ਕਿਸਾਨ ਮੋਰਚੇ, ਮੱਤੇਵਾੜਾ ਮੋਰਚੇ ਅਤੇ ਜ਼ੀਰਾ ਮੋਰਚੇ ਦੀ ਸਫਲਤਾ ਤੋਂ ਬਾਅਦ ਚੰਡੀਗੜ੍ਹ ਲੱਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਦੀ ਸਫਲਤਾ ਲਈ ਜ਼ੋਰ ਲੱਗਣਾ ਸ਼ੁਰੂ ਹੋਇਆ ਹੈ। ਕਿਸਾਨ ਯੂਨੀਅਨਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਥ ਦੇਣ ਵਾਸਤੇ ਅੱਗੇ ਆਈਆਂ ਹਨ। ਇਸ ਹੱਕੀ ਮੰਗ ਦੀ ਪੂਰਤੀ ਲਈ ਜਿਸ ਪਾਸੋਂ ਵੀ ਸਾਥ ਮਿਲੇ, ਸਵਾਗਤ ਕਰਨਾ ਬਣਦਾ।
ਅਜਿਹੇ ਮੌਕੇ ਜਦਕਿ ਇਹ ਮੋਰਚਾ ਵੱਡਾ ਹੋ ਰਿਹਾ ਹੋਵੇ ਤਾਂ ਉੱਥੇ ਪੁੱਜੇ ਸ਼ਰੋਮਣੀ ਕਮੇਟੀ ਪ੍ਰਧਾਨ ਨਾਲ ਦੁਰਵਿਹਾਰ ਜਾਇਜ਼ ਨਹੀਂ।
ਇਹ ਠੀਕ ਹੈ ਕਿ ਸ਼ਰੋਮਣੀ ਕਮੇਟੀ ਦੀਆਂ ਪੁਰਾਣੀਆਂ ਅਨੈਤਿਕ ਕਾਰਵਾਈਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਾਲੇ ਤਾਜ਼ਾ ਮਸਲੇ ਕਾਰਨ ਪੰਥ ‘ਚ ਰੋਸ ਹੈ, ਗੁੱਸਾ ਹੈ ਪਰ ਮੋਰਚੇ ‘ਤੇ ਅਜਿਹਾ ਗੁੱਸਾ ਜ਼ਾਹਰ ਕਰਨਾ ਮੋਰਚੇ ਦੀ ਭਾਵਨਾ ਅਤੇ ਪੈਂਠ ਦਾ ਨੁਕਸਾਨ ਹੀ ਕਰੇਗਾ ਤੇ ਸਾਡੀ ਪਾਟੋਧਾੜ ਹੋਰ ਨੰਗੀ ਕਰੇਗਾ।
ਚਾਹੇ ਹੁਣ ਥੱਲਾ ਲੱਗਣ ਕਰਕੇ ਹੀ ਹੈ ਪਰ ਅਕਾਲੀ ਦਲ ਤੇ ਸ਼ਰੋਮਣੀ ਕਮੇਟੀ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲ ਹਨ, ਦਿਲੋਂ ਹਨ ਜਾਂ ਡਰਾਮਾ ਕਰ ਰਹੇ, ਵਾਹਿਗੁਰੁ ਜਾਣਦਾ। ਸੰਗਤ ਸ਼ਰੋਮਣੀ ਕਮੇਟੀ ਤੋਂ ਜਵਾਬਦੇਹੀ ਲੈ ਸਕਦੀ ਪਰ ਮੌਕਾ ਤੇ ਥਾਂ ਦੇਖ ਕੇ। ਇਹ ਮੋਰਚਾ ਇਸ ਜਵਾਬਦੇਹੀ ਲਈ ਢੁਕਵੀਂ ਥਾਂ ਨਹੀਂ।
ਦੂਜੀ ਗੱਲ, ਸਿੱਖ ਵਿਰੋਧੀਆਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਸ਼ਰੋਮਣੀ ਕਮੇਟੀ ਨੂੰ ਖਤਮ ਕੀਤਾ ਜਾਵੇ। ਇਹ ਸਾਡੀ ਰੀੜ੍ਹ ਦੀ ਹੱਡੀ ‘ਤੇ ਹਮਲਾ ਹੈ। ਅਜਿਹੀ ਮੰਦਭਾਗੀ ਘਟਨਾ ਸ਼੍ਰੋਮਣੀ ਕਮੇਟੀ ਨੂੰ ਹੋਰ ਵੀ ਕਮਜ਼ੋਰ ਹੀ ਕਰੇਗੀ। ਇਸ ਸੰਸਥਾ ਦੇ ਕਮਜ਼ੋਰ ਹੋਣ ਦਾ ਮਤਲਬ ਸਿੱਖਾਂ ਦੀ ਰਹਿੰਦੀ ਖੂੰਹਦੀ ਰਾਜਨੀਤਕ ਤਾਕਤ ਨੂੰ ਵੀ ਕਮਜ਼ੋਰ ਹੋਣਾ ਹੈ।
ਸਿੱਖ ਅੱਜ ਵੀ ਪੰਜਾਬ ਵਿੱਚ ਬਹੁਗਿਣਤੀ ‘ਚ ਹਨ ਪਰ ਆਪਣੀਆਂ ਰਾਜਨੀਤਕ ਸ਼ਕਤੀਆਂ ਖਿੰਡ-ਪੁੰਡ ਜਾਣ ਕਾਰਨ ਰਾਜਸੀ ਤੌਰ ‘ਤੇ ਬੇਵੱਸ ਹੋਏ ਪਏ ਹਨ। ਸਿੱਖ ਸ਼ਕਤੀ ਇਕੱਠੀ ਨਾ ਹੋਣ ਕਾਰਨ ਸਾਰੇ ਵਿਰੋਧੀ ਇਸਦਾ ਫਾਇਦਾ ਚੁੱਕ ਰਹੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਿੱਖ ਵੰਡੇ ਰਹਿਣ ਤੇ ਕਦੇ ਕਿਸੇ ਮਗਰ ਤੇ ਕਦੇ ਕਿਸੇ ਮਗਰ ਤੁਰੇ ਰਹਿਣ। ਇੱਕ ਤੋਂ ਮਨ ਖੱਟਾ ਹੋ ਕੇ ਦੂਜੇ ਕੋਲੋਂ ਧੋਖਾ ਖਾਣ ਵੱਲ ਚਲੇ ਜਾਣ।
ਸਾਨੂੰ ਆਪਣੀ ਤਾਕਤ ਇੱਕਠੀ ਕਰਨ ਵੱਲ ਜ਼ੋਰ ਲਾਉਣ ਦੀ ਲੋੜ ਹੈ ਨਾ ਕਿ ਹੋਰ ਖਿਲਾਰਨ ਵੱਲ। ਅਜਿਹੇ ਟਕਰਾਅ ਤੋਂ ਬਚਣਾ ਚਾਹੀਦਾ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਮਾਮਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਵਿਰੋਧ ਦਾ- ਸਿੱਖ ਆਪਣੀ ਤਾਕਤ ਇੱਕਠੀ ਕਰਨ ਵੱਲ ਜ਼ੋਰ ਲਾਉਣ, ਨਾ ਕਿ ਹੋਰ ਖਿਲਾਰਨ ਵੱਲ