ਵਿਦੇਸ਼ ‘ਚ ਮੰਦਰਾਂ ‘ਤੇ ਨਾਅਰੇ, ਏਜੰਡਾ ਕੀ ਹੈ?

0
1067

ਪਿਛਲੇ ਕੁਝ ਹਫਤਿਆਂ ‘ਚ ਪਹਿਲਾਂ ਅਸਟਰੇਲੀਆ ਤੇ ਫਿਰ ਕੈਨੇਡਾ ਵਿਚ ਕੁਝ ਮੰਦਰਾਂ ‘ਤੇ ਨਾਅਰੇ ਲਿਖੇ ਗਏ ਹਨ। ਹਾਲੇ ਤੱਕ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਕਿ ਅਸਲ ਵਿੱਚ ਇਹ ਕੰਮ ਕਿਸ ਨੇ ਕੀਤਾ ਹੈ। ਪਰ ਮੰਦਰ ਕਮੇਟੀਆਂ, ਹਿੰਦੂ ਨੇਤਾ ਜੋ ਮੂਲ ਰੂਪ ਵਿੱਚ ਆਰ.ਐਸ.ਐਸ.-ਭਾਜਪਾ ਆਦਿ ਨਾਲ ਜੁੜੇ ਹਨ, ਗੋਡੀ ਮੀਡੀਆ ਚੈਨਲਾਂ ਅਤੇ ਵੱਖ-ਵੱਖ ਅਖਬਾਰਾਂ ਦੇ ਪ੍ਰਤੀ ਵਫ਼ਾਦਾਰ ਹਨ, ਨੇ ਤੁਰੰਤ ਦੋਸ਼ ਖਾਲਿਸਤਾਨੀਆਂ ‘ਤੇ ਮੜ੍ਹ ਦਿੱਤਾ।

ਆਸਟਰੇਲੀਆ ਵਿੱਚ ਚਾਰ ਹਿੰਦੂ ਨੌਜਵਾਨਾਂ, ਜਿਨ੍ਹਾਂ ਵਿੱਚੋਂ ਤਿੰਨ ਗੁਜਰਾਤੀ ਅਤੇ ਇੱਕ ਉੱਤਰਾਖੰਡ ਦਾ ਸੀ, ਨੂੰ ਉਸ ਵੇਲੇ ਰੰਗੇ ਹੱਥੀਂ ਫੜਿਆ ਗਿਆ ਜਦੋਂ ਉਹ ਗੁਰਦੁਆਰੇ ਵਿੱਚ ਲਗਾਏ ਗਏ ਪੋਸਟਰਾਂ ‘ਤੇ ਸਪਰੇਅ ਕਰਨ ਲਈ ਗੁਰਦੁਆਰੇ ਦੇ ਨੇੜੇ ਸਨ। ਜਿਸ ਬਾਰੇ ਉਨ੍ਹਾਂ ਮੰਨਿਆ ਅਤੇ ਉਨ੍ਹਾਂ ਕੋਲੋਂ ਸਪਰੇਅ ਵੀ ਬਰਾਮਦ ਹੋਈ।

ਮੰਦਰਾਂ ਦੇ ਬਾਹਰ ਇਨ੍ਹਾਂ ਨਾਅਰਿਆਂ ਦੀ ਪੇਂਟਿੰਗ ਅਤੇ ਗੁਰਦੁਆਰੇ ਦੇ ਪੋਸਟਰਾਂ ‘ਤੇ ਸਪਰੇਅ ਕਰਨ ਦੇ ਯਤਨ ਦਾ ਪੈਟਰਨ 1980ਵਿਆਂ ਦੇ ਸ਼ੁਰੂ ਵਿੱਚ ਪੰਜਾਬ ਦੇ ਕੁਝ ਮੰਦਰਾਂ ਵਿੱਚ ਗਾਵਾਂ ਦੇ ਅੰਗ ਅਤੇ ਗੁਰਦੁਰਿਆਂ ਵਿਚ ਸਿਗਰਟਾਂ ਦੇ ਟੋਟੇ ਸੁੱਟਣ ਦੀਆਂ ਕਾਰਵਾਈਆਂ ਨਾਲ ਮੇਲ ਖਾਂਦਾ ਹੈ। ਬਾਅਦ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਕਿ ਅਸਲ ਵਿੱਚ ਖੁਫੀਆ ਏਜੰਸੀਆਂ ਦਾ ਹੱਥ ਸੀ।

ਉਸ ਸਮੇਂ ਪੰਜਾਬ ਵਿਚ ਹਿੰਦੂਆਂ ਅਤੇ ਸਿੱਖਾਂ ਵਿਚ ਪਾੜਾ ਪਾਉਣ ਵਾਲੇ ਕੰਮ ਕੀਤੇ ਗਏ। ਹਾਲਾਂਕਿ ਯਤਨ ਪਿਛਲੇ ਕੁਝ ਸਾਲਾਂ ਤੋਂ ਹੋ ਰਹੇ ਨੇ ਪਰ ਇਸ ਵਾਰ ਪੰਜਾਬ ਵਿੱਚ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ ਕਾਮਯਾਬੀ ਨਹੀਂ ਮਿਲੀ ਕਿਉਂਕਿ ਲੋਕ ਖੇਡ ਨੂੰ ਸਮਝਦੇ ਹਨ। ਸਿੱਖ ਅਤੇ ਹਿੰਦੂ ਦੋਵੇਂ ਧਿਆਨ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਹਿੰਦੂਤਵੀ ਏਜੰਟਾਂ ਵੱਲੋਂ ਸਿੱਖਾਂ ਅਤੇ ਦਲਿਤਾਂ ਵਿਚਕਾਰ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਰਹੀ ਹੈ ਪਰ ਇਹ ਕੋਸ਼ਿਸ਼ਾਂ ਵੀ ਹਾਲੇ ਤੱਕ ਕਾਮਯਾਬ ਨਹੀਂ ਹੋਈਆਂ।

ਸਿੱਖ ਹਿੰਦੂਤਵੀ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ ਅਤੇ ਹਿੰਦੂਆਂ ਨੂੰ ਖਾਲਿਸਤਾਨ ਦਾ ਵਿਚਾਰ ਪਸੰਦ ਨਹੀਂ ਹੈ। ਪਰ ਪੰਜਾਬ ਵਿੱਚ ਦੋਵਾਂ ਦਰਮਿਆਨ ਸਮਾਜਿਕ ਟਕਰਾਅ ਨਹੀਂ ਹੈ ਅਤੇ ਸੰਕਟ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ ਹਨ।

ਅਜਿਹੀ ਹਾਲਤ ਵਿੱਚ ਹੁਣ ਅਜਿਹਾ ਲੱਗ ਰਿਹਾ ਹੈ ਕਿ ਵਿਦੇਸ਼ਾਂ ਤੋਂ ਮੁਸੀਬਤ ਦਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਅਸਲੀਅਤ ਇਹ ਹੈ ਕਿ ਪੰਜਾਬ ਵਿੱਚ 1980ਵਿਆਂ ਵਾਲੇ ਤਣਾਅ ਵਿਚ ਵੀ ਪੰਜਾਬ ਦੇ ਪਿੰਡਾਂ ਵਿੱਚ ਕਦੇ ਸਿੱਖਾਂ ਨੇ ਕਿਸੇ ਹਿੰਦੂ ਮੰਦਰ ਨੂੰ ਨਿਸ਼ਾਨਾ ਨਹੀਂ ਬਣਾਇਆ, ਉਦੋਂ ਵੀ ਜਦੋਂ ਨਵੰਬਰ 1984 ‘ਚ ਦਿੱਲੀ ਅਤੇ ਹੋਰ ਥਾਵਾਂ ਤੇ ਗੁਰਦੁਅਰਿਆਂ ਤੇ ਹਮਲੇ ਕੀਤੇ ਗਏ ਤੇ ਅੱਗਾਂ ਲਈਆਂ ਗਈਆਂ । ਉਹ ਸਾਰਾ ਕੁਝ ਕਰਨ ਵਾਲੇ ਦੇ ਸਿਆਸੀ ਪਛਾਣ ਭਾਵੇਂ ਕਾਂਗਰਸੀ ਸੀ ਪਰ ਧਾਰਮਕ ਪਛਾਣ ਮੋਟੇ ਤੌਰ ਤੇ ਹਿੰਦੂ ਹੀ ਸੀ| ਪੰਜਾਬ ਦੇ ਪਿੰਡਾਂ ਵਿੱਚ ਹਿੰਦੂ ਆਬਾਦੀ ਜ਼ਿਆਦਾਤਰ ਸ਼ਹਿਰੀਕਰਨ ਅਤੇ ਆਰਥਿਕ ਮੌਕਿਆਂ ਕਾਰਨ ਸ਼ਹਿਰਾਂ ਵੱਲ ਪਰਵਾਸ ਕਰ ਗਈ ਹੈ ਅਤੇ ਕੁਝ ਪਿੰਡਾਂ ਵਿੱਚ ਕੋਈ ਦੇਖਭਾਲ ਕਰਨ ਵਾਲਾ ਵੀ ਨਹੀਂ ਹੈ। ਪਰ ਇਸ ਦੇ ਬਾਵਜੂਦ ਪੰਜਾਬ ਦੇ ਪਿੰਡਾਂ ਵਿੱਚ ਹਿੰਦੂ ਮੰਦਰ, ਜ਼ਮੀਨ ਆਦਿ ਸੁਰੱਖਿਅਤ ਅਤੇ ਬਰਕਰਾਰ ਹਨ |

ਕੈਨੇਡਾ ਵਿੱਚ ਸਿੱਖਾਂ ਨੂੰ ਨਾਅਰਿਆਂ ਲਈ ਜ਼ਿੰਮੇਵਾਰ ਠਹਿਰਾਉਣ ਵਾਲੇ ਜਣਬੁਝ ਕਿ ਅਜਿਹਾ ਕਰ ਰਹੇ ਹਨ ਤੇ ਬਹੁਤੇ ਲੋਕ ਉਥੇ ਪੰਜਾਬ ਦੇ ਸੱਭਿਆਚਾਰ ਨੂੰ ਨਹੀਂ ਜਾਣਦੇ ਤੇ ਨਾ ਹੀ ਇਸ ਮਾਮਲੇ ਵਿਚ ਸਿੱਖ ਨੈਤਿਕਤਾ ਨੂੰ ਸਮਝਦੇ ਹਨ।

ਪੰਜਾਬ ਵਿੱਚ 1947 ਤੋਂ ਬਾਅਦ ਕਦੇ ਵੀ ਦੰਗਾ ਨਹੀਂ ਹੋਇਆ।ਪੰਜਾਬ ਦੇ ਲੋਕ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਜਾਣਦੇ ਹਨ। ਮੰਦਰ ਤਾਂ ਛੱਡੋ ਸਿਖਾਂ ਨੇ ਤਾਂ ਪਿਛਲੀਆਂ ਤਿੰਨ ਸਦੀਆਂ ‘ਚ ਸ਼ੇਖ ਅਹਿਮਦ ਸਰਹਿੰਦੀ ਦਾ ਸਰਹਿੰਦ ਵਿਚਲਾ ਮਜ਼ਾਰ ਨਹੀਂ ਛੇੜਿਆ। ਵੰਡ ਦੇ ਕਤਲੇਆਮ ਦੇ ਬਾਵਜੂਦ ਮਸਜਿਦਾਂ ਨਹੀਂ ਛੇੜੀਆਂ।

ਪਰ ਸਾਨੂੰ ਹੁਣ ਤੱਕ ਲੱਗ ਰਿਹਾ ਹੈ ਕਿ ਸਿੱਖ ਅਜੇ ਤੱਕ ਆਸਟ੍ਰੇਲੀਆ ਜਾਂ ਕੈਨੇਡਾ ਵਿੱਚ ਇਸ ਪ੍ਰਚਾਰ ਦਾ ਮੁਕਾਬਲਾ ਕਰਨ ਵਿੱਚ ਸਹੀ ਢੰਗ ਨਾਲ ਕਾਮਯਾਬ ਨਹੀਂ ਹੋਏ ਹਨ। ਉਨ੍ਹਾਂ ਦੀਆਂ ਸੰਸਥਾਵਾਂ ਨੂੰ ਇਸ ਝੂਠੇ ਪ੍ਰਚਾਰ ਨੂੰ ਸਿੰਗਾਂ ਤੋਂ ਫੜਨਾ ਚਾਹੀਦਾ ਹੈ। ਅਜਿਹੇ ਸਮਿਆਂ ਵਿੱਚ ਨਾਲੋਂ ਨਾਲ ਬਿਰਤਾਂਤ ਦੇ ਪੱਧਰ ‘ਤੇ ਨਜਿੱਠਣਾ ਬਹੁਤ ਜ਼ਰੂਰੀ ਹੈ।

ਸਾਰਿਆਂ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਝੂਠਾ ਪ੍ਰਚਾਰ ਕਰਨ ਵਾਲੇ ਚੈਨਲਾਂ, ਹਿੰਦੂਤਵੀ ਕਰਿੰਦਿਆਂ ਨੂੰ ਟਵਿੱਟਰ ਅਤੇ ਹੋਰ ਪਲੇਟਫਾਰਮਾਂ ‘ਤੇ ਚੁਣੌਤੀ ਦਿੱਤੀ ਜਾਵੇ।

ਗੁਰਦੁਆਰਾ ਕਮੇਟੀਆਂ ਜਾਂ ਸਿੱਖ ਜਥੇਬੰਦੀਆਂ ਨੂੰ ਵੀ ਇਸ ਖਤਰਨਾਕ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਬਿਆਨ ਜਾਰੀ ਕਰਨੇ ਚਾਹੀਦੇ ਹਨ।

ਕਿਸੇ ਵੀ ਅਜਿਹੀ ਪ੍ਰਤੀਕਿਰਿਆਂ ਤੋਂ ਬਚਿਆ ਜਾਣਾ ਚਾਹੀਦਾ ਹੈ, ਜਿਹੋ ਜਿਹੀ ਦਿੱਲੀ ਦੇ ਏਜੰਟ ਤੁਹਾਡੇ ਕੋਲੋਂ ਚਾਹੁੰਦੇ ਹਨ।

ਸਿੱਖਾਂ ਨੂੰ ਵੀ ਹੋਰ ਸਪੱਸ਼ਟਤਾ ਦਿਖਾਉਣੀ ਚਾਹੀਦੀ ਹੈ ਤੇ ਠੋਕ ਕੇ ਇਹ ਕਹਿਣਾ ਚਾਹੀਦਾ ਹੈ ਕਿ ਉਹ ਇਸ ਘਟੀਆ ਕੰਮ ਦੀ ਸਖ਼ਤ ਨਿਖੇਧੀ ਕਰਦੇ ਹਨ ਅਤੇ ਨਾਲ ਹੀ ਇਹ ਮੰਗ ਵੀ ਕਰਦੇ ਹਨ ਕਿ ਸ਼ਰਾਰਤੀ ਅਨਸਰ ਜਲਦ ਫੜੇ ਜਾਣ ਤਾਂ ਕਿ ਸਚਾਈ ਸਾਹਮਣੇ ਲਿਆਂਦੀ ਜਾ ਸਕੇ।

#Unpopular_Opinions #Unpopular_Ideas #Unpopular_Facts