**ਲੰਘੇ ਕੁਝ ਦਿਨਾਂ ‘ਚ ਆਪ ਨਾਲ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਨੰਦਪੁਰ ਸਾਹਿਬ ਦਾ ਕਿਲ਼ਾ ਛੱਡਣ ਤੋਂ ਪਹਿਲਾਂ ਪਛਾੜੇ ਗਏ ਯੁੱਧਾਂ, ਅਨੰਦਪੁਰ ਸਾਹਿਬ ਛੱਡਣ, ਪਰਿਵਾਰ ਵਿਛੋੜਾ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵਲੋਂ ਵਿੱਛੜ ਕੇ ਕੁੰਮੇ ਮਾਸ਼ਕੀ ਅਤੇ ਬੀਬੀ ਲੱਛਮੀ ਕੋਲ ਪੁੱਜਣਾ ਅਤੇ ਚਮਕੌਰ ਦੀ ਗੜ੍ਹੀ ‘ਚ ਵੱਡੇ ਸਾਹਿਬਜ਼ਾਦਿਆਂ ਸਮੇਤ ਹੋਰ ਸਿੰਘਾਂ ਦੀ ਸ਼ਹੀਦੀ ਬਾਰੇ ਸਾਂਝ ਪਾਈ ਸੀ। ਗੁਰੂ ਪਰਿਵਾਰ ਨੂੰ ਦੁੱਧ ਛਕਾਉਣ ਬਦਲੇ ਬਾਬਾ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਿਵਾਰ ਕੋਹਲੂ ‘ਚ ਪੀੜਨ ਦੀ ਗਾਥਾ ਸਾਂਝੀ ਕੀਤੀ ਸੀ। ਗੁਰੂ ਘਰ ਦੇ ਮਦਦਗਾਰ ਸ਼ਰਧਾਲੂਆਂ ਚੌਧਰੀ ਨਿਹੰਗ ਖਾਂ ਅਤੇ ਉਸਦੀ ਬੇਟੀ ਬੀਬੀ ਮੁਮਤਾਜ, ਗੁਰੂ ਸਾਹਿਬ ਨੁੰ ਉੱਚ ਦਾ ਪੀਰ ਬਣਾ ਕੇ ਲਿਜਾਣ ਵਾਲੇ ਭਾਈ ਨਬੀ ਖਾਨ-ਭਾਈ ਗ਼ਨੀ ਖਾਨ (ਚੌਧਰੀ ਨਿਹੰਗ ਖਾਂ ਦੇ ਭਾਣਜੇ) ਦੀ ਕੁਰਬਾਨੀ ਸਾਂਝੀ ਕੀਤੀ ਸੀ। ਸੂਬਾ ਸਰਹੰਦ ਦੀ ਬੇਗਮ ਜ਼ੈਨਾ ਅਤੇ ਵੱਡੇ ਸਾਹਿਬਾਜ਼ਾਦਿਆਂ ਸਮੇਤ ਚਮਕੌਰ ਦੀ ਗੜ੍ਹੀ ਦੇ ਕੁਝ ਸ਼ਹੀਦ ਸਿੰਘਾਂ ਦੇ ਸਸਕਾਰ ਕਰਨ ਵਾਲੀ ਦਲੇਰ ਬੀਬੀ ਸ਼ਰਨ ਕੌਰ ਦੀ ਗੱਲ ਕੀਤੀ ਸੀ। ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਸੋਨੇ ਦੀਆਂ ਮੋਹਰਾਂ ਦੇ ਕੇ ਜ਼ਮੀਨ ਲੈਣ ਵਾਲੇ ਜੈਨੀ ਵਪਾਰੀ ਦੀਵਾਨ ਟੋਡਰ ਮੱਲ ਜੀ ਦੀ ਬਾਤ ਪਾਈ ਸੀ। ਸ਼ਹਾਦਤਾਂ ਦੇ ਸਫਰ ਵਿੱਚ ਹੁਣ ਉਸ ਤੋਂ ਅੱਗੇ ਆਖਰੀ ਕਿਸ਼ਤ…..**
ਜਦੋਂ ਤੋਂ ਕਬਾਇਲੀ ਸਭਿਆਚਾਰ ਖ਼ਤਮ ਹੋ ਕੇ ਸਟੇਟ ਨਾਮ ਦੀ ਸੰਸਥਾ ਵਜੂਦ ਵਿੱਚ ਆਈ ਹੈ ਤਕਰੀਬਨ ਹਰ ਹਕੂਮਤ ਜ਼ੋਰ ਜਬਰ ਕਰਦੀ ਰਹੀ ਹੈ ਕੋਈ ਥੋੜ੍ਹਾ ਕੋਈ ਬਹੁਤਾ। ਇੱਥੋਂ ਤਕ ਕਿ ਉਦਾਰਵਾਦੀ ਆਖੇ ਜਾਣ ਵਾਲੇ ਰਾਜਿਆਂ ਮਹਾਰਾਜਿਆਂ ਦੇ ਰਾਜ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ, ਪਰ ਕੁਝ ਸ਼ਾਸਕਾਂ ਨੇ ਲੋਕਾਈ ’ਤੇ ਅਤਿ ਦੇ ਜ਼ੁਲਮ ਕੀਤੇ ਜਿਵੇਂ ਔਰੰਗਜ਼ੇਬ, ਹਿਟਲਰ, ਸਟਾਲਿਨ ਆਦਿ। ਇਸ ਲੜੀ ਵਿੱਚ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਵੀ ਸ਼ਾਮਿਲ ਹੈ। ਉਸ ਦਾ ਨਾਂ ਯਾਦ ਆਉਂਦਿਆਂ ਹੀ ਹਰ ਇਨਸਾਨ ਖ਼ਾਸਕਰ ਹਰ ਸਿੱਖ ਦੀ ਜ਼ੁਬਾਨ ’ਤੇ ਉਹਦੇ ਲਈ ਫਿਟਕਾਰ ਆਉਂਦੀ ਹੈ।
ਜ਼ਾਲਮ ਹੁਕਮਰਾਨਾਂ ਦਾ ਅੰਤ ਆਮ ਤੌਰ ’ਤੇ ਦੁਖਾਂਤਕ ਹੀ ਹੋਇਆ ਹੈ। ਜਾਬਰ ਬਾਦਸ਼ਾਹ ਵਜੋਂ ਜਾਣੇ ਜਾਂਦੇ ਔਰੰਗਜ਼ੇਬ ਦੇ ਦੁਖਦਾਈ ਅੰਤ ਬਾਰੇ ਤਾਂ ਸਭ ਜਾਣਦੇ ਹੀ ਹਨ, ਪਰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਅਤਿਅੰਤ ਦੁਖਾਂਤਕ ਅੰਤ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ।
ਸੂਬੇਦਾਰ ਵਜ਼ੀਰ ਖਾਨ ਮੂਲ ਰੂਪ ਵਿੱਚ ਕੁੰਜਪੁਰਾ (ਕਰਨਾਲ, ਹਰਿਆਣਾ) ਦਾ ਜੰਮਪਲ ਸੀ। ਉਹ ਮੁਗ਼ਲ ਫ਼ੌਜ ਦਾ ਫ਼ੌਜਦਾਰ ਸੀ ਅਤੇ ਸਰਹਿੰਦ ਦਾ ਸੂਬੇਦਾਰ ਬਣਿਆ। ਮੁਗ਼ਲਾਂ ਦੇ ਰਾਜ ਵਿੱਚ ਸਰਹਿੰਦ ਦਾ ਸੂਬਾ ਬਹੁਤ ਸ਼ਕਤੀਸ਼ਾਲੀ ਰਿਆਸਤ ਸੀ। ਇਹ ਯਮਨਾ ਅਤੇ ਸਤਲੁਜ ਦੇ ਵਿਚਕਾਰਲੇ ਹਿੱਸੇ ਵਿੱਚ 52 ਕੋਹ (100 ਤੋਂ ਜ਼ਿਆਦਾ ਮੀਲ) ਵਿੱਚ ਫੈਲਿਆ ਹੋਇਆ ਸੀ। ਇਸ ਲਈ ਇਸ ਨੂੰ ਸਰਹਿੰਦ ਬਾਵਨੀ ਕਹਿੰਦੇ ਸਨ।
ਸੂਬਾ ਸਰਹਿੰਦ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁੱਢ ਤੋਂ ਦੁਸ਼ਮਣੀ ਸੀ। ਉਸ ਨੇ ਗੁਰੂ ਸਾਹਿਬ ਵਿਰੁੱਧ ਕੀਰਤਪੁਰ, ਬਸਾਲੀ ਅਤੇ ਨਿਰਮੋਹਗੜ੍ਹ ਆਦਿ ਥਾਵਾਂ ’ਤੇ ਕਈ ਹਮਲੇ ਕੀਤੇ, ਪਰ ਹਮੇਸ਼ਾਂ ਮੂੰਹ ਦੀ ਖਾਂਦਾ ਰਿਹਾ। ਚਮਕੌਰ ਦੀ ਲੜਾਈ ਵਿੱਚ ਮੁਗ਼ਲ ਫ਼ੌਜ ਅਤੇ ਬਾਈਧਾਰ ਦੇ ਪਹਾੜੀ ਰਾਜਿਆਂ ਸਮੇਤ ਸੂਬੇਦਾਰ ਵਜ਼ੀਰ ਖਾਂ ਆਪਣੀ ਫ਼ੌਜ ਅਤੇ ਤੋਪਖਾਨਾ ਲੈ ਕੇ ਸ਼ਾਮਿਲ ਸੀ। ਉਸ ਦੇ ਜ਼ੁਲਮਾਂ ਦੇ ਕਿੱਸੇ ਇਤਿਹਾਸ ਵਿੱਚ ਦਰਜ ਹਨ। ਸਿੱਖ ਸੈਨਿਕਾਂ ਨੂੰ ਘ੍ਰਿਣਾ ਨਾਲ ਕਾਫ਼ਿਰ ਲਿਖਣ ਵਾਲੇ ਮੁਸਲਿਮ ਇਤਿਹਾਸਕਾਰਾਂ ਖ਼ਫੀ ਖਾਨ ਆਦਿ ਨੇ ਵੀ ਲਿਖਿਆ ਹੈ ਕਿ ਅਜਿਹਾ ਕਿਹੜਾ ਜ਼ੁਲਮ ਹੈ, ਜਿਹੜਾ ਸੂਬਾ ਸਰਹਿੰਦ ਨੇ ਗ਼ਰੀਬ ਪਰਜਾ ਉੱਤੇ ਨਹੀਂ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਇਸ ਜ਼ਾਲਮ ਹਾਕਮ ਦੇ ਹੁਕਮਾਂ ਨਾਲ 13 ਪੋਹ ਬਿਕਰਮੀ ਸੰਮਤ 1761 ਮੁਤਾਬਿਕ 27 ਦਸੰਬਰ 1705 ਨੂੰ ਬਹੁਤ ਬੇਰਹਿਮੀ ਨਾਲ ਜ਼ਿਬ੍ਹਾ ਕੀਤਾ ਗਿਆ ਅਤੇ ਮਾਤਾ ਗੁਜਰੀ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਦਾ ਕਸੂਰ ਇਹੀ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਮੈਂਬਰ ਸਨ। ਇਹ ਸਾਕਾ ਸਿੱਖ ਜਗਤ ਵਿੱਚ ਹਰ ਸਾਲ ਸੇਜਲ ਅੱਖਾਂ ਨਾਲ ਯਾਦ ਕੀਤਾ ਜਾਂਦਾ ਹੈ। ਸੂਬਾ ਸਰਹਿੰਦ ਨੇ ਹੀ ਪਠਾਣ ਜਮਸ਼ੇਦ ਖਾਨ ਨੂੰ ਦੱਖਣ ਵਿੱਚ ਨੰਦੇੜ ਭੇਜ ਕੇ ਗੁਰੂ ਗੋਬਿੰਦ ਸਿੰਘ ਜੀ ਉੱਤੇ ਕਾਤਲਾਨਾ ਹਮਲਾ ਕਰਵਾਇਆ ਸੀ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭੇਜੇ ਜਰਨੈਲ ਬੰਦਾ ਸਿੰਘ ਬਹਾਦਰ ਨੇ ਤਰਥੱਲੀ ਮਚਾ ਦਿੱਤੀ ਤਾਂ ਸੂਬੇਦਾਰ ਵਜ਼ੀਰ ਖਾਨ ਦੀ ਰਾਤਾਂ ਦੀ ਨੀਂਦ ਉੱਡ ਗਈ। ਉਸ ਨੂੰ ਸੁਪਨਿਆਂ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਦਿੱਸਦਾ ਸੀ। ਅਖੀਰ ਸੂਬੇਦਾਰ ਵਜ਼ੀਰ ਖਾਨ ਲਈ ਕਿਆਮਤ ਦਾ ਦਿਨ ਆ ਗਿਆ। 22 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੰਘਾਂ ਨੇ ਸਰਹਿੰਦ ’ਤੇ ਹਮਲਾ ਕੀਤਾ। ਚੱਪੜਚਿੜੀ ਦੇ ਮੈਦਾਨ ਵਿੱਚ ਦੋਵਾਂ ਫ਼ੌਜਾਂ ਦਾ ਗਹਿਗੱਚ ਮੁਕਾਬਲਾ ਹੋਇਆ।
ਸੂਬੇਦਾਰ ਵਜ਼ੀਰ ਖਾਨ ਕੋਲ ਬੇਸ਼ੁਮਾਰ ਫ਼ੌਜ, ਅਸਲਾ ਅਤੇ ਤੋਪਖਾਨਾ ਸੀ ਜਦੋਂਕਿ ਸਿੰਘਾਂ ਕੋਲ ਰਵਾਇਤੀ ਹਥਿਆਰ ਹੀ ਸਨ। ਸਿੱਖ ਫ਼ੌਜ ਦੀ ਗਿਣਤੀ ਵੀ ਸੂਬਾ ਸਰਹਿੰਦ ਦੀ ਫ਼ੌਜ ਮੁਕਾਬਲੇ ਬਹੁਤ ਘੱਟ ਸੀ। ਇਸ ਤੋਂ ਇਲਾਵਾ ਮਲੇਰੀਏ ਪਠਾਣ ਵੀ ਸੂਬਾ ਸਰਹਿੰਦ ਦੀ ਮਦਦ ’ਤੇ ਸਨ। ਜੰਗ ਵਿੱਚ ਸਿੱਖ ਫ਼ੌਜ ਦਾ ਭਾਰੀ ਨੁਕਸਾਨ ਹੋਇਆ ਅਤੇ ਇੱਕ ਸਮੇਂ ਮੁਗ਼ਲ ਫ਼ੌਜਾਂ ਭਾਰੂ ਹੋ ਗਈਆਂ ਸਨ। ਭਾਈ ਬਾਜ਼ ਸਿੰਘ ਨੇ ਇਹ ਸਾਰੀ ਸਥਿਤੀ ਬਾਬਾ ਬੰਦਾ ਸਿੰਘ ਦੇ ਧਿਆਨ ਵਿੱਚ ਲਿਆਂਦੀ ਤਾਂ ਉਨ੍ਹਾਂ ਨੇ ਆਪ ਕਮਾਨ ਸੰਭਾਲੀ।
ਆਹਮੋ-ਸਾਹਮਣੇ ਦੀ ਲੜਾਈ ਵਿੱਚ ਵਜ਼ੀਰ ਖਾਨ ਨੇ ਭਾਈ ਬਾਜ਼ ਸਿੰਘ ਦੇ ਨੇਜ਼ਾ ਮਾਰਿਆ ਤਾਂ ਭਾਈ ਬਾਜ਼ ਸਿੰਘ ਨੇ ਨੇਜ਼ਾ ਫੜ ਕੇ ਖੋਹ ਲਿਆ ਅਤੇ ਸੂਬੇਦਾਰ ਦੇ ਘੋੜੇ ਦੇ ਸਿਰ ਵਿੱਚ ਮਾਰ ਕੇ ਇਸ ਨੂੰ ਜ਼ਖ਼ਮੀ ਕਰ ਦਿੱਤਾ। ਨਾਲ ਮੌਜੂਦ ਭਾਈ ਫ਼ਤਹਿ ਸਿੰਘ ਨੇ ਮਿਆਨ ਵਿੱਚੋਂ ਕ੍ਰਿਪਾਨ ਧੂਹ ਕੇ ਵਜ਼ੀਰ ਖਾਨ ਉੱਤੇ ਇੰਨਾ ਜ਼ੋਰਦਾਰ ਵਾਰ ਕੀਤਾ ਕਿ ਤਲਵਾਰ ਸੂਬੇਦਾਰ ਦੇ ਮੋਢੇ ਤੋਂ ਲੈ ਕੇ ਚੀਰਦੀ ਹੋਈ ਕਮਰ ਤਕ ਪਹੁੰਚ ਗਈ। ਮੁਗ਼ਲ ਫ਼ੌਜ ਵਿੱਚ ਭਾਜੜ ਪੈ ਗਈ। ਘੋੜਸਵਾਰ ਤੇ ਪੈਦਲ ਮੁਗ਼ਲ ਫ਼ੌਜੀ ਖ਼ਾਲਸਾ ਫ਼ੌਜ ਸਾਹਮਣੇ ਢੇਰ ਹੋ ਗਏ, ਜਿਹੜਾ ਭੱਜਿਆ ਸਿਰਫ਼ ਉਹੀ ਆਪਣੀ ਜਾਨ ਬਚਾ ਸਕਿਆ।
ਸੂਬੇਦਾਰ ਵਜ਼ੀਰ ਖਾਨ ਨੂੰ ਸਿੰਘਾਂ ਨੇ ਫੜ ਕੇ ਬਲਦਾਂ ਪਿੱਛੇ ਬੰਨ੍ਹ ਕੇ ਘਸੀਟਿਆ ਅਤੇ ਉਸ ਦੀ ਗੁਦਾ ਵਿੱਚ ਲੱਕੜ ਦਾ ਕਿੱਲਾ ਠੋਕਿਆ। ਸਿੰਘਾਂ ਨੇ ਵਜ਼ੀਰ ਖਾਨ ਨੂੰ ਅਧਮੋਇਆ ਕਰਕੇ ਬੋਹੜ ’ਤੇ ਟੰਗ ਦਿੱਤਾ। ਇਹ ਬੋਹੜ ਅੱਜ ਵੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ (ਜ਼ਿਲਾ ਮੁਹਾਲੀ) ਦੇ ਅਹਾਤੇ ਵਿੱਚ ਮੌਜੂਦ ਹੈ। ਵਜ਼ੀਰ ਖਾਨ ਦੀ ਕੋਈ ਕਬਰ ਵੀ ਨਹੀਂ ਬਣੀ। ਇਹ ਸੀ ਇਸ ਜ਼ਾਲਿਮ ਹੁਕਮਰਾਨ ਦੇ ਦੁਖਾਂਤਕ ਅੰਤ ਦੀ ਕਹਾਣੀ।
ਖਫੀ ਖਾਨ ਨੇ ਲਿਖਿਆ ਹੈ ਕਿ ਸੂਬੇਦਾਰ ਵਜ਼ੀਰ ਖਾਨ ਇਸ ਕਰਕੇ ਨਹੀਂ ਮਾਰਿਆ ਗਿਆ ਕਿ ਉਹ ਮੁਸਲਮਾਨ ਸੀ ਸਗੋਂ ਉਹ ਆਪਣੇ ਭੈੜੇ ਕਰਮਾਂ ਕਰਕੇ ਮਾਰਿਆ ਗਿਆ ਅਤੇ ਉਸ ਦੇ ਨਾਲ ਉਸ ਦੇ ਹਿੰਦੂ ਹਮਾਇਤੀਆਂ ਸੁੱਚਾ ਨੰਦ ਆਦਿ ਦਾ ਵੀ ਇਹੋ ਹਸ਼ਰ ਹੋਇਆ।
ਸੁਖਪਾਲ ਸਿੰਘ ਹੁੰਦਲ
ਪਿਛਲੇ ਕੁਝ ਦਿਨਾਂ ਵਿੱਚ “ਸ਼ਹਾਦਤਾਂ ਦੇ ਸਫਰ” ਅਧੀਨ ਸਰਬੰਸ-ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ, ਜੰਗਾਂ, ਅਨੰਦਪੁਰ ਸਾਹਿਬ, ਪਰਿਵਾਰ ਵਿਛੋੜੇ ਅਤੇ ਸਾਹਿਬਜ਼ਾਦਿਆਂ ਸਮੇਤ ਅਨੇਕਾਂ ਸਿੰਘ-ਸਿੰਘਣੀਆਂ ਦੀ ਸ਼ਹਾਦਤ ‘ਤੇ ਝਾਤ ਪਵਾਉਂਦੇ ਕਈ ਲੇਖ ਆਪ ਨਾਲ ਸਾਂਝੇ ਕੀਤੇ।
ਇਸ ਦੌਰ ਦੇ ਨਾਇਕਾਂ ਤੇ ਖਲਨਾਇਕਾਂ ਬਾਰੇ ਦੱਸਿਆ। ਮੁਸਲਿਮ ਅਤੇ ਹਿੰਦੂ ਧਰਮਾਂ ਦੇ ਲੋਕ ਨਾਇਕ ਵੀ ਸਨ ਤੇ ਖਲਨਾਇਕ ਵੀ ਪਰ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ ਕਦੇ ਕਿਸੇ ਸਮੁੱਚੇ ਧਰਮ ਨਾਲ ਨਫ਼ਰਤ ਨਹੀਂ ਕੀਤੀ।
ਹੁਣ ਸੰਘੀ, ਨਾਸਤਿਕ ਤੇ ਅਖੌਤੀ ਕਾਮਰੇਡ ਸਿੱਖ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਲਈ ਯਤਨਸ਼ੀਲ ਹਨ, ਜੋ ਕਹਿ ਰਹੇ ਹਨ ਕਿ ਗੰਗੂ ਵਰਗੇ ਪਾਤਰ ਸਿੱਖਾਂ ਦੇ ਪ੍ਰਚਾਰਕਾਂ ਨੇ ਹਿੰਦੂਆਂ ਨਾਲ ਨਫ਼ਰਤ ਪੈਦਾ ਕਰਨ ਲਈ ਪੈਦਾ ਕੀਤੇ ਹਨ। ਚੰਦੂ ਬਾਰੇ ਵੀ ਅਜਿਹਾ ਹੀ ਕਹਿ ਦਿੰਦੇ ਹਨ ਤੇ ਹੋਰ ਭੁਲੇਖੇ ਵੀ ਖੜ੍ਹੇ ਕਰਦੇ ਹਨ।
ਗੰਗੂ ਸੀ ਜਾਂ ਨਹੀਂ, ਉਸ ਲਈ ਸਿੱਖ ਇਤਿਹਾਸ ‘ਚੋਂ ਹਵਾਲੇ ਪਹਿਲੇ ਕੁਮੈਂਟ ਵਿੱਚ ਪਏ ਹਨ।
ਜੇ ਸਿੱਖਾਂ ਨੇ ਗੰਗੂ ਕਾਰਨ ਹੀ ਹਿੰਦੂਆਂ ਨੂੰ ਨਫ਼ਰਤ ਕਰਨੀ ਹੁੰਦੀ ਤਾਂ ਉਸ ਲਈ ਤਾਂ ਇਤਿਹਾਸ ‘ਚ ਪਹਾੜੀ ਹਿੰਦੂ ਰਾਜੇ, ਸੁੱਚਾ ਨੰਦ, ਲਖਪਤ ਰਾਏ-ਜਸਪਤ ਰਾਏ ਮੌਜੂਦ ਸਨ ਪਰ ਸਿੱਖ ਹਿੰਦੂਆਂ ਨਾਲ ਨਫ਼ਰਤ ਨਹੀਂ ਕਰਦੇ, ਜੇ ਕਰਦੇ ਹੁੰਦੇ ਤਾਂ 1947 ਵਿੱਚ ਆਪਣਾ ਨਸੀਬ ਇਨ੍ਹਾਂ ਹੱਥ ਕਿਓਂ ਫੜਾਉਂਦੇ?
ਇਤਿਹਾਸ ਕੇਵਲ ਕਿਤਾਬਾਂ ਜ਼ਰੀਏ ਨਹੀਂ, ਸਾਖੀ ਪ੍ਰਥਾ ਤੇ ਮਾਪਿਆਂ ਰਾਹੀਂ ਵੀ ਅੱਗੇ ਵਧਦਾ।
ਅਜਿਹੇ ਸ਼ਰਾਰਤੀ ਅਨਸਰ ਕਦੇ ਵੀ ਆਰੀਆ ਸਮਾਜੀਆਂ ਖ਼ਿਲਾਫ਼ ਨਹੀਂ ਲਿਖਣਗੇ, ਜਿਨ੍ਹਾਂ ਸਿੱਖਾਂ ਤੇ ਹਿੰਦੂਆਂ ਵਿਚਕਾਰ ਸਭ ਤੋਂ ਵੱਧ ਵਿਵਾਦ ਖੜ੍ਹੇ ਕੀਤੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ