ਬਿਹਾਰ ਦੇ ਸਿੱਖਿਆ ਮੰਤਰੀ ਡਾ: ਚੰਦਰਸ਼ੇਖਰ ਦਾ ਬਿਆਨ

0
179

ਬਿਹਾਰ ਦੇ ਸਿੱਖਿਆ ਮੰਤਰੀ ਡਾ: ਚੰਦਰਸ਼ੇਖਰ ਨੇ ਮਨੂ ਸਮ੍ਰਿਤੀ ਅਤੇ ਰਾਮਚਰਿਤਮਾਨਸ (ਤੁਲਦੀ ਦਾਸ ਰਚਿਤ ਰਾਮਾਇਣ) ਨੂੰ ਸਮਾਜ ਵਿੱਚ ਨਫ਼ਰਤ ਫੈਲਾਉਣ ਵਾਲੀਆਂ ਕਿਤਾਬਾਂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰਾਮਚਰਿਤਮਾਨਸ ਦਲਿਤਾਂ-ਪੱਛੜਿਆਂ ਅਤੇ ਔਰਤਾਂ ਨੂੰ ਸਮਾਜ ਵਿੱਚ ਪੜ੍ਹਨ ਤੋਂ ਰੋਕਦੀ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਪ੍ਰਾਪਤ ਕਰਨ ਤੋਂ ਰੋਕਦੀ ਹੈ।

ਡਾ: ਚੰਦਰਸ਼ੇਖਰ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਹਨ। ਉਨ੍ਹਾਂ ਸੰਬੋਧਨ ਦੌਰਾਨ ਰਾਮਚਰਿਤਮਾਨਸ ਵਿੱਚੋਂ ਅਧਮ ਜਾਤ ਮੇਂ ਵਿਦਿਆ ਪਾਇ, ਭਯਾਹੂ ਯਥਾ ਅਹਿ ਦੁੱਧ ਪਾਇਏ… ਦਾ ਦੋਹਾ ਪੜ੍ਹਦਿਆਂ ਕਿਹਾ ਕਿ ਇਹ ਸਮਾਜ ਵਿੱਚ ਨਫ਼ਰਤ ਫੈਲਾਉਣ ਵਾਲੀ ਪੁਸਤਕ ਹੈ।

ਉਨ੍ਹਾਂ ਕਿਹਾ ਕਿ ਇਸਦਾ ਦਾ ਅਰਥ ਹੈ ਕਿ ਨੀਚ, ਨੀਵੀਂ ਜਾਤ ਦੇ ਲੋਕਾਂ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਹੱਕ ਨਹੀਂ, ਨੀਵੀਂ ਜਾਤ ਵਾਲੇ ਲੋਕ ਵਿੱਦਿਆ ਪ੍ਰਾਪਤ ਕਰਕੇ ਦੁੱਧ ਪੀ ਕੇ ਸੱਪ ਵਾਂਗ ਜ਼ਹਿਰੀਲੇ ਹੋ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਕਿਸੇ ਸਮੇਂ ਮਨੂ ਸਮ੍ਰਿਤੀ ਨੇ ਸਮਾਜ ਵਿੱਚ ਨਫ਼ਰਤ ਦਾ ਬੀਜ ਬੀਜਿਆ ਸੀ। ਫਿਰ ਉਸ ਤੋਂ ਬਾਅਦ ਰਾਮਚਰਿਤਮਾਨਸ ਨੇ ਸਮਾਜ ਵਿਚ ਨਫ਼ਰਤ ਪੈਦਾ ਕੀਤੀ। ਅੱਜ ਦੇ ਸਮੇਂ ਵਿੱਚ ਗੁਰੂ ਗੋਲਵਲਕਰ (ਆਰਐਸਐਸ ਆਗੂ) ਦੀ ਵਿਚਾਰਧਾਰਾ ਸਮਾਜ ਵਿੱਚ ਨਫਰਤ ਫੈਲਾ ਰਹੀ ਹੈ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਮਨੂੰ ਸਮ੍ਰਿਤੀ ਨੂੰ ਇਸ ਲਈ ਸਾੜਿਆ ਸੀ ਕਿਉਂਕਿ ਉਹ ਦਲਿਤਾਂ ਅਤੇ ਦੱਬੇ-ਕੁਚਲੇ ਲੋਕਾਂ ਦੇ ਹੱਕ ਖੋਹਣ ਦੀ ਗੱਲ ਕਰਦੇ ਹਨ। ਰਾਮਚਰਿਤਮਾਨਸ ਵਿੱਚ ਅਜਿਹੇ ਬਹੁਤ ਸਾਰੇ ਸ਼ਬਦ ਹਨ, ਜੋ ਸਮਾਜ ਵਿੱਚ ਨਫ਼ਰਤ ਪੈਦਾ ਕਰਦੇ ਹਨ।

ਡਾ: ਚੰਦਰਸ਼ੇਖਰ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਦਾ ਕਾਫੀ ਵਿਰੋਧ ਸ਼ੁਰੂ ਹੋ ਗਿਆ ਹੈ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ