ਕੌਣ ਹੈ ਜਲੇਬੀ ਦੀ ਰੇਹੜੀ ਲਗਾਉਣ ਤੋਂ ਜਲੇਬੀ ਬਾਬਾ ਬਣਨ ਵਾਲਾ ਸ਼ਖਸ ਜਿਸ ਨੂੰ ਹੁਣ 14 ਸਾਲ ਲਈ ਜੇਲ੍ਹ ਹੋਈ

0
193

(By ਗੁਰਬਾਜ਼ ਸਿੰਘ ਢਿੱਲੋਂ – [email protected])

ਹਰਿਆਣਾ ਵਿੱਚ ਟੋਹਾਨਾ ਦੇ ਬਹੁਚਰਚਿਤ ਜਲੇਬੀ ਵਾਲਾ ਬਾਬਾ ਸੈਕਸ ਕਾਂਡ ਵਿੱਚ ਮੁੱਖ ਮੁਲਜ਼ਮ ਅਮਰਪੁਰੀ ਉਰਫ਼ ਬਿੱਲੂ ਉਰਫ਼ ਜਲੇਬੀ ਵਾਲਾ ਬਾਬਾ ਨੂੰ ਅਦਾਲਤ ਨੇ 14 ਸਾਲ ਦੀ ਸਜ਼ਾ ਸੁਣਾਈ ਹੈ।
ਜ਼ਿਲ੍ਹਾ ਫਤਿਹਾਬਾਦ ਦੇ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਤੇ ਫਾਸਟ ਟ੍ਰੈਕ ਕੋਰਟ ਦੇ ਸਪੈਸ਼ਲ ਜੱਜ ਨੇ ਟੋਹਾਣਾ ਇਹ ਸਜ਼ਾ ਸੁਣਾਈ ਹੈ।

ਇਸ ਤੋਂ ਪਹਿਲਾਂ 5 ਜਨਵਰੀ ਨੂੰ ਬਾਬੇ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।ਅਮਰਪੁਰੀ ਉਰਫ਼ ਜਲੇਬੀ ਬਾਬਾ ’ਤੇ ਲੱਗੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਅਦਾਲਤ ਵਿੱਚ ਸਾਬਿਤ ਹੋਏ ਹਨ।

ਬਿਲੂ ਬਾਬੇ ਉੱਤੇ ਇਲਜ਼ਾਮ ਹਨ ਉਹ ਔਰਤਾਂ ਦੀਆਂ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਵੀ ਕਰਦਾ ਸੀ।ਇਸ ਮਗਰੋਂ 5 ਸਾਲ ਪਹਿਲਾਂ ਜਲੇਬੀ ਬਾਬਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪੁਲਿਸ ਵੱਲੋਂ ਕੇਸ ਦਰਜ ਕਰ ਕੇ ਅਦਾਲਤ ਵਿੱਚ ਚਲਾਣ ਪੇਸ਼ ਕੀਤਾ ਗਿਆ ਸੀ।ਪੰਜਾਬ ਦੇ ਮਾਨਸਾ ਵਿੱਚ ਜਨਮਿਆ ਬਿੱਲੂ ਰਾਮ ਅੱਠ ਸਾਲ ਦੀ ਉਮਰ ’ਚ ਘਰੋਂ ਨਿਕਲ ਗਿਆ ਸੀ।

ਘੁੰਮਦਾ ਘੁਮਾਉਂਦਾ ਉਹ ਦਿੱਲੀ ਚਲਾ ਗਿਆ ਜਿਥੇ ਉਸ ਦੀ ਮੁਲਾਕਾਤ ਇੱਕ ਦਿਗੰਬਰ ਰਾਮੇਸ਼ਵਰ ਨਾਂ ਦੇ ਬਾਬੇ ਨਾਲ ਹੋਈ।ਬਿਲੂ ਰਾਮ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਨੇ ਦਿਗੰਬਰ ਰਾਮੇਸ਼ਵਰ ਨੂੰ ਆਪਣਾ ਗੁਰੂ ਧਾਰ ਲਿਆ ਤੇ ਉਸ ਨਾਲ ਉੱਜੈਨ ਡੇਰੇ ‘ਤੇ ਚਲਾ ਗਿਆ ਜਿਥੇ ਉਹ ਕਰੀਬ ਦਸ ਸਾਲ ਰਿਹਾ।ਅਠਾਰਾਂ ਸਾਲ ਦੀ ਉਮਰ ’ਚ ਉਹ ਵਾਪਸ ਆਪਣੇ ਘਰ ਮਾਨਸਾ ਆਇਆ ਜਿੱਥੇ ਪਰਿਵਾਰ ਨੇ ਉਸ ਦਾ ਵਿਆਹ ਕਰ ਦਿੱਤਾ।

ਵਿਆਹ ਮਗਰੋਂ ਉਹ ਰੋਜ਼ੀ-ਰੋਟੀ ਲਈ ਮਾਨਸਾ ਤੋਂ ਹਰਿਆਣਾ ਦੇ ਟੋਹਾਣਾ ਕਸਬੇ ਆ ਗਿਆ। ਟੋਹਾਣਾ ਆ ਕੇ ਉਸ ਨੇ ਜਲੇਬੀ ਦੀ ਰੇਹੜੀ ਲਾਈ ਤੇ ਉਸ ਦਾ ਕੰਮ ਚਲ ਪਿਆ।ਟੋਹਾਣਾ ਰਹਿੰਦੇ ਇੱਕ ਸੀਨੀਅਰ ਪੱਤਰਕਾਰ ਗੁਰਦੀਪ ਭਾਟੀ ਨੇ ਦੱਸਿਆ ਹੈ ਕਿ ਬਿੱਲੂ ਰਾਮ ਦੀ ਰੇਹੜੀ ਤੋਂ ਅਕਸਰ ਲੋਕ ਜਲੇਬੀ ਖਾਂਦੇ ਤੇ ਘਰ ਵੀ ਲੈ ਜਾਂਦੇ ਸਨ।

ਕੁਝ ਕੁ ਦਿਨਾਂ ’ਚ ਹੀ ਬਿਲੂ ਦੀ ਜਲੇਬੀ ਕਸਬੇ ’ਚ ਮਸ਼ਹੂਰ ਹੋ ਗਈ ਸੀ।ਉਨ੍ਹਾਂ ਨੇ ਦੱਸਿਆ, “ਕਰੀਬ ਵੀਹ ਕੁ ਸਾਲ ਪਹਿਲਾਂ ਬਿਲੂ ਰਾਮ ਨੇ ਆਪਣੇ ਘਰ ਇਕ ਮੰਦਰ ਬਣਾਇਆ। ਮੰਦਰ ’ਚ ਉਹ ਔਰਤਾਂ ਨੂੰ ਕਥਿਤ ਤੌਰ ਉੱਤੇ ਸਮੱਸਿਆਵਾਂ ਦਾ ਹੱਲ ਦੱਸਣ ਲਗਿਆ। ਇਸ ਦੌਰਾਨ ਬਿਲੂ ਰਾਮ ਤੋਂ ਉਹ ਜਲੇਬੀ ਬਾਬਾ ਬਣ ਗਿਆ।

ਗੁਰਦੀਪ ਭਾਟੀ ਨੇ ਦੱਸਿਆ ਹੈ ਕਿ ਬਿਲੂ ਰਾਮ ਵੱਲੋਂ ਬਣਾਏ ਗਏ ਮੰਦਰ ’ਚ ਸਰੀਰਕ ਬਿਮਾਰੀ ਤੇ ਮਾਨਸਿਕ ਬਿਮਾਰੀ ਨਾਲ ਪੀੜਤ ਔਰਤਾਂ ਆਉਂਦੀਆਂ ਸਨ।ਬਾਬੇ ਵੱਲੋਂ ਕਥਿਤ ‘ਮੰਤਰ’ ਨਾਲ ਉਨ੍ਹਾਂ ਨੂੰ ਠੀਕ ਕਰਨ ਦ ਦਾਅਵਾ ਕੀਤਾ ਜਾਂਦਾ ਸੀ। ਇਸੇ ਦੌਰਾਨ ਬਾਬੇ ਨੇ ਔਰਤਾਂ ਨੂੰ ਕਥਿਤ ਤੌਰ ’ਤੇ ਚਾਹ ਤੇ ਹੋਰ ਚੀਜ਼ਾਂ ’ਚ ਨਸ਼ਾ ਮਿਲਾ ਕੇ ਦੇਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦੇ ਸਰੀਰ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ।ਛੇੜਛਾੜ ਦੀਆਂ ਹਰਕਤਾਂ ਮੰਦਰ ’ਚ ਲੱਗੇ ਲੁਕਵੇਂ ਕੈਮਰਿਆਂ ’ਚ ਉਹ ਕੈਦ ਕਰਦਾ ਤੇ ਬਾਅਦ ’ਚ ਉਨ੍ਹਾਂ ਔਰਤਾਂ ਨੂੰ ਉਸ ਨੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।ਪੁਲਿਸ ਮੁਤਾਬਕ ਇਸ ਬਲੈਕਮੇਲ ’ਚ ਉਹ ਮਹਿਲਾਵਾਂ ਦੇ ਨਾਲ-ਨਾਲ ਨਾਬਾਲਗਾਂ ਨੂੰ ਵੀ ਸ਼ਿਕਾਰ ਬਣਾਉਂਦਾ ਤੇ ਉਨ੍ਹਾਂ ਤੋਂ ਮੋਟੀ ਰਕਮ ਵੀ ਵਸੂਲਦਾ। ਬਦਨਾਮੀ ਦੇ ਡਰੋਂ ਮਹਿਲਾਵਾਂ ਨਾ ਘਰ ਕੁਝ ਦੱਸਦੀਆਂ ਤੇ ਨਾ ਹੀ ਪੁਲਿਸ ਨੂੰ।

13 ਅਕਤੂਬਰ 2017 ਨੂੰ ਇਕ ਔਰਤ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਸਿਟੀ ਥਾਣਾ ਪੁਲਿਸ ਨੇ ਔਰਤ ਦੀ ਸ਼ਿਕਾਇਤ ’ਤੇ ਆਈਪੀਸੀ ਦੀ ਧਾਰਾ 328, 376 ਤੇ 506 ਦੇ ਤਹਿਤ ਕੇਸ ਦਰਜ ਕਰ ਲਿਆ ਸੀ।ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਅਮਰਪੁਰੀ ਬਾਬਾ ਨੇ ਅਸ਼ਲੀਲ ਵੀਡੀਓ ਵਾਇਰਲ ਕੀਤੀ ਹੈ।

ਬਾਬਾ ਅਮਰਪੁਰੀ ‘ਤੇ ਐੱਨਡੀਪੀਐੱਸ ਅਤੇ ਆਰਮਜ ਐਕਟ ਦੀਆਂ ਵੀ ਧਾਰਾਵਾਂ ਲਾਈਆਂ ਗਈਆਂ।ਦੱਸਿਆ ਗਿਆ ਹੈ ਕਿ ਬਾਬਾ ਔਰਤਾਂ ਅਤੇ ਨਾਬਾਲਗਾਂ ਨੂੰ ਪੁੱਛਾਂ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ੇ ਦੀਆਂ ਵੀ ਗੋਲੀਆਂ ਆਦਿ ਵੀ ਦਿੰਦਾ ਸੀ।ਪੁਲਿਸ ਵੱਲੋਂ ਆਪਣੀ ਜਾਂਚ ਪੜਤਾਲ ਦੌਰਾਨ ਬਾਬੇ ਦੇ ਮੰਦਰ ‘ਚੋਂ ਚਿਮਟਾ, ਸੁਆਹ, ਭਭੂਤੀ, ਨਸ਼ੇ ਦੀਆਂ ਗੋਲੀਆਂ ਤੇ ਹੋਰ ਕਈ ਚੀਜ਼ਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ।

ਪੁਲਿਸ ਨੇ ਆਪਣੀ ਜਾਂਚ ਪੜਤਾਲ ਮਗਰੋਂ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਿਸ ਦੀ ਸੁਣਵਾਈ ਕਰਦਿਆਂ ਫਤਿਹਾਬਾਦ ਦੀ ਐਡੀਸ਼ਨ ਜ਼ਿਲ੍ਹਾ ਅਤੇ ਸ਼ੈਸਨ ਅਤੇ ਫਾਸਟ ਟ੍ਰੈਕ ਕੋਰਟ ਦੇ ਜੱਜ ਨੇ ਬਾਬਾ ਜਲੇਬੀ, ਬਾਬਾ ਅਮਰਪੁਰੀ ਉਰਫ਼ ਬਿੱਲੂ ਰਾਮ ਨੂੰ ਦੋਸ਼ੀ ਕਰਾਰ ਦਿੱਤਾ ਹੈ।