ਕਾਂਗਰਸ ਨੇ ਆਪਣੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਕਥਿਤ ਬਿਆਨ ਕਾਰਨ ਖੜ੍ਹੇ ਹੋਏ ਵਿਵਾਦ ਦੇ ਮੱਦੇਨਜ਼ਰ ਅੱਜ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਅਤੇ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਪਾਰਟੀ ਦਾ ਚਿਹਰਾ ਹੋਣਗੇ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਆਸ ਪ੍ਰਗਟਾਈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸ਼ੀਰਵਾਦ ਇਸ ਨਵੀਂ ਸਰਕਾਰ ਨੂੰ ਮਿਲਦਾ ਰਹੇਗਾ। ਰਾਵਤ ਦੇ ਬਿਆਨ ਸਬੰਧੀ ਸ੍ਰੀ ਸੁਰਜੇਵਾਲਾ ਨੇ ਕਿਹਾ, ‘‘ਮੈਂ ਹਰੀਸ਼ ਰਾਵਤ ਜੀ ਨਾਲ ਗੱਲ ਕੀਤੀ ਹੈ। ਕਈ ਦੋਸਤ ਉਨ੍ਹਾਂ ਦੀ ਗੱਲ ਨੂੰ ਜਾਣੇ-ਅਣਜਾਣੇ ਸਹੀ ਨਜ਼ਰੀਏ ਨਾਲ ਨਹੀਂ ਦੇਖ ਸਕੇ। ਮੈਂ ਫਿਰ ਦੁਹਰਾਉਂਦਾ ਹਾਂ ਕਿ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਿੱਧੂ ਹਨ। ਸਰਕਾਰ ਦੇ ਮੁਖੀ ਵਜੋਂ ਚਿਹਰਾ ਚੰਨੀ ਹਨ ਜਦਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਸਿੱਧੂ ਚਿਹਰਾ ਹਨ। ਇਹ ਦੋਵੇਂ ਆਮ ਵਰਕਰਾਂ ਨਾਲ ਮਿਲ ਕੇ ਚੋਣਾਂ ਲੜਨਗੇ ਅਤੇ ਕਾਂਗਰਸ ਦੀ ਮੁੜ ਤੋਂ ਸਰਕਾਰ ਬਣੇਗੀ।’’ ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਭਾਜਪਾ ਦਲਿਤ ਦੇ ਪੁੱਤਰ ਦਾ ਅਪਮਾਨ ਕਰ ਰਹੇ ਹਨ।
ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਪੰਜਾਬ ਦੇ ਨਵੇਂ ਨਿਯੁਕਤ ਕੀਤੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ‘ਮੀ-ਟੂ’ ਮੁਹਿੰਮ ਤਹਿਤ ਦੋਸ਼ ਲਗਾਉਂਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਰੇਖਾ ਸ਼ਰਮਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਇਕ ਇਹੋ ਜਿਹੇ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਲਗਾਇਆ ਜਾਣਾ ਸ਼ਰਮਨਾਕ ਤੇ ਕਾਫੀ ਇਤਰਾਜ਼ਯੋਗ ਹੈ। ਅਸੀਂ ਨਹੀਂ ਚਾਹੁੰਦੇ ਕਿ ਫਿਰ ਤੋਂ ਕਿਸੇ ਔਰਤ ਨੂੰ ਉਹੀ ਸਭ ਕੁਝ ਸਹਿਣ ਕਰਨਾ ਪਵੇ ਅਤੇ ਉਹੀ ਪ੍ਰੇਸ਼ਾਨੀ ਝੱਲਣੀ ਪਵੇ ਜੋ ਕਿ ਪਹਿਲਾਂ ਇਕ ਆਈਏਐੱਸ ਅਧਿਕਾਰੀ ਨੇ ਝੱਲੀ ਸੀ।’’ ਉਨ੍ਹਾਂ ਕਿਹਾ ਕਿ ਚੰਨੀ ਨੂੰ ਉਨ੍ਹਾਂ ਦੋਸ਼ਾਂ ਪ੍ਰਤੀ ਜਵਾਬਦੇਹ ਹੁੰਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਸੀਨੀਅਰ ਆਈਏਐੱਸ ਅਫਸਰ ਹੁਸਨ ਲਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪ੍ਰਿੰਸੀਪਲ ਸਕੱਤਰ ਨਿਯੁਕਤ ਕੀਤਾ ਗਿਆ। ਹੁਸਨ ਲਾਲ 1995 ਬੈਚ ਦੇ ਆਈਏਐੱਸ ਅਫਸਰ ਹਨ ਤੇ ਹਾਲ ਦੀ ਘੜੀ ਨਿਵੇਸ਼ ਤੇ ਤਰੱਕੀ, ਸਨਅਤਾਂ ਅਤੇ ਵਣਜ ਤੇ ਸੂਚਨਾ ਤਕਨਾਲੋਜੀ ਵਿਭਾਗਾਂ ਦੇ ਪ੍ਰਿੰਸੀਪਲ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਹਨ। ਉਹ ਆਈਏਐੱਸ ਅਫਸਰ ਤੇਜਵੀਰ ਸਿੰਘ ਦੀ ਥਾਂ ਲੈਣਗੇ ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸੀਪਲ ਸਕੱਤਰ ਸਨ। ਇਸ ਦੇ ਨਾਲ ਹੀ ਆਈਏਐੱਸ ਅਫਸਰ ਰਾਹੁਲ ਤਿਵਾਰੀ ਨੂੰ ਮੁੱਖ ਮੰਤਰੀ ਦਾ ਸਪੈਸ਼ਲ ਪ੍ਰਿੰਸੀਪਲ ਸਕੱਤਰ ਲਾਇਆ ਗਿਆ ਹੈ। ਤਿਵਾੜੀ 2000 ਬੈਚ ਦੇ ਅਫਸਰ ਹਨ ਤੇ ਉਹ ਗੁਰਕੀਰਤ ਕਿਰਪਾਲ ਸਿੰਘ ਦੀ ਥਾਂ ਲੈਣਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।