ਜੋ ਦਿਸ ਰਿਹੈ, ਉਹੀ ਹੋ ਰਿਹੈ?

0
184
( Author - Gurpreet Singh Sahota, ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ) Follow Author Facebook @GurpreetSinghSahotaSurreyBC Twitter @GurpreetSSahota
( Author – Gurpreet Singh Sahota, ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ) Follow Author at Facebook @GurpreetSinghSahotaSurreyBC and at Twitter @GurpreetSSahota
Email – [email protected]

ਬੱਬੂ ਮਾਨ ਨੇ ਕਿਸਾਨ ਮੋਰਚੇ ਦੌਰਾਨ ਕੁਝ ਅਜਿਹੀਆਂ ਗੱਲਾਂ ਕੀਤੀਆਂ, ਜੋ ਉਸਦੇ ਪਹਿਲਾਂ ਵਾਲੇ “ਬਾਗ਼ੀ” ਅਤੇ “ਅੜ੍ਹਬ” ਦਿਖਾਏ ਜਾਂਦੇ ਸੁਭਾਅ ਅਤੇ ਉਸਦੇ ਬਹੁਤ ਸਾਰੇ ਪ੍ਰਸੰਸਕਾਂ ਦੀ ਪਸੰਦ ਦੇ ਉਲਟ ਸਨ, ਖ਼ਾਸਕਰ ਲਾਲ ਕਿਲ੍ਹੇ ਵਾਲੀ ਘਟਨਾ ਅਤੇ ਦੀਪ ਸਿੱਧੂ ਬਾਰੇ ਉਸਦੇ ਵਿਚਾਰ।

ਇਸ ਕਾਰਨ ਉਸਦੇ ਫੈਨ ਬੇਸ ‘ਚੋਂ ਬਹੁਤ ਸਾਰੇ ਉਸਦੇ ਉਲਟ ਹੋ ਗਏ। ਹੋਰ ਹਿੱਟ ਗਾਇਕਾਂ ਦੇ ਫੈਨ ਤਾਂ ਪਹਿਲਾਂ ਹੀ ਉਸਦੇ ਉਲਟ ਸਨ। ਕੋਈ ਸਮਾਂ ਸੀ ਕਿ ਛੇਤੀ ਕੀਤਿਆਂ ਬੱਬੂ ਮਾਨ ਦੇ ਉਲਟ ਕੋਈ ਬੋਲਦਾ ਨਹੀਂ ਸੀ ਜਾਂ ਕਹਿ ਲਓ ਕਿ ਓਹਦੇ ਲੱਖਾਂ ਫੈਨ ਕਿਸੇ ਨੂੰ ਬੋਲਣ ਨਹੀਂ ਸਨ ਦਿੰਦੇ ਪਰ ਹੁਣ ਸੋਸ਼ਲ ਮੀਡੀਆ ਉਸਦੇ ਉਲਟ ਪੋਸਟਾਂ ਨਾਲ ਰੋਜ਼ਾਨਾ ਭਰਿਆ ਹੁੰਦਾ। ਉਸਦਾ ਬਚਾਅ ਕਰਨ ਵਾਲੇ ਬਹੁਤ ਘੱਟ ਹੁੰਦੇ।
ਉਸਦੇ ਤਾਜ਼ਾ ਬਿਆਨਾਂ ਕਾਰਨ (ਤਸਵੀਰ ਦੇਖੋ) ਇੱਕ ਵਾਰ ਫਿਰ ਉਹ ਲੋਕ ਰੋਹ ਦਾ ਸ਼ਿਕਾਰ ਹੋ ਰਿਹਾ।

ਗੱਲ ਕੇਵਲ ਬੱਬੂ ਦੀ ਨਹੀਂ, ਮਸਲਾ ਵੱਡਾ ਤੇ ਗੁੰਝਲਦਾਰ ਹੈ।

ਬੱਬੂ ਨੂੰ ਭਾਰਤ ਦੀ ਕੌਮੀ ਸੁਰੱਖਿਆ ਏਜੰਸੀ ਐਨਆਈਏ ਦੇ ਸੰਮਨ ਆਏ। ਕੰਵਰ ਗਰੇਵਾਲ ਤੇ ਰਣਜੀਤ ਬਾਵੇ ਖ਼ਿਲਾਫ਼ ਇਨਕਮ ਟੈਕਸ ਤੇ ਹੋਰ ਏਜੰਸੀਆਂ ਨੇ ਛਾਪੇ ਮਾਰੇ। ਇਹ ਸਹਿਜ ਵਰਤਾਰਾ ਨਹੀਂ ਹੈ। ਇਹ ਸਾਰੇ ਕਿਸਾਨ ਮੋਰਚੇ ਦੌਰਾਨ ਪੰਜਾਬ ਦੇ ਹੱਕ ‘ਚ ਬੋਲਦੇ ਰਹੇ ਤੇ ਹੁਣ ਯਕੀਨੀ ਬਣਾਇਆ ਜਾ ਰਿਹਾ ਕਿ ਅਗਾਂਹ ਕਦੇ ਵੀ ਪੰਜਾਬ ਲਈ ਬੋਲਣ ਜੋਗੇ ਨਾ ਰਹਿਣ। ਫਸਾਉਣੇ ਹੀ ਇਸ ਢੰਗ ਨਾਲ ਹਨ।
ਜਿਹੜੇ ਚੁੱਪ ਕਰਵਾਉਣਾ ਚਾਹੁੰਦੇ ਹਨ, ਉਹ ਇਹ ਵੀ ਜਾਣਦੇ ਹਨ ਕਿ ਜਦ ਇਹ ਚੁੱਪ ਕਰਨਗੇ ਜਾਂ ਉਨ੍ਹਾਂ ਦੇ ਕਹੇ ਮੁਤਾਬਕ ਬੋਲਣਗੇ ਤਾਂ ਪੰਜਾਬੀ ਇਨ੍ਹਾਂ ਨੂੰ ਰੱਜ ਕੇ ਜ਼ਲੀਲ ਕਰਨਗੇ। ਉਨ੍ਹਾਂ ਦਾ ਮਕਸਦ ਪੂਰਾ ਹੋ ਗਿਆ ਸਮਝੋ।

ਅਗਲਾ ਨੰਬਰ ਦਿਲਜੀਤ ਦੁਸਾਂਝ ਦਾ ਲੱਗ ਸਕਦਾ। ਐਨਆਈਏ, ਈਡੀ, ਇਨਕਮ ਟੈਕਸ ਕਦੇ ਵੀ ਉਸਨੂੰ ਨਿਸ਼ਾਨਾ ਬਣਾ ਸਕਦੇ ਹਨ। ਵੈਸੇ ਵੀ ਚਮਕੀਲੇ ‘ਤੇ ਬਣ ਰਹੀ ਫਿਲਮ ‘ਚ ਮੁੱਖ ਰੋਲ ਕਰਨ ਕਰਕੇ ਉਸਨੇ ਦੂਜੇ ਪਾਸਿਓਂ ਵੀ ਆਪਣੀ ਲੱਤ ਫੜਾ ਲਈ ਹੈ।

ਅਗਲਿਆਂ ਦਾ ਮੁੱਖ ਮਕਸਦ ਇਹ ਕਦੇ ਕਤਾਈਂ ਪੰਜਾਬ ਲਈ ਬੋਲਣ ਵਾਲੇ “ਕਾਬੂ ਕਰਨੇ” ਹੈ, ਭਾਵੇਂ ਸਿੱਧੇ ਖ਼ੁਦ ਟੰਗ ਦੇਣ ਜਾਂ ਇਹ ਖ਼ੁਦ ਗਲਤੀ ਕਰਕੇ ਲੋਕਾਂ ‘ਚ ਖਤਮ ਹੋ ਜਾਣ ਜਾਂ ਇਨ੍ਹਾਂ ਨੂੰ ਅਜਿਹੇ ਬਿਆਨ ਦੇਣ ਲਈ ਮਜਬੂਰ ਕਰ ਦਿੱਤਾ ਜਾਵੇ ਕਿ ਲੋਕ ਰੋਹ ਦਾ ਸ਼ਿਕਾਰ ਹੋ ਕੇ ਖਤਮ ਹੋ ਜਾਣ।

ਲੋਕ ਰੋਹ ਹੋਰ ਪਾਸੇ ਵਧੇਰੇ ਖੁੱਲ੍ਹਣਾ ਚਾਹੀਦਾ ਸੀ ਪਰ ਖੁੱਲ੍ਹਿਆ ਨਹੀਂ। ਸਿੱਧੂ ਮੂਸੇਆਲੇ ਦੇ ਮਾਪੇ ਉਨ੍ਹਾਂ ਦਾ ਪੁੱਤ ਮਰਵਾਉਣ ਵਾਲਿਆਂ ਦਾ ਨਾਮ ਸ਼ਰੇਆਮ ਲੈ ਰਹੇ ਹਨ, ਜਿਨ੍ਹਾਂ ਉਸਦੀ ਸੁਰੱਖਿਆ ਜਾਣਕਾਰੀ ਲੀਕ ਕਰਕੇ ਉਸਦੇ ਕਤਲ ਦਾ ਰਾਹ ਪੱਧਰਾ ਕੀਤਾ।

ਵਿਸ਼ੇਸ਼ ਨੋਟਃ ਇਹ ਲਿਖਤ ਸਿਰਫ ਦੱਸਣ ਦੀ ਕੋਸ਼ਿਸ਼ ਹੈ ਕਿ ਸਰਕਾਰਾਂ ਤੇ ਬੰਦੇ ਮੱਕੜੀ ਦੇ ਜਾਲ ਵਰਗੇ ਹਾਲਾਤ ਕਿਵੇਂ ਪੈਦਾ ਕਰ ਲੈਂਦੇ, ਜਿਨ੍ਹਾਂ ‘ਚੋਂ ਫਿਰ ਨਿਕਲਿਆ ਨਹੀਂ ਜਾਂਦਾ। ਨਿੱਜੀ ਤੌਰ ‘ਤੇ ਬੱਬੂ ਉਦੋਂ ਹੀ ਮਨੋਂ ਲਹਿ ਗਿਆ ਸੀ, ਜਿਸ ਦਿਨ ਉਸਨੇ ਲਾਲ ਕਿਲ੍ਹੇ ਵਾਲੇ ਮਸਲੇ ‘ਤੇ ਆਪਣੇ ਹੀ ਲੋਕਾਂ ਖ਼ਿਲਾਫ਼ ਕਮਜ਼ੋਰੀ ਦਿਖਾਈ ਸੀ ਤੇ ਦੀਪ ਸਿੱਧੂ ਖ਼ਿਲਾਫ਼ ਸ਼ੇਅਰ ਦੇ ਰੂਪ ‘ਚ ਜ਼ਹਿਰ ਘੋਲਿਆ ਸੀ। ਪਰ ਪੱਤਰਕਾਰ ਹੋਣ ਨਾਤੇ ਆਪਣੀ ਪਸੰਦ-ਨਾਪਸੰਦ ਨੂੰ ਪਾਸੇ ਰੱਖ ਕੇ ਤਾਜ਼ਾ ਹਾਲਾਤ ਦਾ ਚਿੱਠਾ ਤੁਹਾਡੇ ਅੱਗੇ ਰੱਖਣਾ ਆਪਣਾ ਫਰਜ਼ ਸਮਝਿਆ। ਲਾਈਨਾਂ ਵਿਚਾਲੇ ਲਿਖਿਆ ਪੜ੍ਹਾਉਣ ਦੀ ਕੋਸ਼ਿਸ਼ ਹੈ ਇਹ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ