ਡਾ ਅੰਬੇਦਕਰ ਸਿੱਖ ਕਿਓਂ ਨਾ ਬਣ ਸਕੇ?

0
1186

ਭੀਮ ਆਰਮੀ ਦੇ ਸੰਸਥਾਪਕ ਅਤੇ ਆਜ਼ਾਦ ਸਮਾਜ ਪਾਰਟੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਤੇ ਸੁਆਲ ਪੁੱਛਿਆ ਕਿ ਡਾ ਅੰਬੇਡਕਰ ਸਿੱਖ ਕਿਉਂ ਨਾ ਬਣੇ ਤੇ ਕਿਸ ਨੇ ਰੋਕਿਆ?

ਗਿਆਨੀ ਜੀ ਨੇ ਖੁਦ ਵੀ ਜੁਆਬ ਦਿੱਤਾ ਤੇ ਉਸਨੂੰ ਸ੍ਰ ਮੱਲ ਸਿੰਘ ਹੁਰਾਂ ਦੀ ਇਸ ਵਿਸ਼ੇ ‘ਤੇ ਲਿਖੀ ਵਿਸਥਾਰਤ ਕਿਤਾਬ ਪੜ੍ਹਨ ਦੀ ਸਲਾਹ ਦਿੱਤੀ। ਜਿਨ੍ਹਾਂ ਸੱਜਣਾਂ ਨੇ ਇਸ ਮੁਲਾਕਾਤ ਦਾ ਪ੍ਰਬੰਧ ਕੀਤਾ, ਉਨ੍ਹਾਂ ਨੇ ਬਹੁਤ ਵਧੀਆ ਕੀਤਾ।

ਕੁਝ ਹਫਤੇ ਪਹਿਲਾਂ ਸ੍ਰ ਮੱਲ ਸਿੰਘ ਨੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਸਨਮਾਨਤ ਵੀ ਕੀਤਾ ਗਿਆ ਸੀ। ਉਨ੍ਹਾਂ ਨੇ ਇਹ ਕਿਤਾਬ ਲਿਖ ਕਿ ਉਸ ਝੂਠੇ ਪ੍ਰਚਾਰ ਦੇ ਪਰਖਚੜੇ ਉਡਾ ਦਿੱਤੇ ਕਿ ਡਾ ਅੰਬੇਡਕਰ ਨੂੰ ਕਿਸੇ ਸਿੱਖ ਲੀਡਰ ਜਾਂ ਖਾਸ ਕਰ ਮਾਸਟਰ ਤਾਰਾ ਸਿੰਘ ਨੇ ਰੋਕਿਆ ਸੀ। ਉਨ੍ਹਾਂ ਨੇ ਸਮਕਾਲੀ ਲਿਖਤਾਂ ਦੇ ਹਵਾਲੇ ਦਿੱਤੇ ਅਤੇ ਸਾਬਤ ਕੀਤਾ ਕਿ ਅਸਲ ਦੋਸ਼ੀ ਮਹਾਤਮਾ ਗਾਂਧੀ ਐਂਡ ਕੰਪਨੀ ਸੀ। ਸਗੋਂ ਮਾਸਟਰ ਜੀ ਸਮੇਤ ਸਾਰੇ ਸਿੱਖ ਆਗੂਆਂ ਨੇ ਤਾਂ ਉਤਸ਼ਾਹਤ ਕੀਤਾ। ਕਿਸੇ ਵੀ ਅਜਿਹੇ ਲੇਖਕ ਸੱਜਣ ਵਲੋਂ ਜਿਨ੍ਹਾਂ ਪਹਿਲਾਂ ਮੱਖੀ ‘ਤੇ ਮੱਖੀ ਮਾਰ ਕੇ ਇਹ ਝੂਠਾ ਪ੍ਰਚਾਰ ਕੀਤਾ ਸੀ, ਹਾਲੇ ਤੱਕ ਸ੍ਰ ਮੱਲ ਸਿੰਘ ਵੱਲੋਂ ਸਾਹਮਣੇ ਲਿਆਂਦੇ ਗਏ ਤੱਥਾਂ ਦਾ ਜੁਆਬ ਨਹੀਂ ਦਿੱਤਾ।

ਸਾਡੀ ਬੇਨਤੀ ਹੈ ਕਿ ਜਿਸ ਨੇ ਵੀ ਇਸ ਵਿਸ਼ੇ ‘ਤੇ ਕੋਈ ਬਹਿਸ ਚਲਾਉਣੀ ਹੈ ਪਹਿਲਾਂ ਉਹ ਸਰਦਾਰ ਮੱਲ ਸਿੰਘ ਦੀਆਂ ਕਿਤਾਬਾਂ ਪੜ੍ਹ ਲਵੇ, ਉਸ ਤੋਂ ਬਾਅਦ ਗੱਲ ਕਰੇ। ਲੋੜ ਅੰਬੇਦਕਰੀ ਲੇਖਕਾਂ ਜਾਂ ਸਿਆਸੀ ਕਾਰਕੁਨਾਂ ਨੂੰ ਪੁੱਛਣ ਦੀ ਹੈ ਕਿ ਜਦੋਂ ਅਸਲੀ ਦੋਸ਼ੀਆਂ ਦੀ ਪਛਾਣ ਬੇਨਕਾਬ ਹੋ ਚੁੱਕੀ ਹੈ ਤਾਂ ਉਹ ਉਨ੍ਹਾਂ ਦੇ ਨਾਂ ਲੈਣ ਦੀ ਹਿੰਮਤ ਕਿਉਂ ਨਹੀਂ ਕਰਦੇ ਤੇ ਝੂਠ ਕਿਉਂ ਦੁਹਰਾ ਰਹੇ ਨੇ?
ਗੱਲ ਸਿੱਧੀ ਹੈ ਇਸ ਵਿਸ਼ੇ ‘ਤੇ ਹਾਲੇ ਵੀ ਝੂਠ ਦੁਹਰਾਉਣ ਤੇ ਫੈਲਾਉਣ ਵਾਲੇ ਜਾਣੇ ਜਾਂ ਅਣਜਾਣੇ ਹਿੰਦੂਤਵੀ ਰਾਜਨੀਤੀ ਦੇ ਹੱਥ ਠੋਕੇ ਬਣ ਰਹੇ ਨੇ। ਕੁਝ ਤਾਂ ਅਣਜਾਣ ਹੋ ਸਕਦੇ ਨੇ ਪਰ ਕਈ ਇਹ ਜਾਣਬੁੱਝ ਕੇ ਕਰ ਰਹੇ ਨੇ।

ਇੱਥੇ ਅਸੀਂ ਸ੍ਰ ਮੱਲ ਸਿੰਘ ਦੇ ਸਨਮਾਨ ਦੀ ਫੋਟੋ, ਜਥੇਦਾਰ ਸਾਹਿਬ ਨਾਲ ਚੰਦਰ ਸ਼ੇਖਰ ਆਜ਼ਾਦ ਅਤੇ ਸਾਥੀਆਂ ਤੋਂ ਇਲਾਵਾ ਸਾਬਕਾ IAS ਅਤੇ ਪ੍ਰਬੁੱਧ ਸਿੱਖ ਵਿਦਵਾਨ ਸ੍ਰ ਗੁਰਤੇਜ ਸਿੰਘ ਦੇ ਇਸ ਮਸਲੇ ‘ਤੇ ਖੋਜ ਭਰਪੂਰ ਲੇਖ ਨੂੰ ਪੋਸਟ ਕਰ ਰਹੇ ਹਾਂ। ਸ੍ਰ ਮੱਲ ਸਿੰਘ ਦੀ ਕਿਤਾਬ ਪੜ੍ਹ ਕੇ ਪਤਾ ਲਗਦਾ ਹੈ ਕਿ ਇਸ ਲੇਖ ਨੇ ਹੀ ਸ੍ਰ ਮੱਲ ਸਿੰਘ ਨੂੰ ਅੱਗੋਂ ਖੋਜ ਲਈ ਉਤਸ਼ਾਹਿਤ ਕੀਤਾ ਸੀ। ਅਸੀਂ ਪਹਿਲਾਂ ਵੀ ਇਹ ਸਾਂਝਾ ਕੀਤਾ ਸੀ।


ਅੰਬੇਡਕਰ ਨੂੰ ਸਿੱਖ ਬਣਨ ਤੋਂ ਰੋਕਣ ਵਾਲੇ ਬੇਨਕਾਬ – ਗੁਰਤੇਜ ਸਿੰਘ
ਸਿੱਖ ਇਤਿਹਾਸ ਨੁੰ ਪੜ੍ਹਦਿਆਂ ਸਭ ਤੋਂ ਵੱਧ ਧਿਆਨ ਦੇਣ ਯੋਗ ਉਹ ਭ੍ਰਾਂਤੀਆਂ ਅਤੇ ਛਲਾਵੇ ਹਨ ਜੋ ਮੰਦ ਭਾਵਨਾ ਅਧੀਨ ਵਿਰੋਧੀਆਂ ਵਲੋਂ ਇਸ ਦਾ ਹਿੱਸਾ ਬਣਾਏ ਗਏ ਹਨ। ਜੇ ਪੈਰ ਪੈਰ ਉੱਤੇ ਪੂਰਾ ਧਿਆਨ ਨ ਦਿੱਤਾ ਜਾਵੇ ਤਾਂ ਇਕਸਾਰ ਵਹਿੰਦੇ ਇਤਿਹਾਸਕ ਅਮਲ ਵਿੱਚ ਵੱਡੇ ਵਿਘਨ ਪੈ ਜਾਂਦੇ ਹਨ। ਇਹ ਛਲੇਡੇ ਉਨ੍ਹਾਂ ਘੁਸਪੈਠੀਆਂ ਵਾਂਗ ਹਨ ਜਿਹੜੇ ਮੁਲਕਾਂ ਨੂੰ ਨੇਸਤੋਨਾਬੂਦ ਕਰਨ ਲਈ, ਦੁਸ਼ਮਣ ਵਲੋਂ ਘਾਤਕ ਹਥਿਆਰਾਂ ਨਾਲ ਲੈਸ ਕਰਕੇ, ਸਮਾਜਿਕ ਜੀਵਨ ਨੂੰ ਤਹਿਸ ਨਹਿਸ ਕਰਨ ਦੇ ਮਨਸੂਬੇ ਨਾਲ ਸੋਚ ਸਮਝ ਕੇ ਦਾਖਲ ਕੀਤੇ ਜਾਂਦੇ ਹਨ। ਇਹ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਕਾਬਲ ਹੁੰਦੇ ਹਨ ਅਤੇ ਇਕ ਵਾਰੀ ਅਵੇਸਲੇਪਣ ਵਿੱਚ ਦਾਖਲ ਹੋ ਜਾਣ ਤਾਂ ਗਲਤ ਕਿਟਾਣੂਆਂ ਵਾਂਗ ਇਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਪਛਾੜਨ ਨੂੰ ਸੁਚੇਤ ਲੋਕਾਂ ਨੂੰ ਵੀ ਕਈ ਕਈ ਦਹਾਕੇ ਲਗ ਜਾਂਦੇ ਹਨ। ਸਿੱਖਾਂ ਵਰਗੀ ਹਰ ਬੰਦੇ ਉੱਤੇ ਭਰੋਸਾ ਕਰਨ ਵਾਲੀ ਕੌਮ ਦੇ ਘਰ ਵਿੱਚ ਤਾਂ ਇਹ ਭੁਲੇਖੇ ਛੌਣੀਆਂ ਪਾ ਕੇ ਬਹਿ ਜਾਂਦੇ ਹਨ ਅਤੇ ਹਰ ਕੌਮੀ ਪੂਰ ਨੂੰ ਗੁਮਰਾਹ ਕਰਨ ਵਿੱਚ ਵੱਡਾ ਹਿੱਸਾ ਪਾਉਂਦੇ ਹਨ। ਕਈ ਵਾਰੀਂ ਵੱਡੇ ਸੁਹਿਰਦ ਵਿਦਵਾਨ ਵੀ ਇਨ੍ਹਾਂ ਨੂੰ ਪਛਾਣ ਨਹੀਂ ਸਕਦੇ।

ਸਿਰਦਾਰ ਕਪੂਰ ਸਿੰਘ ਜਮਾਨੇ ਦਾ ਸਿਰਮੌਰ ਚਿੰਤਕ ਅਤੇ ਰੌਸ਼ਨ ਦਿਮਾਗ ਸਿੱਖ ਸੀ ਪਰ ਡੌਕਟਰ ਅੰਬੇਡਕਰ ਦੇ ਸਿੱਖ ਨ ਬਣ ਸਕਣ ਦੀ ਵਾਰਤਾ ਵਿੱਚ ਰਲਾਏ ਕੋਰੇ ਝੂਠਾਂ ਨੂੰ ਪਛਾੜਣ ਵਿੱਚ ਉਹ ਵੀ ਧੋਖਾ ਖਾ ਗਿਆ। ਇਹ ਘੱਟ ਧਿਆਨ ਦੇਣ ਕਾਰਣ ਨਹੀਂ ਹੋਇਆ ਬਲਕਿ ਸਬੰਧਤ ਜਾਣਕਾਰੀ ਪ੍ਰਾਪਤ ਨਾ ਹੋਣ ਕਾਰਣ ਅਤੇ ਦਲਿਤਾਂ ਵਲੋਂ ਆਪਣੀ ਗਲਤੀ ਨੂੰ ਲੁਕਾਉਣ ਲਈ ਚਲੀਆਂ ਗਈਆਂ ਸ਼ਾਤਰ ਚਾਲਾਂ ਦੇ ਸ਼ਿਕਾਰ ਹੋਣ ਕਾਰਣ ਹੋਇਆ ਸੀ। ਸਰਦਾਰ ਨਰੈਣ ਸਿੰਘ ਦੇ ਮੂਹੋਂ ਅਸਲ ਕਹਾਣੀ ਸੁਣਨ ਵਾਲਿਆਂ ਦੀ ਪਕੜ ਵਿੱਚ ਸੱਚ ਆ ਗਿਆ ਪਰ ਅੰਬੇਡਕਰ ਨੂੰ ਦੋਸ਼ਮੁਕਤ ਕਰਨ ਅਤੇ ਇਸ ਅਮਲ ਲਈ ਬੁਰੇ ਦੇ ਘਰ ਤੱਕ ਜਾਣ ਵਾਲੇ ਲਾਹੌਰੀ ਰਾਮ ਬਾਲੀ ਵਰਗੇ ਚੰਦ ਦਲਿਤ ਬੁੱਧੀਜੀਵੀਆਂ ਉੱਤੇ ਟੇਕ ਰੱਖਣ ਵਾਲੇ ਸਾਰੇ ਸਿਰਦਾਰ ਵਾਂਗ ਹੀ ਟਪਲਾ ਖਾ ਗਏ। ਅਸਲੀਅਤ ਨੇ ਆਖਰ ਡੌਕਟਰ ਅੰਬੇਡਕਰ ਦੀਆਂ ਲਿਖਤਾਂ ਦੇ ਮਹਾਂਰਾਸ਼ਟਰਾ ਸਰਕਾਰ ਵਲੋਂ ਛਾਪੇ ਜਾਣ ਤੋਂ ਬਾਅਦ ਹੀ ਆਪਣਾ ਘੰਡ ਚੁੱਕ ਕੇ ਨੂਰੀ ਦੀਦਾਰ ਕਰਵਾਏ।

ਅੰਬੇਡਕਰ ਲਿਖਤ ਸੰਗ੍ਰਹਿ ਦੀ 17 ਵੀਂ ਪੋਥੀ, ਜੋ 2003 ਵਿੱਚ ਛਪੀ, ਨੇ ਸਾਰੀ ਹਕੀਕਤ ਖੋਲ੍ਹ ਕੇ ਰੱਖ ਦਿੱਤੀ। ਪਹਿਲਾਂ ਪ੍ਰਾਪਤ ਜਾਣਕਾਰੀ ਦੀ ਇਸ ਨੇ ਪੁਸ਼ਟੀ ਕੀਤੀ; ਮਸਲਨ ਅੰਬੇਡਕਰ ਸਿੰਘ ਸਜਣ ਲਈ ਉਤਾਵਲਾ ਸੀ ਅਤੇ ਹਿੰਦੂ ਸਮਾਜ ਦੇ ਮਹਾਂ ਰਥੀਆਂ ਨੂੰ ਉਸਨੇ ਇਹ ਕਦਮ ਚੁੱਕਣ ਲਈ ਸਹਿਮਤ ਕਰ ਲਿਆ ਸੀ। ਉਸਨੂੰ ਵੀ ਕੁਦਰਤ ਵਲੋਂ ਭਰੋਸਾ ਦਾਨ ਦੇ ਖੁਲ੍ਹੇ ਗੱਫੇ ਮਿਲੇ ਹੋਏ ਸਨ ਅਤੇ ਉਹ ਪੇਚਾ ਦੇ ਅੰਦਰਲੇ ਪੇਚਾਂ ਦੀ ਥਾਹ ਨ ਪਾ ਸਕਿਆ। ਸਿਖ ਸਜਣ ਦੇ ਆਖਰੀ ਪੜਾਅ ਵਿੱਚ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਡੌਕਟਰ ਮੂੰਜੇ ਦਾ ਬਿਆਨ ਆਉਣਾਂ ਸੀ ਜਿਸ ਵਿੱਚ ਉਸਨੇ ਹਿੰਦੂ ਸਮਾਜ ਵਲੋਂ ਸ਼ਰ੍ਹੇਆਮ ਲਿਖਤੀ ਸਹਿਮਤੀ ਦੇਣੀ ਸੀ। ਅੰਬੇਡਕਰ ਨੇ ਪਹਿਲਾਂ ਤਹਿ ਕੀਤੇ ਘਟਨਾਂਕਰਮ ਵਜੋਂ, 18 ਜੂਨ 1936 ਨੂੰ ਬੰਬਈ ਹੋਈ ਮਿਲਣੀ ਵਿੱਚ, ਮੂੰਜੇ ਵਲੋਂ ਦਿੱਤਾ ਜਾਣ ਵਾਲਾ ਬਿਆਨ ਲਿੱਖ ਕੇ ਉਸਦੇ ਸਪੁਰਦ ਕਰ ਦਿੱਤਾ। ਇਹ ਤਹਿ ਹੋ ਚੁੱਕਿਆ ਸੀ ਕਿ ਅੇਨ ਸਮਾ ਆਉਣ ਤੱਕ ਇਸਨੂੰ ਗੁਪਤ ਰੱਖਿਆ ਜਾਵੇਗਾ।

ਜਾਪਦਾ ਇਹ ਹੈ ਕਿ ਜੁਗਲ ਕਿਸ਼ੋਰ ਬਿਰਲਾ, ਮਦਨਮੋਹਨ ਮਾਲਵੀਆ ਸਮੇਤ ਸਾਰੇ ਹਿੰਦੂ ਨਾਇਕਾਂ ਦਾ ਮੰਤਵ ਕੇਵਲ ਅੰਬੇਡਕਰੀਆਂ ਨੂੰ ਇੱਕ ਵਾਰੀ ਇਸਾਈ ਜਾਂ ਮੁਸਲਮਾਨ ਬਣਨ ਤੋਂ ਹਟਕੁਣਾਂ ਸੀ। 17 ਵੇਂ ਸੰਸਕਰਣ ਦੀਆਂ ਲਿਖਤਾਂ ਤੋਂ ਇਹ ਵੀ ਜਾਪਦਾ ਹੈ ਕਿ ਦਲਿਤਾਂ ਨੂੰ ਆਰੀਆ ਸਮਾਜ ਵੱਲ ਪ੍ਰੇਰਨ ਦੀ ਵੀ ਚੇਸ਼ਟਾ ਕੀਤੀ ਗਈ ਸੀ ਜੋ ਉਨ੍ਹਾਂ ਨੇ ਦ੍ਰਿਢਤਾ ਨਾਲ ਰੱਦ ਕਰ ਦਿੱਤੀ ਸੀ। ਸ਼ਾਇਦ ਸਿੱਖੀ ਧਾਰਣ ਕਰਨ ਦੀ ਸਹਿਮਤੀ ਦਾ ਢੋਂਗ ਰਚ ਕੇ ਦਲਿਤਾਂ ਦੇ ਮਨੋਰਥ ਨੂੰ ਇਕੋ ਝਟਕੇ ਨਾਲ ਤਾਰ ਤਾਰ ਕਰਨ ਦਾ ਮਨਸੂਬਾ ਵੀ ਨਾਲੋ ਨਾਲ ਘੜਿਆ ਜਾ ਚੁੱਕਾ ਸੀ। ਸਦੀਆਂ ਦੀ ਨਫਰਤ ਅਤੇ ਸਦੀਵੀ ਗੁਲਾਮ ਬਣਾਈ ਰੱਖਣ ਦੀ ਲਾਲਸਾ ਨੂੰ ਮਨਜੂਰ ਨਹੀਂ ਸੀ ਕਿ ਸ਼ਸਤ੍ਰਧਾਰੀ ਸਿੰਘ ਸਜ ਕੇ ਦਲਿਤ ਸਿੱਖਾਂ ਵਾਂਗ ਜਾਤਪਾਤ ਦੀ ਵਲਗਣ ਉਲੰਘ ਜਾਣ ਅਤੇ ਸਮਾਜਿਕ ਬਰਾਬਰੀ ਤੋਂ ਅੱਗੇ ਵਧ ਕੇ ਨਿਆਂ ਹਾਸਲ ਕਰਨ ਦੇ ਰਾਹ ਪੈ ਜਾਣ। ਉਹ ਤਾਂ ਸਗੋਂ ਸਿਖਾਂ ਦੀ ਵੀ ਬਰਬਾਦੀ ਲਈ ਰੱਸੇ ਪੈੜੇ ਵੱਟ ਰਹੇ ਸਨ।

ਸਾਰੀ ਤਹਿ ਸ਼ੁਦਾ ਸਕੀਮ ਅਧੀਨ ਗੁਪਤ ਰੱਖਣ ਦੇ ਕੌਲ-ਇਕਰਾਰਾਂ ਨੂੰ ਦਰਕਿਨਾਰ ਕਰਕੇ, ਡੌਕਟਰ ਮੂੰਜੇ ਨੇ ਨਾਗਪੁਰ ਪਹੁੰਚਦਿਆਂ ਹੀ 30 ਜੂਨ 1936 ਨੂੰ ਇੱਕ ਚਿੱਠੀ ਅੰਬੇਡਕਰ ਦੇ ਸਿਆਸੀ ਵਿਰੋਧੀ ਰਾਏ ਬਹਾਦਰ ਐਮ. ਸੀ. ਰਾਜਾ ਨੂੰ ਲਿੱਖੀ (ਅਪੈਡਕਸ X)।ਉਸਨੂੰ ਪਹਿਲੀ ਵਾਰ ਪਤਾ ਲੱਗਾ ਕਿ ਦਲਿਤਾਂ ਦੇ ਸਿੱਖ ਬਣਨ ਦੇ ਮਨਸੂਬੇ ਸਿਰੇ ਚੜ੍ਹਨ ਹੀ ਵਾਲੇ ਹਨ ਅਤੇ ਉਨ੍ਹਾਂ ਨੂੰ ਬਤੌਰ ਸਿੱਖ, ਹਿੰਦੂ ਸਮਾਜ ਵਲੋਂ ਮਾਨਤਾ ਦੇਣ ਅਤੇ ਕਾਨੂਨੀ ਆਧਾਰ ਮੁਹੱਈਆ ਕਰਨ ਦੀਆਂ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਹਨ। ਇਹ ਜਾਣਕਾਰੀ ਮੂੰਜੇ ਵਲੋਂ ਦਿੱਤੇ ਜਾਣ ਵਾਲੇ ਬਿਆਨ, ਜਿਸਦੀ ਤਹਿਰੀਰ ਅੰਬੇਡਕਰ ਨੇ ਖੁਦ ਲਿੱਖੀ ਸੀ, (ਜਿਲਦ 17 ਸਫੇ 239 ਤੋਂ 243) ਵਿੱਚ ਵੇਰਵੇ ਸਹਿਤ ਦਰਜ ਸਨ। ਜਾਪਦਾ ਇਹ ਹੈ ਕਿ ਰਾਜਾ ਨੇ ਇਸ ਮਨਸੂਬੇ ਨੂੰ ਖਤਮ ਕਰਨ ਦਾ ਮਨ ਬਣਾ ਕੇ ਮ.ਕ. ਗਾਂਧੀ, ਰਾਜਗੋਪਾਲਾਚਾਰੀਆ, ਮਦਨ ਮੋਹਨ ਮਾਲਵੀਆ ਨਾਲ ਸਲਾਹ ਮਸ਼ਵਰਾਂ ਕੀਤਾ। ਇਹ ਸਾਰੇ ਉਸ ਨਾਲ ਸਹਿਮਤ ਹੋ ਗਏ। ਸ਼ਾਇਦ ਉਨੇ ਹੀ ਜੋਸ਼ ਨਾਲ ਜਿੰਨੇ ਜੋਸ਼ ਨਾਲ ਦਲਿਤਾਂ ਦੇ ਸਿੱਖ ਬਣਨ ਦੇ ਮਨਸੂਬੇ ਨਾਲ ਪਹਿਲਾਂ ਸਹਿਮਤ ਹੋਏ ਸਨ। ਇਨ੍ਹੀ ਦਿਨੀਂ ਹੀ ਗਾਂਧੀ ਦਾ ਉਹ ਮਨਹੂਸ ਬਿਆਨ ਆਇਆ ਜਿਸਦਾ ਭਾਵ ਸੀ ਕਿ ਸਿੱਖ ਬਣਨ ਨਾਲੋਂ ਤਾਂ ਚੰਗਾ ਹੈ ਕਿ ਦਲਿਤ ਮੁਸਲਮਾਨ ਜਾਂ ਇਸਾਈ ਹੀ ਬਣ ਜਾਣ।

ਸਾਬੋਤਾਜ ਦਾ ਮੁਕੰਮਲ ਸ਼ੜਯੰਤਰ ਰਚ ਕੇ ਰਾਜਾ ਨੇ ਘੋਰ ਵਿਰੋਧ ਕਰਦਿਆਂ ਇੱਕ ਖਤ ਲਿਖਿਆ ਜੋ ਉਸਨੇ ਗਾਂਧੀ ਸਮੇਤ ਸਾਰੇ ਹਿੰਦੂ ਨਾਇਕਾਂ ਨੂੰ ਵੀ ਭੇਜ ਦਿੱਤਾ। ਆਖਰ 8 ਅਗਸਤ 1936 ਨੂੰ The Bombay Chronicle ਵਿੱਚ ਛਾਪ ਦਿੱਤਾ।ਇਹ ਖਤ ਅਤੇ ਇਸਦੀ ਪਿੱਠਭੂਮੀ ਵਿੱਚ ਰਚੇ ਚੱਕ੍ਰਵਿਯੂਹ ਨੇ ਹੀ ਡੌਕਟਰ ਅੰਬੇਡਕਰ ਦੇ ਸਿੱਖ ਬਣਨ ਦੇ ਪੂਰੇ ਵੇਗ ਨਾਲ ਸੰਪੂਰਣਤਾ ਵੱਲ ਵਧ ਰਹੇ ਵਿਚਾਰ ਨੂੰ ਸਦਾ ਲਈ ਸਮਾਪਤ ਕਰ ਦਿੱਤਾ। ਇਸ ਚਿੱਠੀ ਦਾ ਮੂਲ ਅੰਬੇਡਕਰ ਲਿੱਖਤ ਸੰਗ੍ਰਹਿ ਦੇ ਪੰਨੇ 477-479 ਉੱਤੇ ਵੇਖਿਆ ਜਾ ਸਕਦਾ ਹੈ। 479 – 483 ਪੰਨਿਆ ਉੱਤੇ ਰਾਜਗੋਪਾਲਾਚਾਰੀਆ, ਪੰਡਤ ਮਦਨਮੋਹਨ ਮਾਲਵੀਆ, ਮ.ਕ.ਗਾਂਧੀ ਅਤੇ ਚੰਡੌਰਕਰ ਦੇ ਪਤਰ ਸੁਨੇਹੇਂ ਆਦਿ ਹਨ ਜੋ ਅੰਬੇਡਕਰ ਨੂੰ ਸਿੱਖ ਬਣਨ ਦੇ ਇਰਾਦੇ ਤੋਂ ਹੋੜਨ ਦਾ ਇਕੋ ਇੱਕ ਕਾਰਣ ਬਣੇ।

ਮਹਾਤਮਾ ਬੁੱਧ ਦੇ ਉਪਦੇਸ਼ ਨੂੰ ਪ੍ਰਵਾਨ ਕਰਕੇ ਇੱਕ ਵੇਲੇ ਹਿੰਦ ਦੀ ਗਰਕ ਹੁੰਦੀ ਜਾ ਰਹੀ ਜਮੀਰ ਨੂੰ ਸੰਸਾਰ ਦੇ ਸ੍ਰੇਸ਼ਟ ਧਰਮ ਵਲੋਂ ਉਭਰਨ ਦਾ ਮੌਕਾ ਦਿੱਤਾ ਸੀ ਜੋ ਆਦਿ ਸ਼ੰਕਰਾਚਾਰੀਆਂ ਨੇ ਹਿੰਸਕ ਧਾੜਵੀਆਂ ਦੀ ਅਗਵਾਈ ਕਰਕੇ ਖਤਮ ਕਰ ਦਿੱਤਾ। ਸਦੀਆਂ ਬਾਅਦ ਸਿੱਖੀ ਦੇ ਲੜ ਲੱਗ ਕੇ ਮਨੁੱਖੀ ਅਧਿਆਤਮਿਕ ਵਿਕਾਸ ਦੀ ਚਰਮ ਸੀਮਾ ਵੱਲ ਵਧ ਰਹੀ ਆਤਮਾਂ ਨੂੰ ਹਿੰਦ ਦੇ ਮਹਾਂਰਥੀ ਆਗੂਆਂ ਨੇ ਇੱਕ ਵਾਰ ਫੇਰ ਪਛਾੜ ਦਿੱਤਾ। ਅੰਬੇਡਕਰ ਨੇ ਖੁੱਦ ਆਉਂਦੀ ਕ੍ਰਾਂਤੀ ਨੂੰ ਖਤਮ ਕਰਨ ਲਈ ਇਨ੍ਹਾਂ ਹਿੰਦੂ ਆਗੂਆਂ ਨੂੰ ਜ਼ਿਮੇਵਾਰ ਦੱਸਿਆ ਹੈ ਨਾ ਕਿ ਸਿੱਖ ਆਗੂਆਂ ਨੂੰ।
#Unpopular_Opinions #Unpopular_Ideas #Unpopular_Facts