ਓਹ ‘ਸਟਰੈਸ’ ਦੂਰ ਕਰਨ ਵਾਲੀ ਕੌੜੀ ਦਵਾਈ ਲੈਣਾ ਤਾਂ ਚਾਹੁੰਦੀ ਪਰ ਹਾਲੇ ਲੁਕ ਛਿਪ ਕੇ ਯਾਣੀ ਸ਼ਰੇਆਮ ਨਹੀ ਹੋਈ ਪਰ ਉਸ ਦੀ ਅਗਲੀ ਨਸਲ ਵਿਚ ਵਿਚਾਲਾ ਜਿਹਾ ਕਰੀਬਨ ਛਡ ਹੀ ਚਲੀ ਹੈ ਇਹ ਗਲ ਵਿਆਹਾਂ ਦੀਆਂ ਪਾਰਟੀਆਂ ਵਿਚੋਂ ਆਮ ਲਭ ਜਾਂਦੀ ਹੈ।

ਅਸੀਂ ਓਹ ਮਨੁਖ ਹਾਂ ਜੀਹਨਾ ਤੂਤ ਹੇਠ ਬੈਠ ਲੰਮੇ ਸਾਹ ਭਰਦਿਆਂ ਰਬ ਦੇ ਸ਼ੁਕਰ ਵਿਚ ਡੁਬ ਜਾਣ ਵਾਲੇ ਮਨੁੱਖ ਵੀ ਦੇਖੇ ਨੇ ਅਤੇ ਸਾਡਾ ਏਸੀ ਕੂਲਰਾਂ ਵਿਚ ਸੜ ਰਹੇ ਮਨੁਖਾਂ ਨਾਲ ਵੀ ਵਾਹ ਪੈ ਹਟਿਆ ਹੈ।

ਬੇਸ਼ਕ ਓਹ ਜੁਗ ਤੁਸੀਂ ਗੁਰਬਤ ਦਾ ਕਹਿ ਸਕਦੇ ਹੋਂ, ਭੁਖਾਂ ਦਾ ਕਹਿ ਸਕਦੇ ਹੋ, ਤੰਗੀਆਂ ਦਾ ਪਰ ਬਾਵਜੂਦ ਇਸ ਦੇ ਉਸ ਜੁਗ ਵਿਚ ਫਿਰ ਵੀ ਸਬਰ ਸੰਤੋਖ ਭਰੋਸਾ ਜਿੰਦਾ ਸੀ ਅਤੇ ਲੋਕ ਅਜ ਜਿੰਨੇ ਦੁਖੀ ਨਾ ਸਨ ਨਾ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ।

ਜਦ ਦੋਹਾਂ ਜੁਗਾਂ ਦੇ ਵਿਚਾਲੇ ਖੜ ਕੇ ਮੈਂ ਦੇਖਦਾ ਹਾਂ ਤਾਂ ਓਸ ਜੁਗ ਦੇ ਲੋਕ ਜਿਆਦਾ ਖੁਸ਼ ਅਤੇ ਸੰਤੁਸ਼ਟ ਨਜਰ ਆਓਂਦੇ ਨੇ ਬਾਵਜੂਦ ਇਸ ਦੇ ਕਿ ਓਨਾ ਕੋਲੇ ਖਾਣ ਪਹਿਨਣ ਨੂੰ ਬਹੁਤ ਘਟ ਅਤੇ ਸਹੂਲਤਾਂ ਨਾ ਹੋਈਆਂ ਵਰਗੀਆਂ ਸਨ।

ਇਸ ਧਰਤੀ ਦਾ ਮੈਂ ਓਹ ਆਖਰੀ ਮਨੁਖ ਹਾਂ ਜਿਹੜਾ ਦੋਹਾਂ ਮਨੁਖਾਂ ਨੂੰ ਦੇਖ ਚਲਿਆਂ ਹਾਂ ਪਰ ਮੇਰੀ ਵੋਟ ਓਨਾ ਪਿਆਰੇ ਮਨੁਖਾਂ ਵੰਨੀ ਰਹੇਗੀ ਜਿਹੜੇ ਥੋੜਾ ਖਾ ਕੇ ਵੀ ਰਜੇ ਹੋਏ ਸਨ। ਨਹੀ?

ਗੁਰਦੇਵ ਸਿੰਘ ਸੱਧੇਵਾਲੀਆ ਟਰਾਂਟੋ