ਮੌਜੂਦਾ ਸੰਸਾਰ ਦੀ ਹਕੀਕਤ

0
156

ਟਵਿਟਰ ਦੇ ਮਾਲਕ ਐਲਨ ਮਸਕ ਨੇ ਆਪਣੇ ਇਕ ਟਵੀਟ ਵਿਚ ਇਕ-ਦੂਜੇ ਨੂੰ ਕੱਟਦੇ ਹੋਏ ਤਿੰਨ ਚੱਕਰ ਬਣਾ ਕੇ ਤਿੰਨਾਂ ਚੱਕਰਾਂ ਦੀ ਵਿਚਕਾਰਲੀ ਜਗ੍ਹਾ ਵਿਚ ਲਿਖਿਆ ਹੈ, ‘‘ਤੁਸੀਂ ਇਥੇ ਹੋ।’’
ਤਿੰਨਾਂ ਚੱਕਰਾਂ ਵਿਚ ਉਸ ਨੇ ਤਿੰਨ ਨਾਵਲਾਂ ਦੇ ਨਾਂ ਲਿਖੇ ਹਨ। ਉਤਲੇ ਦੋ ਜੁੜਵੇਂ ਚਕਰਾਂ ਵਿਚ ਜਾਰਜ ਓਰਵੈਲ ਦਾ ਨਾਵਲ ‘1984’ ਤੇ ਐਲਡਸ ਹਕਸਲੇ ਦਾ ਨਾਵਲ ‘ਬਰੇਵ ਨਿਊ ਵਰਲਡ’ ਲਿਖਿਆ ਹੈ ਤੇ ਹੇਠਲੇ ਤੀਜੇ ਚੱਕਰ ਵਿਚ ਰੇਅ ਬਰੈਡਬਰੀ ਦਾ ਨਾਵਲ ‘ਫਾਰਨਹੀਟ 451’ ਲਿਖਿਆ ਹੈ। ਇਹ ਤਿੰਨੇ ਬੜੇ ਪ੍ਰਸਿਧ ਨਾਵਲ ਹਨ। ਤਿੰਨੇ ਨਾਵਲਾਂ ਨੂੰ ਜੇ ਇਕ-ਦੂਜੇ ਦੇ ਪ੍ਰਸੰਗ ਵਿਚ ਰੱਖ ਕੇ ਪੜ੍ਹਿਆ ਜਾਏ ਤਾਂ ਮੌਜੂਦਾ ਸੰਸਾਰ ਦੀ ਹਕੀਕਤ ਸਾਡੇ ਸਾਹਮਣੇ ਸਾਕਾਰ ਹੋ ਜਾਂਦੀ ਹੈ।

1949 ਵਿਚ ਛਪੇ ਨਾਵਲ ‘1984’ ਵਿਚ ਓਰਵੈਲ ਨੇ ਤਾਨਾਸ਼ਾਹੀ ਰਾਜਤੰਤਰ ਦੇ ਵਿਰੁਧ ਆਪਣੀ ਆਵਾਜ ਬੁਲੰਦ ਕੀਤੀ ਹੈ। ਸਿੱਖਾਂ ਨੇ ਜਿਵੇਂ 1984 ਹੰਢਾਇਆ ਹੈ ਅਤੇ ਜਿਵੇਂ ਹੁਣ ਕਸ਼ਮੀਰ ਤੇ ਦੇਸ ਭਰ ਦੇ ਮੁਸਲਮਾਨ ਹੰਢਾ ਰਹੇ ਹਨ, ਉਸ ਦੀ ਇਕ ਭਰਵੀਂ ਝਲਕ ਇਸ ਨਾਵਲ ਵਿਚ ਮਿਲਦੀ ਹੈ। ਮਨੁਖੀ ਕਦਰਾਂ-ਕੀਮਤਾਂ ਦੇ ਉਲਟ ਪੁਲਟ ਹੋ ਜਾਣ ਦਾ ਇਸ ਨਾਵਲ ਵਿਚ ਬਹੁਤ ਸੰਵੇਦਨਸ਼ੀਲਤਾ ਨਾਲ ਵਰਣਨ ਕੀਤਾ ਗਿਆ ਹੈ। ਬਿਲਕੁਲ ਹੁਣ ਵਾਂਗ ਹਰੇਕ ਵਿਰੋਧੀ ਤੇ ਨਵੇਂ ਵਿਚਾਰ ਨੂੰ ਕਿਸੇ ਵੀ ਢੰਗ ਨਾਲ ਦਬਾਅ ਦਿਤੇ ਜਾਣ ਦਾ ਇਸ ਨਾਵਲ ਵਿਚ ਵਿਸਥਾਰੀ ਜਿਕਰ ਹੈ।


ਜਿਹੜੀ ਅੱਜ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਚਰਚਾ ਆਮ ਹੋ ਰਹੀ ਹੈ, ਇਸ ਦੀ 1932 ਵਿਚ ਕਲਪਨਾ ਕਰ ਕੇ ਹਕਸਲੇ ਨੇ ਆਪਣਾ ਨਾਵਲ ‘ਬਰੇਵ ਨਿਊ ਵਰਲਡ’ ਲਿਖਿਆ ਹੈ। ਹਕਸਲੇ ਦਾ ਨਵਾਂ ਨਰੋਆ ਸੰਸਾਰ 26ਵੀਂ ਸਦੀ ਦੇ ਵਿਸ਼ਵ ਦਾ ਖਾਕਾ ਪੇਸ਼ ਕਰਦਾ ਹੈ। ਜਦੋਂ ਬੱਚੇ ਮਾਂਵਾਂ ਦੀਆਂ ਕੁੱਖਾਂ ਵਿਚੋਂ ਨਹੀਂ ਬਲਕਿ ਲੈਬਾਰੇਟਰੀਆਂ ਵਿਚ ਜੰਮਦੇ ਹਨ ਤੇ ਜੰਮਦਿਆਂ ਹੀ ਉਨ੍ਹਾਂ ਦੀ ਅਲਫਾ, ਬੀਟਾ, ਗਾਮਾ, ਡੈਲਟਾ ਆਦਿ ਸ਼੍ਰੇਣੀ ਵੰਡ ਕਰ ਦਿਤੀ ਜਾਂਦੀ ਹੈ। ਜਿਥੇ ਪਿਆਰ, ਹਮਦਰਦੀ, ਵਫਾਦਾਰੀ ਦੀ ਕੋਈ ਹੋਂਦ ਨਹੀਂ। ਮਾਂ, ਬਾਪ, ਭੈਣ, ਭਰਾ ਦਾ ਕੋਈ ਰਿਸ਼ਤਾ ਨਹੀਂ। ਮਨੁੱਖੀ ਗੁਣਾਂ ਤੇ ਜਜਬਾਤ ਵਿਹੂਣੇ ਲੋਕ ਮਸ਼ੀਨਾਂ ਵਾਂਗ ਹਨ। ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਕਿਸੇ ਵੇਲੇ ਬੱਚੇ ਮਾਂਵਾਂ ਦਾ ਦੁੱਧ ਚੁੰਘਦੇ ਸਨ। ਜੇ ਉਹ ਹੱਸਣਾ ਚਾਹੁਣ ਤਾਂ ਹੱਸਣ ਦੀ ਤੇ ਜੇ ਰੋਣਾ ਚਾਹੁਣ ਤਾਂ ਰੋਣ ਦੀ ਗੋਲੀ ਖਾ ਸਕਦੇ ਹਨ। ਸ਼ੈਕਸਪੀਅਰ ਜਾਂ ਬਾਈਬਲ ਪੜ੍ਹਨ ਦੀ ਪੂਰਨ ਮਨਾਹੀ ਹੈ।

ਫਾਰਨਹੀਟ-451 ਤਾਪਮਾਨ ਉਤੇ ਕਿਤਾਬਾਂ ਸੜ ਕੇ ਸੁਆਹ ਹੋ ਜਾਂਦੀਆਂ ਹਨ। 1953 ਵਿਚ ਛਪੇ ਇਸ ਨਾਵਲੀ ਸੰਸਾਰ ਵਿਚ ਕਿਤਾਬਾਂ ਘਰ ਰੱਖਣਾ ਤੇ ਪੜ੍ਹਨਾ ਜੁਰਮ ਹੈ। ਰਾਜਤੰਤਰ ਦਾ ਮੰਨਣਾ ਹੈ ਕਿ ਸਥਾਪਿਤ ਅਮਨ, ਖੁਸ਼ਹਾਲੀ ਤੇ ਮਨੁਖੀ ਖੁਸ਼ੀ ਨੂੰ ਕਿਤਾਬਾਂ ਬਰਬਾਦ ਕਰਦੀਆ ਹਨ। ਕੰਨਾਂ ਵਿਚ ਈਅਰ ਫੋਨ ਠੋਸ ਕੇ ਆਪਣੇ ਘਰ ਵਾਲੇ ਤੇ ਕੁੱਤੇ ਤੋਂ ਬੇਖਬਰ ਸੈਰ ਕਰ ਰਹੀ ਇਕ ਔਰਤ ਵਲ ਵੇਖ ਕੇ 1974 ਵਿਚ ਹੀ ਉਸ ਨੇ ਕਹਿ ਦਿਤਾ ਸੀ ਕਿ ਇਹ ਨਾਵਲ ਕਲਪਨਾ ਨਹੀਂ ਬਲਕਿ ਹਕੀਕਤ ਹੈ।

ਹੁਣ ਤੇ ਹਾਲਤ ਉਸ ਤੋਂ ਵੀ ਕਿਤੇ ਬਦਤਰ ਹੋ ਗਈ ਹੈ। ਨਾਵਲ ਦੇ ਅੰਤ ਵਿਚ ਸ਼ੁਰੂ ਹੋਈ ਐਟਮੀ ਜੰਗ ਕੁਝ ਹੀ ਪਲਾਂ ਵਿਚ ਖਤਮ ਹੋ ਜਾਂਦੀ ਹੈ ਤੇ ਪਿਛੇ ਬਰਬਾਦੀ ਦਾ ਆਲਮ ਛੱਡ ਜਾਂਦੀ ਹੈ। ਮੋਇਆ ਉਤੇ ਰੋਣ ਵਾਲਾ ਵੀ ਕੋਈ ਨਹੀਂ ਬਚਦਾ। ਪਹਾੜ ਦੀਆਂ ਕੁੰਦਰਾਂ ਵਿਚ ਬੈਠੇ ਕੁਝ ਲੋਕ ਨਵੇਂ ਸਿਰਿਓਂ ਜਿੰਦਗੀ ਦਾ ਆਰੰਭ ਕਰਨ ਲਈ ਸੋਚ ਰਹੇ ਹਨ।

ਐਲਨ ਮਸਕ ਪਿਛਲੇ ਸਾਲ ਦੁਨੀਆਂ ਭਰ ਦਾ ਸਭ ਤੋਂ ਅਮੀਰ ਆਦਮੀ ਹੋਣ ਕਰ ਕੇ ਚਰਚਾ ਵਿਚ ਰਿਹਾ ਹੈ ਪਰ ਪਿਛਲੇ ਦਿਨੀ ਉਹ ਭਰਵੀਂ ਚਰਚਾ ਵਿਚ ਉਦੋਂ ਆਇਆ ਜਦੋਂ ਰੂਸ ਤੇ ਯੂਕਰੇਨ ਵਿਚਕਾਰ ਜੰਗ ਰੋਕਣ ਲਈ ਉਸ ਨੇ ਆਪਣੀ ਤਜਵੀਜ ਪੇਸ਼ ਕੀਤੀ ਕਿ ਯੂਕਰੇਨ ਕਰੀਮੀਆ ਉਤੇ ਰੂਸ ਦੀ ਮਾਲਕੀ ਮੰਨ ਲਵੇ ਅਤੇ ਬਾਕੀ ਚਾਰ ਸੂਬਿਆਂ ਦੀ ਯੂਨਾਈਟਡ ਨੇਸ਼ਨਜ ਦੀ ਅਗਵਾਈ ਹੇਠ ਦੁਬਾਰਾ ਰਾਏਸ਼ੁਮਾਰੀ ਕਰਵਾ ਲਈ ਜਾਵੇ। ਜਦੋਂ ਯੂਕਰੇਨ ਨੇ ਇਹ ਪੇਸ਼ਕਸ਼ ਠੁਕਰਾਅ ਦਿਤੀ ਤਾਂ ਐਲਨ ਮਸਕ ਦਾ ਕਹਿਣਾ ਸੀ ਕਿ ਹੁਣ ਪ੍ਰਮਾਣੂ ਜੰਗ ਅਟਲ ਹੈ।
– ✍🏻ਸਰਦਾਰ ਗੁਰਬਚਨ ਸਿੰਘ ਜੀ Gurbachan Singh