ਮੰਦਰ ਦੀ ਕੰਧ ਉੱਤੇ ਲਿਖੇ ਨਾਅਰਿਆਂ ਦਾ ਮਾਮਲਾ

0
1671

ਜੇ ਕਿਸੇ ਨੂੰ ਕੋਈ ਸ਼ੱਕ ਹੈ ਕਿ ਹਿੰਦੂਤਵੀ ਤਾਕਤਾਂ ਕੈਨੇਡਾ ਵਿੱਚ ਮੰਦਰ ਦੀ ਕੰਧ ਉੱਤੇ ਲਿਖੇ ਨਾਅਰਿਆਂ ਦੇ ਮਾਮਲੇ ਨੂੰ ਕਿਵੇਂ ਵਰਤ ਰਹੀਆਂ ਹਨ ਤਾਂ ਉਹ ਕੈਨੇਡਾ ਦੇ ਐਮ ਪੀ ਚੰਦਰ ਆਰੀਆ ਦੇ ਇਸ ਭਾਸ਼ਨ ਨੂੰ ਧਿਆਨ ਨਾਲ ਸੁਣ ਲੈਣ ਜਾਂ ਪੜ੍ਹ ਲੈਣ।

ਹੁਣ ਤੱਕ ਹਿੰਦੂਤਵੀ ਤਾਕਤਾਂ ਭਾਰਤ ਵਿੱਚ ਮੁਸਲਮਾਨਾਂ ਵਿਰੁੱਧ ਯੋਜਨਾਬੱਧ ਹਿੰਸਾ, ਹਿੰਦੂਆਂ ਵਿੱਚ ਵਧ ਰਹੀ ਕੱਟੜਤਾ (ਹਿੰਦੂਤਵੀ ਵਿਚਾਰਧਾਰਾ ਦਾ ਫੈਲਾਅ), ਜਾਤੀ ਹਿੰਸਾ, ਹੋਰ ਘੱਟ ਗਿਣਤੀਆਂ ਦੇ ਮੁੱਦਿਆਂ ਬਾਰੇ ਸਵਾਲਾਂ ਦਾ ਸਾਹਮਣਾ ਕਰ ਰਹੀਆਂ ਸਨ। ਬਿਰਤਾਂਤ ਦੀ ਲੜਾਈ ਵਿਚ ਉਹ ਬਚਾਅ ਵਾਲੀ ਹਾਲਤ ‘ਚ ਸਨ ਕਿਉਂਕਿ ਵਿਦੇਸ਼ੀ ਯੂਨੀਵਰਸਿਟੀਆਂ ਜਾਂ ਹੋਰ ਮਾਹਰ ਤੇ ਟਿੱਪਣੀਕਾਰ ਆਰਐਸਐਸ-ਭਾਜਪਾ ਦੀ ਫਿਰਕੂ ਰਾਜਨੀਤੀ ਦਾ ਪਰਦਾਫਾਸ਼ ਕਰਦੇ ਰਹੇ ਹਨ। ਉਨ੍ਹਾਂ ‘ਤੇ ਇਸਲਾਮੋਫੋਬੀਆ ਦੇ ਦੋਸ਼ ਵੀ ਲੱਗੇ।

ਪਿਛਲੇ ਕੁਝ ਸਾਲਾਂ ਵਿਚ ਕਈ ਵਾਰ ਸਿੱਖਾਂ ਦੀ ਨਸਲਕੁਸ਼ੀ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਹ ਕਿਸਾਨ ਅੰਦੋਲਨ ਦੌਰਾਨ ਵੀ ਵਾਪਰਿਆ ਸੀ ਅਤੇ ਇਸ ਅੰਦੋਲਨ ਦੌਰਾਨ ਹਿੰਸਾ ਦੀ ਸਭ ਤੋਂ ਵੱਡੀ ਘਟਨਾ ਉਦੋਂ ਵਾਪਰੀ ਸੀ ਜਦੋਂ ਜਨਵਰੀ 2021 ਦੇ ਆਖਰੀ ਦਿਨਾਂ ‘ਚ ਦਿੱਲੀ ਦੀ ਸਰਹੱਦ ‘ਤੇ ਹਿੰਦੂਤਵੀ ਗੁੰਡਿਆਂ ਦੁਆਰਾ ਕੈਮਰਿਆਂ ਦੀ ਮੌਜੂਦਗੀ ਵਿੱਚ ਦਿਨ-ਦਿਹਾੜੇ ਕਿਸਾਨਾਂ ‘ਤੇ ਹਮਲਾ ਕੀਤਾ ਗਿਆ ਸੀ।
ਹੁਣ ਮੰਦਰ ਦੀ ਕੰਧ ‘ਤੇ ਨਾਅਰਿਆਂ ਦਾ ਮੁੱਦਾ ਬੜੀ ਦੂਰ ਤੱਕ ਲਿਜਾਇਆ ਜਾ ਰਿਹਾ ਹੈ। ਨਾਅਰਿਆਂ ਦੀ ਪੇਂਟਿੰਗ ਨੂੰ ਹਿੰਦੂਆਂ ‘ਤੇ “ਹਮਲੇ” “ਹਿੰਦੂਫੋਬੀਆ” “ਸਰੀਰਕ ਹਮਲੇ” ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਭਾਵੇਂ ਚੰਦਰ ਆਰੀਆ ਨੇ ਸਿੱਖਾਂ ਦਾ ਨਾਂ ਨਹੀਂ ਲਿਆ ਪਰ ਪਹਿਲਾਂ ਹੀ ਇਸ ਮੁੱਦੇ ‘ਤੇ ਇੱਕ ਵੱਡਾ ਪ੍ਰਚਾਰ ਕੀਤਾ ਜਾ ਚੁੱਕਾ ਹੈ ਤੇ ਬਿਰਤਾਂਤ ਸਿਰਜਿਆ ਜਾ ਚੁੱਕਾ ਹੈ ਕਿ ਇਸ “ਹਮਲੇ” ਲਈ ਖਾਲਿਸਤਾਨੀ (ਭਾਵ ਸਿੱਖ) ਹੀ ਜ਼ਿੰਮੇਵਾਰ ਹਨ। ਇੱਕ ਵੀ ਸਬੂਤ ਨਹੀਂ ਪਰ ਵੱਡੇ ਪ੍ਰਚਾਰ ਰਾਹੀਂ ਇੱਕ ਬਿਰਤਾਂਤ ਖੜਾ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਚੰਦਰ ਆਰੀਆ ਅਤੇ ਭਾਰਤੀ ਹਾਈ ਕਮਿਸ਼ਨ ਨੇ ਬਰੈਮਪਟਨ ਦੇ ਇੱਕ ਪਾਰਕ ਵਿੱਚ ਹਿੰਦੂ ਚਿੰਨ੍ਹ ਨੂੰ ਨੁਕਸਾਨ ਪਹੁੰਚਾਉਣ ਦਾ ਝੂਠਾ ਦਾਅਵਾ ਕੀਤਾ ਸੀ। ਪੀਲ ਪੁਲਿਸ ਵੱਲੋਂ ਝੂਠ ਦਾ ਪਰਦਾਫਾਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਟਵੀਟ ਡਿਲੀਟ ਕਰਨੇ ਪਏ ਸੀ। ਉਸ ਸਮੇਂ ਚੰਦਰ ਆਰੀਆ ਨੇ ਵੀ ਕਿਹਾ ਸੀ ਕਿ ਇਹ ਹਿੰਦੂਆਂ ਵਿਰੁੱਧ ਨਫ਼ਰਤੀ ਅਪਰਾਧਾਂ ਦਾ ਸਿਲਸਿਲਾ ਹੈ, ਜਦ ਅਸਲ ਵਿਚ ਸਿੱਖ ਪਹਿਲਾਂ ਹੀ ਨਫਰਤ ਦੇ ਪ੍ਰਚਾਰ ਅਤੇ ਅਪਰਾਧਾਂ ਦਾ ਸਾਹਮਣਾ ਕਰ ਰਹੇ ਹਨ।
ਆਪਣੇ ਸਾਰੇ ਪ੍ਰਚਾਰ ਤੰਤਰ ਅਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਉਹ ਸਿੱਖਾਂ ਨੂੰ ਹਮਲਾਵਰ ਵਜੋਂ ਅਤੇ ਹਿੰਦੂਆਂ (ਅਸਲ ਵਿਚ ਹਿੰਦੂਤਵੀਆਂ) ਨੂੰ ਪੀੜਤ ਵਜੋਂ ਦਿਖਾਉਣ ਦੀ ਕੋਸ਼ਸ਼ ਕਰ ਰਹੇ ਹਨ। ਜੇ ਸਿੱਖ ਚੁੱਪ ਰਹੇ ਤੇ ਇਸ ਮਸਲੇ ‘ਤੇ ਸਿਧਾਂਤਕ ਅਤੇ ਸਿੱਖ ਨੈਤਿਕਤਾ ਦੀ ਗੱਲ ਨਾ ਦੱਸੀ ਤਾਂ ਹਿੰਦੂਤਵੀ ਆਪਣੇ ਖੇਡ ਵਿੱਚ ਕਾਮਯਾਬ ਹੋਣਗੇ। ਜਦਕਿ ਅਸਲ ਵਿੱਚ ਇਹ ਹਿੰਦੂਤਵੀ ਹੀ ਹਨ, ਜੋ ਹਮਲਾਵਰ ਹਨ ਅਤੇ ਸਵਾਲਾਂ ਦਾ ਸਾਹਮਣਾ ਕਰ ਰਹੇ ਹਨ।

ਇਹ ਬਿਰਤਾਂਤ ਦੀ ਲੜਾਈ ਹੈ ਅਤੇ ਸਿੱਖਾਂ ਨੂੰ ਸਾਵਧਾਨੀ ਨਾਲ ਪਰ ਸਪੱਸ਼ਟ ਤੌਰ ‘ਤੇ ਬੋਲਣ ਦੀ ਲੋੜ ਹੈ। ਉਨ੍ਹਾਂ ਨੂੰ ਬਾਕੀ ਹਿੰਦੂਆਂ ਨੂੰ ਵੀ ਅਸਲੀਅਤ ਦੱਸਣ ਦੀ ਲੋੜ ਹੈ।
ਸਿੱਖਾਂ ਨੂੰ ਚਾਹੀਦਾ ਕਿ ਉਹ ਸਿੱਖਫੋਬੀਆ ਬਾਰੇ ਆਲੇ ਦੁਆਲੇ, ਯੂਨੀਵਰਸਿਟੀਆਂ, ਮੀਡੀਆ ਅਤੇ ਸਰਕਾਰਾਂ ਨੂੰ ਦੱਸਣ ਕਿ ਕਿਵੇਂ ਪੀੜਤ ਸਿੱਖਾਂ ਨੂੰ ਹੀ ਗਲਤ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਟਰੂਡੋ ਸਰਕਾਰ ਨੇ ਪਚਾਸੀ ਮਿਲੀਅਨ ਡਾਲਰ ਖਰਚ ਕੇ ਇਸਲਾਮੀਫੋਬੀਆ ਖ਼ਿਲਾਫ਼ ਲੜਾਈ ਵਾਸਤੇ ਇੱਕ ਅਹੁਦਾ ਕੈਨੇਡਾ ‘ਚ ਤਿਆਰ ਕੀਤਾ ਹੈ, ਸਰਕਾਰ ਨੂੰ ਉਸੇ ਤਰਜ਼ ‘ਤੇ ਸਿੱਖਫੋਬੀਆ ਬਾਰੇ ਸਮਝਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ।

ਕੈਨੇਡਾ ਦੇ ਸਿੱਖਾਂ ਵੱਲੋਂ ਵੱਡੇ ਵੱਡੇ ਗੁਰਦੁਆਰੇ ਉਸਾਰ ਕੇ ਉਨ੍ਹਾਂ ਦਾ ਪ੍ਰਬੰਧ ਚਲਾਉਣਾ ਅਤੇ ਗੁਰੂ ਦੇ ਸਿਧਾਂਤ ਅਨੁਸਾਰ ਗੁਰਬਾਣੀ ਪ੍ਰਚਾਰ ਅਤੇ ਲੰਗਰ ਛਕਾਉਣਾ, ਲੋੜਵੰਦ ਦੀ ਬਾਂਹ ਫੜਨੀ ਬਹੁਤ ਸ਼ਲਾਘਾਯੋਗ ਹੈ। ਪਰ ਗੁਰਦੁਆਰੇ ਦੀ ਹੱਦ ਤੋਂ ਬਾਹਰ ਸਿੱਖਾਂ ‘ਤੇ ਜੋ ਬਿਰਤਾਂਤ ਪੱਧਰ ‘ਤੇ ਅਜਿਹੇ ਹਮਲੇ ਹੋ ਰਹੇ ਹਨ, ਇਨ੍ਹਾਂ ਨੂੰ ਰੋਕਣ ਅਤੇ ਰੋਕਣ ਲਈ ਹੋਰਾਂ ਦਾ ਸਾਥ ਲੈਣ ਦੀ ਜ਼ਿੰਮੇਵਾਰੀ ਵੀ ਇਨ੍ਹਾਂ ਪ੍ਰਬੰਧਕਾਂ ਅਤੇ ਸਹਿਯੋਗੀ ਸਿੱਖ ਜਥੇਬੰਦੀਆਂ ਦੀ ਬਣਦੀ ਹੈ।

ਜਿਵੇਂ ਮੰਦਰਾਂ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਨਾਅਰੇ ਲਿਖਣ ਨੂੰ ਹਮਲੇ ਦੱਸ ਕੇ ਸਿੱਖ ਵਿਰੋਧੀ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਉਸ ਨੂੰ ਰੋਕਣ ਅਤੇ ਜਵਾਬ ਦੇਣ ਦੀ ਫ਼ੌਰੀ ਕੋਸ਼ਿਸ਼ ਸਿੱਖ ਸੰਸਥਾਵਾਂ ਵੱਲੋਂ ਨਹੀਂ ਹੋ ਰਹੀ, ਨੀਂਦ ‘ਚੋਂ ਜਾਗਣ ਦੀ ਲੋੜ ਹੈ।

ਇਸ ਬਾਰੇ ਕੁਝ ਵੇਰਵੇ ਕੁਮੈਂਟਾਂ ਵਿੱਚ ਦੇਖੋ। #Unpopular_Opinions #Unpopular_Ideas #Unpopular_Facts