ਸ਼ਹਾਦਤਾਂ ਦਾ ਸਫਰ : ਬਹਾਦਰ ਸਿੰਘਣੀ ਬੀਬੀ ਸ਼ਰਨ ਕੌਰ ਜੀ ਸ਼ਹੀਦ

0
158

ਬੀਬੀ ਸ਼ਰਨ ਕੌਰ ਜੀ (ਕਈ ਇਤਿਹਾਸਕਾਰ ਬੀਬੀ ਦਾ ਨਾਮ ਹਰਸ਼ਰਨ ਕੌਰ ਵੀ ਲਿਖਦੇ ਹਨ) ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਪਰਿਵਾਰ ਸੀ। ਇਸ ਪਰਿਵਾਰ ਦੇ ਮੁਖੀ ਭਾਈ ਪ੍ਰੀਤਮ ਸਿੰਘ ਜੀ ਸਨ ਜੋਕਿ ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੰਘਾਂ ਵਿੱਚੋਂ ਸਨ। ਇਹ ਪਰਿਵਾਰ ਅਕਸਰ ਹੀ ਅਨੰਦਪੁਰ ਸਾਹਿਬ ਵਿੱਖੇ ਗੁਰੂ ਸਾਹਿਬ ਜੀ ਦੇ ਦਰਸ਼ਨ-ਦੀਦਾਰੇ ਕਰਨ ਅਤੇ ਸੇਵਾ ਲਈ ਜਾਂਦਾ ਹੁੰਦਾ ਸੀ। ਬੀਬੀ ਸ਼ਰਨ ਕੌਰ ਨੇ ਵੀ ਗੁਰੂ ਸਾਹਿਬਾਂ ਪਾਸੋਂ ਕੋਈ ਸੇਵਾ ਲਈ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਸਮਾਂ ਆਉਣ ਤੇ ਆਪ ਜੀ ਖੁਦ ਹੀ ਸੇਵਾ ਲਈ ਆ ਹਾਜ਼ਰ ਹੋਵੋਗੇ।

ਬੀਬੀ ਸ਼ਰਨ ਕੌਰ ਚਮਕੌਰ ਸਾਹਿਬ ਦੇ ਨੇੜੇ ਹੀ ਰਹਿੰਦੀ ਸੀ। ਜਦੋਂ ਬੀਬੀ ਨੂੰ ਪਤਾ ਲੱਗਿਆ ਕਿ ਵੱਡੇ ਸ਼ਹਿਬਜਾਦੇ ਅਤੇ ਸਿੰਘ ਸ਼ਹੀਦ ਹੋ ਗਏ ਹਨ ਅਤੇ ਇੱਧਰ ਯੁੱਧ ਦੀ ਸਮਾਪਤੀ ਤੋਂ ਬਾਅਦ ਥੱਕ ਟੁੱਟ ਕੇ ਜਦ ਮੁਗਲ ਸੈਨਾ ਆਪਨੇ ਤੰਬੂਆਂ ‘ਚ ਆਰਾਮ ਫਰਮਾਉਣ ਲੱਗੀ ਤਾਂ ਬੜੀ ਦਲੇਰੀ ਤੇ ਬਹਾਦਰੀ ਦਾ ਸਬੂਤ ਦਿੰਦਿਆਂ ਜੰਗ ਦੇ ਮੈਦਾਨ ਵਿਚ ਪੁੱਜ ਕੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਤਰ ਕਰਕੇ ਅੰਗੀਠਾ ਸਜਾਇਆ ਅਤੇ ਸ਼ਹੀਦਾਂ ਦਾ ਸਤਿਕਾਰ ਸਹਿਤ ਸਸਕਾਰ ਕਰ ਦਿੱਤਾ। ਇਸ ਅੰਗੀਠੇ ਵਾਲੀ ਥਾਂ ਉਤੇ ਅੱਜਕਲ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਮੌਜੂਦ ਹੈ।

ਇਸ ਦਲੇਰ ਧੀ ਨੇ ਪਹਿਲਾਂ ਲੱਕੜਾਂ ਇਕੱਤਰ ਕਰਕੇ ਇੱਕ ਵੱਡੀ ਚਿਖਾ ਤਿਆਰ ਕੀਤੀ ਅਤੇ ਉਸ ਚਿਖਾ ‘ਤੇ ਇੱਕ ਇੱਕ ਕਰ ਕੇ ਸਾਰੇ ਸਿੰਘ ਸ਼ਹੀਦ ਅਦਬ ਤੇ ਮਰਿਆਦਾ ਨਾਲ ਟਿਕਾਏ ਤੇ ਫਿਰ ਆਪਣੇ ਹੱਥੀਂ ਸਸਕਾਰ ਲਈ ਲਾਂਬੂ ਲਾਇਆ।

ਲਾਂਬੂ ਦੀ ਅੱਗ ਬੜੀ ਪਰਚੰਡ ਸੀ, ਜਿਸ ਕਾਰਨ ਮੁਗਲ ਸੈਨਾ ਨੂੰ ਪਤਾ ਲੱਗ ਗਿਆ ਅਤੇ ਉਨ੍ਹਾਂ ਬੀਬੀ ਨੂੰ ਚੁਫੇਰਿਉਂ ਘੇਰਾ ਪਾ ਲਿਆ। ਸਿੰਘਣੀ ਨੇ ਦਲੇਰੀ ਨਾਲ ਫੌਜ ਦਾ ਟਾਕਰਾ ਕੀਤਾ। ਅਖੀਰ ਗੁਰੂ ਦੀ ਧੀ ਨੂੰ ਸਿਪਹੀਆਂ ਨੇ ਕਾਬੂ ਕਰਕੇ ਬਲਦੀ ਚਿਖਾ ‘ਚ ਸੁੱਟ ਦਿੱਤਾ।

ਬੀਬੀ ਸ਼ਰਨ ਕੌਰ ਨੇ ਆਪਣੀ ਸੂਰਮਤਾਈ, ਨਿਰਭੈਅਤਾ ਤੇ ਜੁਰਅਤ ਦਾ ਆਦਰਸ਼ ਬਣ ਕੇ ਸ਼ਹੀਦੀ ਜਾਮ ਪੀਤਾ ਤੇ ਆਉਣ ਵਾਲੀਆਂ ਪੀੜੀਆਂ ਨੂੰ ਦੱਸ ਗਈ ਕਿ ਸਿੱਖ ਬੀਬੀਆਂ ਕਿੰਨੀਆਂ ਦਲੇਰ ਤੇ ਦ੍ਰਿੜ ਸੰਕਲਪ ਹੋਣੀਆਂ ਚਾਹੀਦੀਆਂ ਹਨ।

ਬੀਬੀ ਸ਼ਰਨ ਕੌਰ ਸ਼ਹੀਦ ਦੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ।