ਬਰੈਂਪਟਨ ਮੰਦਰ ‘ਚ ਵਾਪਰੀ ਮੰਦਭਾਗੀ ਘਟਨਾ ਮਗਰ ਏਜੰਡਾ ਕੀ?

0
1221

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਰਿਪੁਦਮਨ ਸਿੰਘ ਮਲਿਕ ਦਾ ਕਤਲ, ਮੰਦਰਾਂ ਦੀਆਂ ਕੰਧਾਂ ‘ਤੇ ਲੱਗੇ ਨਾਅਰਿਆਂ ਤੱਕ

ਕੁਝ ਹਫ਼ਤੇ ਪਹਿਲਾਂ ਤੱਕ ਹਿੰਦੂਤਵੀ ਕੱਟੜਤਾ ਅਤੇ ਫਿਰਕਾਪ੍ਰਸਤੀ ਦੇ ਉਭਾਰ ਅਤੇ ਗਤੀਵਿਧੀਆਂ ਅੰਤਰਰਾਸ਼ਟਰੀ ਮੀਡੀਆ ਵਿੱਚ ਖ਼ਬਰਾਂ ਵਿੱਚ ਸਨ। ਇੰਗਲੈਂਡ ਵਿੱਚ ਹਿੰਦੂਆਂ (ਅਸਲ ਵਿੱਚ ਆਰ.ਐਸ.ਐਸ.-ਭਾਜਪਾ ਦੇ ਨਜ਼ਦੀਕੀ) ਅਤੇ ਮੁਸਲਮਾਨਾਂ ਵਿਚਕਾਰ ਝੜਪਾਂ ਕਾਰਨ ਵੀ ਹਿੰਦੂ ਫਿਰਕਾਪ੍ਰਸਤੀ ਅਤੇ ਅੱਤਵਾਦ ਬਾਰੇ ਬਹੁਤ ਪ੍ਰਚਾਰ ਹੋਇਆ।

ਹੁਣ ਅਚਾਨਕ ਹੀ ਹਿੰਦੂ ਮੰਦਿਰਾਂ ਦੀਆਂ ਕੰਧਾਂ ‘ਤੇ ਖਾਲਿਸਤਾਨੀ ਨਾਅਰਿਆਂ ਨਾਲ ਪੇਂਟ ਕਰਕੇ ਅੰਤਰਰਾਸ਼ਟਰੀ ਮੀਡੀਆ ਅਤੇ ਦੂਜੇ ਦੇਸ਼ਾਂ ਦੇ ਸਥਾਨਕ ਮੀਡੀਆ ਦਾ ਧਿਆਨ ਹੁਣ ਸਿੱਖਾਂ ਅਤੇ ਖਾਲਿਸਤਾਨੀਆਂ ਵੱਲ ਮੋੜਿਆ ਜਾ ਰਿਹਾ ਹੈ।

ਜਦਕਿ ਹਿੰਦੂਤਵੀ ਅਤੇ ਭਾਰਤੀ ਖੁਫੀਆ ਤੰਤਰ ਆਪਣੇ ਏਜੰਡੇ ਅਤੇ ਗਤੀਵਿਧੀਆਂ ਨੂੰ ਜਾਰੀ ਰੱਖਣਗੇ, ਸਿੱਖਾਂ ਨੂੰ, ਖਾਸ ਕਰਕੇ ਵਿਦੇਸ਼ਾਂ ਵਿੱਚ ਰਹਿਣ ਵਾਲਿਆਂ ਨੂੰ, ਬਹੁਤ ਸਾਵਧਾਨੀ ਅਤੇ ਸੂਝ ਨਾਲ ਪ੍ਰਤੀਕਿਰਿਆ ਕਰਨ ਦੀ ਲੋੜ ਹੈ।

ਸਿੱਖਾਂ ਨੂੰ ਅਜਿਹੇ ਕਿਸੇ ਵੀ ਬਿਰਤਾਂਤ ਨੂੰ ਬਹੁਤ ਜਲਦੀ ਅਤੇ ਪ੍ਰਭਾਵਸ਼ਾਲੀ ਢੰਗ ਟੱਕਰ ਦੇਣ ਦੀ ਸਖ਼ਤ ਲੋੜ ਹੈ।


ਕਰੀਬ ਛੇ ਮਹੀਨੇ ਪਹਿਲਾਂ ਕੈਨੇਡਾ ਵਿਚ ਉੱਘੇ ਸਿੱਖ ਕਾਰੋਬਾਰੀ ਸਰਦਾਰ ਰਿਪੁਦਮਨ ਸਿੰਘ ਮਲਿਕ ਦਾ ਕਤਲ ਹੋਇਆ। ਭਾਵੇਂ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਨੂੰ ਕਿਸ ਨੇ ਮਾਰਿਆ ਹੈ ਪਰ ਭਾਰਤੀ ਗੋਦੀ ਮੀਡੀਆ ਨੇ ਕਥਿਤ ਸੂਤਰਾਂ ਦੇ ਹਵਾਲੇ ਨਾਲ ਇਹ ਖਬਰਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਨ੍ਹਾਂ ਨੂੰ ਸਿੱਖਾਂ ਨੇ ਮਾਰਿਆ ਹੈ।

ਕੈਨੇਡਾ ਦੀ ਪੁਲੀਸ ਨੇ ਸਾਫ ਕਿਹਾ ਸੀ ਕਿ ਸਰਦਾਰ ਮਲਿਕ ਦੇ ਕਤਲ ਬਾਰੇ ਕਿਸੇ ਵੀ ਕਿਸਮ ਦੀ ਤੁੱਕੇਬਾਜ਼ੀ ਨਾ ਕੀਤੀ ਜਾਵੇ ਪਰ ਟ੍ਰਿਬਿਊਨ ਸਮੇਤ ਸਾਰੇ ਗੋਦੀ ਮੀਡੀਏ ਨੇ ਇਹ ਝੂਠੀਆਂ ਖਬਰਾਂ ਚਲਾਈਆਂ। ਟ੍ਰਿਬਿਊਨ ਨੇ ਤਾਂ ਐਡੀਟੋਰੀਅਲ ਵਿਚ ਨਤੀਜਾ ਵੀ ਕੱਢ ਵੀ ਦਿੱਤਾ ਸੀ।

ਇਸ ਤੋਂ ਸਾਫ ਪਤਾ ਲਗਦਾ ਸੀ ਕਿ ਸਿੱਖ ਦੋਖੀ ਏਜੰਸੀਆਂ ਨੂੰ ਇਹ ਬਿਲਕੁਲ ਵਾਰਾ ਖਾਂਦਾ ਹੈ ਕਿ ਇਹ ਕਤਲ ਸਿੱਖਾਂ ਸਿਰ ਪਵੇ। ਉਧਰ ਮਲਿਕ ਦੇ ਕਤਲ ਨੂੰ ਸੈਲੀਬਰੇਟ ਕਰਨ ਤੇ ਜ਼ੁੰਮੇਵਾਰੀਆਂ ਲੈਣ ਦਾ ਵਰਤਾਰਾ ਸੋਸ਼ਲ ਮੀਡੀਏ ‘ਤੇ ਸਭ ਤੋਂ ਵੱਧ ਫੇਕ ਆਈਡੀਜ਼ ਨੇ ਚਲਾਇਆ। ਉਨ੍ਹਾਂ ਮਗਰ ਲੱਗ ਕੇ ਬਥੇਰੇ ਸਿੱਖ ਵੀ ਇਸ ਚਾਲ ਦੇ ਵਹਿਣ ‘ਚ ਵਹਿ ਗਏ। ਅਸਲ ‘ਚ ਇਨ੍ਹਾਂ ਸਿੱਖ ਫੇਸਬੁਕੀਆਂ ਨੇ, ਜੋ ਤਾਕਤਾਂ ਇਸ ਕਤਲ ਨੂੰ ਸਿੱਖਾਂ ਸਿਰ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਉਨ੍ਹਾਂ ਦਾ ਕੰਮ ਸੌਖਾ ਕੀਤਾ।

ਅਸੀਂ ਉਦੋਂ ਵੀ ਸਾਵਧਾਨ ਕੀਤਾ ਸੀ ਕਿ ਇਹ ਵਰਤਾਰਾ ਸਿੱਖਾਂ ਵਿਚਲੀ ਅੰਦਰੂਨੀ ਖਾਨਾਜੰਗੀ ਵਧਾਉਣ ਅਤੇ ਵਿਦੇਸ਼ਾਂ ਵਿਚ ਵਸਦੇ ਹੋਰ ਸਰਗਰਮ ਸਿੱਖ ਕਾਰਕੁੰਨਾਂ ਦੇ ਕਤਲਾਂ ਦਾ ਰਾਹ ਵੀ ਖੋਲ੍ਹ ਸਕਦਾ ਹੈ ਅਤੇ ਦੂਜੇ ਪਾਸੇ ਕੀ ਕਾਰਕੁੰਨਾਂ ਨੂੰ ਇਸ ਮਾਮਲਿਆਂ ਵਿਚ ਉਲਝਾਇਆ ਜਾ ਸਕਦਾ ਹੈ ਜਾਂ ਵੈਸੇ ਹੀ ਬਦਨਾਮ ਕੀਤਾ ਜਾ ਸਕਦਾ ਹੈ।

ਸਰਦਾਰ ਮਲਿਕ ਨੂੰ ਮਾਰਨ ਦਾ ਸਿੱਖਾਂ ਨੂੰ ਕੋਈ ਫ਼ਾਇਦਾ ਨਹੀਂ ਸੀ ਹੋ ਸਕਦਾ, ਫਾਇਦਾ ਤਾਂ ਇਸਦਾ ਕਿਸੇ ਹੋਰ ਨੂੰ ਹੋ ਰਿਹਾ ਸੀ। ਇਹ ਕਤਲ ਵਿਦੇਸ਼ੀਂ ਵਸਦੇ ਸਿੱਖਾਂ ਨੂੰ “ਸਿੱਖ ਦਹਿਸ਼ਤਗਰਦੀ” ਦੇ ਉਭਾਰ ਦੇ ਸੰਕੇਤ ਵੱਜੋਂ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਵੀ ਕੰਮ ਆ ਸਕਦਾ ਸੀ।


ਪਰ ਜਿਵੇਂ ਹੀ ਕੈਨੇਡਾ ਵਿਚਲੇ ਸਿੱਖਾਂ ਨੇ ਸਰਦਾਰ ਮਲਿਕ ਦੇ ਕਤਲ ਦੀ ਖੁੱਲ੍ਹ ਕੇ ਨਿੰਦਾ ਕੀਤੀ ਤੇ ਕੈਨੇਡੀਅਨ ਸਰਕਾਰ ਅਤੇ ਪੁਲਿਸ ਨੂੰ ਕਿਹਾ ਕਿ ਇਸ ਕਤਲ ਦੀ ਫ਼ੌਰੀ ਜਾਂਚ ਕੀਤੀ ਜਾਵੇ ਅਤੇ ਇਸ ਪਿਛਲੇ ਅਸਲ ਸਾਜ਼ਿਸ਼ਘਾੜੇ ਦਾ ਪਰਦਾਫਾਸ਼ ਕੀਤਾ ਜਾਵੇ ਤਾਂ ਸਿੱਖਾਂ ਵਿਰੁੱਧ ਪ੍ਰਚਾਰ ਵੀ ਬੰਦ ਹੋ ਗਿਆ। ਦੋ ਸ਼ੱਕੀ ਕਾਤਲ ਫੜੇ ਗਏ ਪਰ ਅਸਲ ਸਾਜ਼ਿਸ਼ ਨੰਗੀ ਨਹੀਂ ਹੋਈ। ਕੈਨੇਡਾ ਵਿਚਲੇ ਸਿੱਖਾਂ ਨੂੰ ਸਰਦਾਰ ਮਲਿਕ ਦੇ ਕਤਲ ਦੀ ਜਾਂਚ ਸਬੰਧੀ ਇਕ ਵਾਰ ਹੋਰ ਦਬਾਅ ਬਣਾਉਣਾ ਚਾਹੀਦਾ ਹੈ।

ਹੁਣ ਆਸਟ੍ਰੇਲੀਆ ਅਤੇ ਕੈਨੇਡਾ ਵਿਚ ਮੰਦਰਾਂ ਦੀਆਂ ਕੰਧਾਂ ‘ਤੇ ਖਾਲਿਸਤਾਨ ਦੇ ਨਾਅਰੇ ਪੇਂਟ ਕਰਨ ਦੀਆਂ ਇਹ ਘਟਨਾਵਾਂ ਵਾਪਰੀਆਂ ਹਨ। ਬਿਨਾਂ ਕਿਸੇ ਸਬੂਤ ਦੇ ਇਸ ਦਾ ਦੋਸ਼ ਖਾਲਿਸਤਾਨੀਆਂ (ਅਸਲ ਨਿਸ਼ਾਨ ਸਾਰੇ ਸਿੱਖ) ‘ਤੇ ਲਾਇਆ ਗਿਆ ਹੈ। ਬਿਨਾਂ ਕਿਸੇ ਸਬੂਤ ਦੇ ਕੀਤਾ ਜਾ ਰਿਹਾ ਇਹ ਪ੍ਰਚਾਰ ਆਖਰਕਾਰ ਸਾਰੇ ਸਿੱਖਾਂ ਨੂੰ ਪ੍ਰਭਾਵਿਤ ਕਰੇਗਾ ਕਿਉਂਕਿ ਸਿੱਖ ਕਾਰਕੁਨਾਂ ਦੇ ਪਾਸਪੋਰਟ ਰੱਦ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਪੈਟਰਨ ਉਹੀ ਹੈ।
ਅਸਲ ਵਿੱਚ ਇਸ ਅੰਦਰ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੈ। ਜੇਕਰ ਅਖੌਤੀ ਸੁਰੱਖਿਆ ਅਤੇ ਖੁਫੀਆ ਮਾਹਿਰਾਂ ਦੁਆਰਾ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਿੱਖਾਂ ਜਾਂ ਖਾਲਿਸਤਾਨੀਆਂ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਤਾਂ ਫਿਰ ਮੰਦਰਾਂ ਦੀ ਬੇਅਦਬੀ ਲਈ ਸਿੱਖਾਂ ਅਤੇ ਖਾਲਿਸਤਾਨੀਆਂ ਨੂੰ ਦੋਸ਼ੀ ਠਹਿਰਾਉਣਾ ਕਿੰਨਾ ਕੁ ਔਖਾ ਹੈ ?

ਉਸ ਸਮੇਂ ਵੀ ਬਾਦਲਾਂ ਅਤੇ ਦਮਦਮੀ ਟਕਸਾਲ (ਧੁੰਮਾ) ਦੇ ਨੇੜਲੇ ਬੰਦਿਆਂ ਨੇ ਵੀ, ਬੇਅਦਬੀ ਲਈ ਸਿੱਖਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਬਾਦਲਾਂ ਨੇ ਵਿਦੇਸ਼ੀ (ਖਾਲਿਸਤਾਨੀਆਂ) ਤਾਕਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਟਕਸਾਲੀਆਂ ਨੇ ਸਥਾਨਕ ਸਿੱਖਾਂ ਨੂੰ ਦੋਸ਼ੀ ਠਹਿਰਾਇਆ। ਬਰਗਾੜੀ ਮੋਰਚੇ ਵੇਲੇ ਵੀ ਬਾਦਲਾਂ ਅਤੇ ਇਨ੍ਹਾਂ ਦੇ ਕਰਿੰਦਿਆਂ ਦਾ ਇਹੀ ਪ੍ਰਚਾਰ ਸੀ। ਇਹ ਹੁਣ ਹੁਣ ਤੱਕ ਦਾ ਸਿੱਖਾਂ ਵਿਰੁੱਧ ਸਭ ਤੋਂ ਵੱਧ ਨਾਪਾਕ ਅਤੇ ਗੰਦਾ ਪ੍ਰਚਾਰ ਸੀ। ਅਸੀਂ ਇਸ ਬਾਰੇ ਵੱਖਰੇ ਤੌਰ ‘ਤੇ ਲਿਖਾਂਗੇ।

ਇਹ ਤਾਂ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਮੋਰਚੇ ਤੋਂ ਬਾਅਦ ਦਬਾਅ ਬਣਿਆ ਤੇ ਸੱਚ ਸਾਹਮਣੇ ਆਇਆ ਕਿ ਬੇਅਦਬੀ ਦੀਆਂ ਇਨ੍ਹਾਂ ਘਟਨਾਵਾਂ ਲਈ ਬਲਾਤਕਾਰੀ ਤੇ ਕਾਤਲ ਸੌਦਾ ਸਾਧ ਅਤੇ ਉਸਦੇ ਚੇਲੇ ਹੀ ਜ਼ਿੰਮੇਵਾਰ ਸਨ। ਹੁਣ ਉਹੀ ਹਿੰਦੂਤਵੀ ਤਾਕਤਾਂ ਅਤੇ ਕੇਂਦਰੀ ਏਜੰਸੀਆਂ ਸਿਰਸਾ ਸਾਧ ਦੀ ਰਾਖੀ ਕਰ ਰਹੀਆਂ ਹਨ ਅਤੇ ਮੌੜ ਧਮਾਕੇ ਦੇ ਕੇਸ ਨੂੰ ਵੀ ਅੱਗੇ ਨਹੀਂ ਵਧਣ ਦੇ ਰਹੀਆਂ।

ਬੇਅਦਬੀ ਤੋਂ ਲੈ ਕੇ ਸਰਦਾਰ ਮਲਿਕ ਦੇ ਕਤਲ ਅਤੇ ਦੂਜੇ ਦੇਸ਼ਾਂ ਵਿਚ ਹਿੰਦੂ ਮੰਦਰਾਂ ਦੀਆਂ ਕੰਧਾਂ ‘ਤੇ ਨਾਅਰੇ ਲਿਖਣੇ/ਲਿਖਾਉਣੇ ਇੱਕੋ ਖੇਡ ਦਾ ਹਿੱਸਾ ਹੈ। ਸਿੱਖਾਂ ਨੂੰ ਇਸ ਖੇਡ ਅਤੇ ਯੋਜਨਾ ਨੂੰ ਸਮਝਣ ਦੀ ਲੋੜ ਹੈ।

ਵਿਦੇਸ਼ਾਂ ਵਿਚਲੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ, ਖਾਸ ਕਰਕੇ ਆਸਟ੍ਰੇਲੀਆ ਅਤੇ ਕੈਨੇਡਾ ਵਿਚਲੀਆਂ, ਨੂੰ ਮੰਦਰਾਂ ਦੀਆਂ ਕੰਧਾਂ ‘ਤੇ ਲੱਗੇ ਇਨ੍ਹਾਂ ਨਾਅਰਿਆਂ ਬਾਰੇ ਸਪਸ਼ਟ ਅਤੇ ਜ਼ੋਰਦਾਰ ਢੰਗ ਨਾਲ ਬੋਲਣ ਦੀ ਲੋੜ ਹੈ ਕਿ ਸਿੱਖ ਇਸ ਘਟੀਆ ਵਰਤਾਰੇ ਦੀ ਨਿਖੇਧੀ ਕਰਦੇ ਹਨ ਅਤੇ ਦੋਸ਼ੀਆਂ ਨੂੰ ਜਲਦ ਫੜਨ ਦੀ ਮੰਗ ਕਰਦੇ ਹਨ ਤਾਂ ਕਿ ਸਚਾਈ ਸਾਹਮਣੇ ਆ ਸਕੇ। ਬਿਨਾ ਸਬੂਤ ਸਿੱਖਾਂ ਸਿਰ ਦੋਸ਼ ਲਾਉਣੇ ਸਰਾਸਰ ਗਲਤ ਅਤੇ ਖਾਸ ਏਜੰਡੇ ਦੀ ਪੂਰਤੀ ਹੈ।

ਇਸ ਤਰਾਂ ਸਿੱਖ ਅਤੇ ਪੰਜਾਬ ਵਿਰੋਧੀ ਤਾਕਤਾਂ ਦੇ ਏਜੰਡੇ ਨੂੰ ਫੇਲ੍ਹ ਕੀਤਾ ਜਾ ਸਕਦਾ ਹੈ। ਨਾਲ ਹੀ ਉਹ ਬੇਅਦਬੀ ਅਤੇ ਮੌੜ ਧਮਾਕੇ ਦੇ ਮਾਮਲੇ ਵਿਚ ਏਜੰਸੀਆਂ ਵਲੋਂ ਖੇਡੀ ਜਾ ਰਹੀ ਖੇਡ ਨੂੰ ਨੰਗਾ ਕਰਨ।
ਜੇ ਸਿੱਖ ਹਲਕੇ ਸਿਆਣਪ ਨਾਲ ਗੱਲ ਕਰਨਗੇ ਤਾਂ ਮੰਦਰਾਂ ਵਾਲੀ ਖੇਡ ਹਿੰਦੂਤਵੀਆਂ ਨੂੰ ਪੁੱਠੀ ਪਾਏਗੀ। ਇਨ੍ਹਾਂ ਦਾ ਸਾਰਾ ਪੈਟਰਨ ਨੰਗਾ ਕੀਤਾ ਜਾ ਸਕਦਾ ਹੈ।
#Unpopular_Opinions #Unpopular_Ideas #Unpopular_Facts