ਚੇਲਿਆਂ ਵਾਲੀ ਦਾ ਯੁੱਧ 13-01-1849..!

0
183

ਕਿਸੇ ਚਸ਼ਮਦੀਦ ਗੋਰੇ ਵੱਲੋਂ ਕੈਨਵਸ ਤੇ ਉਤਾਰਿਆ ਹੂ ਬਹੂ ਬਿਰਤਾਂਤ..ਅੱਜਕੱਲ ਘਰੇ ਹਾਲਾਤ ਥੋੜੇ ਸਾਜਗਾਰ ਨਾ ਹੋਣ ਤੇ ਅਕਸਰ ਦਫਤਰੋਂ ਛੁੱਟੀ ਮਾਰ ਲਈ ਜਾਂਦੀ ਪਰ ਉਸ ਵੇਲੇ ਜਦੋਂ ਪਤਾ ਸੀ ਕੇ
ਸਰਕਾਰ-ਏ-ਖਾਲਸਾ ਦੇ ਵੱਡੇ ਵੱਡੇ ਥੰਮ ਡਿੱਗ ਚੁੱਕੇ..ਰਾਜ ਪਤਨ ਦੇ ਐਨ ਨੇੜੇ..ਕੰਸੋਵਾਂ ਲੈਂਦੀ ਗੋਰੀ ਚਮੜੀ..ਪੈਰ ਪੈਰ ਤੇ ਫੈਲੇ ਦੁਸ਼ਮਣ ਗੱਦਾਰ..ਸਾਮਣੇ ਸਾਫ ਦਿਸਦੀ ਆਰ ਪਾਰ ਦੀ ਭਿਆਨਕ ਜੰਗ..ਟਾਂਡਿਆਂ ਵਾਲੀ ਜਾਂ ਭਾਂਡਿਆਂ ਵਾਲੀ ਵਿਚੋਂ ਸਿਰਫ ਇੱਕ ਦਾ ਹੀ ਬਚਣਾ ਸੰਭਵ..ਪਤਾ ਨੀ ਮੁੜ ਘਰੀਂ ਪਰਤਣਾ ਵੀ ਹੈ ਕੇ ਨਹੀਂ..!

ਤਾਂ ਵੀ ਏਡੇ ਰੋਹਬਦਾਰ ਚੇਹਰੇ..ਸੋਹਣੇ ਵਸਤਰ..ਹਨੇਰੀ ਵਾਂਙ ਰਫਤਾਰ..ਤੇਜ ਤਰਾਰ ਸਿਹਤਮੰਦ ਘੋੜੇ..ਖੜੇ ਕੰਨ..ਉੱਤੇ ਬੈਠੇ ਸਵਾਰਾਂ ਦੀਆਂ ਘੁੰਡੀਆਂ ਮੁੱਛਾਂ..ਤਰਤੀਬਦਾਰ ਦਾਹੜਾ..ਆਕਰਸ਼ਿਤ ਦਸਤਾਰਾਂ..ਮੋੜਵਾਂ ਆਖਰੀ ਲੜ..ਐਨ ਉੱਤੇ ਸੱਜੀ ਕਲਗੀ..ਦਸਤਾਰ ਤੋਂ ਹੇਠਾਂ ਲੱਕ ਤੀਕਰ ਲਮਕਦੀ ਸੰਜੋਅ..ਕੋਈ ਪਿੱਠ ਪਿੱਛੇ ਵਾਰ ਹੀ ਨਾ ਕਰ ਜਾਵੇ..ਹੱਸਦੇ ਹੋਏ ਚੇਹਰੇ..ਵੈਰੀ ਦੀ ਅੱਖ ਵਿਚੋਂ ਫਤਹਿ ਟਟੋਲਦੀ ਕੈਰੀ ਨਜਰ..ਲੰਮਾ ਚੌੜਾ ਲਾਮ ਲਸ਼ਕਰ..ਲੱਕ ਦਵਾਲੇ ਸੱਜੇ-ਖੱਬੇ ਲਮਕਦੀਆਂ ਵੱਖੋ ਵੱਖ ਸ਼ਮਸ਼ੀਰਾਂ..ਅੰਬਰ ਬੁੱਕਦੇ ਤੀਰ ਕਮਾਨ..ਨੇਜਿਆਂ ਦੀ ਲਿਸ਼ਕ..ਡੌਲਿਆਂ ਤੇ ਚੜਾਇਆ ਮਜਬੂਤ ਕਵੱਚ..ਸ਼ਨੀਲ ਦੇ ਲੀੜੇ ਨਾਲ ਢੱਕੀ ਘੋੜੇ ਦੀ ਪਿੱਠ..ਪਿੱਠ ਉੱਤੇ ਰੱਖੀ ਰੋਹਬਦਾਰ ਕਾਠੀ..ਕਾਠੀ ਤੇ ਬੈਠੀ ਸਰਕਾਰ-ਏ-ਖਾਲਸਾ ਦੀ ਸੱਜੀ ਧੱਜੀ ਫੌਜ..ਇੰਝ ਲੱਗਦਾ ਜੰਗ ਤੇ ਨਹੀਂ ਕਿਸੇ ਯਾਰ ਬੇਲੀ ਦੀ ਜੰਝ ਚਾੜਨ ਚੱਲੇ ਹੋਣ..ਹਵਾ ਵਿਚ ਲਹਿਰਾਉਂਦੇ ਨਿਸ਼ਾਨ ਸਾਹਿਬ..ਵਾਗਾਂ ਛੁਡਾਉਂਦੇ ਘੋੜੇ..ਸਿਰਾਂ ਤੇ ਸਜਾਈ ਕਲਗੀ..ਖੜੀਆਂ ਪੂਛਾਂ..ਮਜਬੂਤ ਲੱਤਾਂ..ਥੱਲੇ ਘੜੀਆਂ ਹੋਈਆਂ ਲੋਹੇ ਦੀਆਂ ਖੁਰੀਆਂ..ਇੰਝ ਲੱਗਦਾ ਜਿਉਣ-ਜੋਗੇ ਉੱਤੇ ਬੈਠੇ ਸਵਾਰਾਂ ਤੋਂ ਵੀ ਕਾਹਲੇ ਹੋਣ..ਦੁਸ਼ਮਣ ਦੇ ਖੇਮੇਂ ਵੱਲ ਸਿੱਧਾ ਵੰਗਾਰ ਕਰਦਾ ਇੱਕ ਹੱਥ..ਪਿਛਾਂਹ ਆਉਂਦੀ ਫੌਜ ਨੂੰ ਵੇਖ ਜੈਕਾਰਾ ਛੱਡਦਾ ਇੱਕ ਸੀਸ..ਲਹੂ ਦੇ ਆਖਰੀ ਕਤਰੇ ਤੀਕਰ ਲੜਦੇ ਰਹਿਣ ਦੀ ਭਾਵਨਾ..ਡੁੱਲ-ਡੁੱਲ ਪੈਂਦੀ ਐਸੀ ਚੜ੍ਹਦੀ ਕਲਾ ਜਿਸਨੂੰ ਵੇਖ ਦੁਸ਼ਮਣ ਥਾਏਂ ਹੀ ਅੱਧਾ ਮੁੱਕ ਜਾਵੇ..!

ਬਜ਼ੁਰਗ ਦੱਸਿਆ ਕਰਦੇ ਜੰਗ ਦੇ ਵੀ ਅਸੂਲ ਹੋਇਆ ਕਰਦੇ ਸਨ..ਕੋਈ ਬੇਜੁਬਾਨ ਤੇ ਤੀਰ ਕਿਰਪਾਨ ਨਹੀਂ ਸੀ ਚਲਾਇਆ ਕਰਦਾ..ਕੁਦਰਤੀ ਫੱਟ ਲੱਗ ਜਾਵੇ ਤਾਂ ਵੱਖਰੀ ਗੱਲ..ਸਵਾਰ ਤੋਂ ਬਗੈਰ ਭੱਜੇ ਜਾਂਦੇ ਘੋੜੇ ਤੇ ਕੀਤਾ ਵਾਰ ਬੇਗੈਰਤੀ ਦੀ ਨਿਸ਼ਾਨੀ..!

ਖੈਰ ਇਥੇ ਗੱਲ ਮੁਕਾਵਾਂਗਾ ਕੇ..”ਅਬਾਦੀਆਂ ਵੀ ਵੇਖੀਆਂ..ਬਰਬਾਦੀਆਂ ਵੀ ਵੇਖੀਆਂ..!
ਸ਼ੇਰ-ਏ-ਪੰਜਾਬ ਦੀ ਮੜੀ ਪਈ ਸੀ ਆਖਦੀ..ਇਹਨਾਂ ਗੁਲਾਮਾਂ ਨੇ ਕਦੀ ਆਜ਼ਾਦੀਆਂ ਵੀ ਵੇਖੀਆਂ”

ਹਰਪ੍ਰੀਤ ਸਿੰਘ ਜਵੰਦਾ