‘ਜ਼ਫ਼ਰਨਾਮਾ’, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗ਼ਲ ਸਮਰਾਟ ਔਰੰਗਜ਼ੇਬ ਨੂੰ ਫ਼ਾਰਸੀ ਸ਼ਿਅਰਾਂ ਵਿੱਚ ਲਿਖੀ ਹੋਈ ਚਿੱਠੀ ਹੈ। ਇਸ ਤਰ੍ਹਾਂ ਇਹ ਇੱਕ ਇਤਿਹਾਸਕ ਦਸਤਾਵੇਜ਼ ਹੈ। ਇਸ ਦਾ ਹਰੇਕ ਸ਼ਿਅਰ, ਅਣਖ, ਸਵੈਮਾਨ ਤੇ ਪ੍ਰਭੂ ਭਰੋਸਾ ਜਗਾਉਂਦਾ ਹੈ।‘ਜ਼ਫ਼ਰਨਾਮਾ’ ਉਹ ਮਹਾਨ ਵਿਜੈ-ਪੱਤਰ ਹੈ, ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੇ ਅਸਿੱਧੇ ਤੌਰ ’ਤੇ ਆਪਣੀ ਹਾਰ ਮੰਨ ਲਈ ਸੀ। ਇਹ ਚਿੱਠੀ ਔਰੰਗਜ਼ੇਬ ਨੂੰ ਸ਼ਰਮਸਾਰ ਹੀ ਨਹੀਂ ਕਰਦੀ, ਸਗੋਂ ਉਸ ਦੇ ‘ਕੱਦ’ ਨੂੰ ਵੀ ਬੌਣਾ ਬਣਾਉਂਦੀ ਹੈ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ‘ਟਕੇ ਦਾ ਮੁਰੀਦ’ ਅਤੇ ‘ਈਮਾਂ ਫ਼ਿਕਨ’, ਭਾਵ ਬੇਇਮਾਨ ਕਹਿਣ ਤੋਂ ਸੰਕੋਚ ਨਹੀਂ ਕੀਤਾ।
ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਦੁਖਾਂਤ ਸਮੁੱਚੀ ਕੌਮ ਦਾ ਦੁਖਾਂਤ ਹੋ ਨਿੱਬੜਦਾ ਹੈ ਅਤੇ ਉਸ ਦੁਖਾਂਤ ਨਾਲ ਹੋਏ ਜ਼ਖ਼ਮ ਹਮੇਸ਼ਾ ਰਿਸਦੇ ਰਹਿੰਦੇ ਹਨ, ਹਰੇ ਰਹਿੰਦੇ ਹਨ। ਸਾਕਾ ਚਮਕੌਰ ਸਾਹਿਬ (ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਅਦੁੱਤੀ ਸ਼ਹਾਦਤ ਦੀ ਘਟਨਾ) ਵੀ ਅਜਿਹਾ ਹੀ ਦੁਖਾਂਤ ਹੈ, ਜਿਸ ਨੂੰ ਉਸ ਸਮੇਂ ਸਮੁੱਚੀ ਕੌਮ ਨੇ ਹੰਢਾਇਆ।
ਬੇਸ਼ੱਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਅਡੋਲ ਰਹੇ ਪਰ ਇਹ ਘਟਨਾ ਉਨ੍ਹਾਂ ਦੇ ਦਿਲ ’ਤੇ ਡੂੰਘੀ ਉੱਕਰੀ ਗਈ। ਇਹੋ ਕਾਰਨ ਹੈ ਕਿ ਗੁਰੂ ਸਾਹਿਬ ਨੇ ‘ਜ਼ਫ਼ਰਨਾਮਾ’ ਵਿੱਚ ਪਹਿਲੀ ਵਾਰ ਜ਼ੁਲਮ, ਜਬਰ ਤੇ ਤਕੱਬਰ ਵਿਰੁੱਧ ਤਲਵਾਰ ਉਠਾਉਣ ਲਈ ਲਲਕਾਰ ਕੇ ਆਖਿਆ:
ਚੂੰ ਕਰਾ ਅਜ਼ ਹਮਾ ਹੀਲਤੇ ਦਰਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।
ਗੁਰੂ ਸਾਹਿਬ ਨੇ ਆਪਣੇ ਇਸ ਵਿਜੈ-ਪੱਤਰ ਵਿੱਚ ਚਮਕੌਰ ਦੀ ਜੰਗ ਦਾ ਬੜੀ ਬਰੀਕੀ ਨਾਲ ਵਰਣਨ ਕੀਤਾ ਹੈ। ਗੁਰੂ ਸਾਹਿਬ ਵੱਲੋਂ ਪੇਸ਼ ਕੀਤੀ ਜੰਗ ਦੀ ਇਹ ਇਤਿਹਾਸਕ ਝਾਕੀ ਬੇਮਿਸਾਲ ਹੈ ਅਤੇ ਚਮਕੌਰ ਦੀ ਜੰਗ ਦੀ ਚਸ਼ਮਦੀਦ ਗਵਾਹੀ ਭਰਦੀ ਹੈ।
ਚਮਕੌਰ ਦੀ ਜੰਗ ਬਰਾਬਰ ਦੀ ਚੋਟ ਨਹੀਂ ਸੀ। ਦੋਵੇਂ ਵਿਰੋਧੀ ਦਲਾਂ ਦੀ ਨਫ਼ਰੀ ਵਿੱਚ ਜ਼ਮੀਂ-ਅਸਮਾਨ ਦਾ ਫ਼ਰਕ ਸੀ। ਇੱਕ ਪਾਸੇ ਥੱਕੇ-ਟੁੱਟੇ ਤੇ ਭੁੱਖਣ-ਭਾਣੇ ਚਾਲੀ ਸਿੰਘ ਅਤੇ ਦੂਜੇ ਪਾਸੇ ਟਿੱਡੀ ਦਲ ਮੁਗ਼ਲ ਫ਼ੌਜ। ਇਸ ਅਤੁਲਵੇਂ ਯੁੱਧ ਦਾ ਜ਼ਿਕਰ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ‘ਜ਼ਫ਼ਰਨਾਮਾ’ ਵਿੱਚ ਲਿਖਿਆ ਹੈ:
ਗੁਰਸਨਾ: ਚਿ ਕਾਰੇ ਕੁਨਦ ਚਿਹਲ ਨਰ।
ਕਿ ਦਹ ਲਕ ਬਰਾਯਦ ਬਰੂ ਬੇਖ਼ਬਰ।
ਭਾਵ ਭੁੱਖਣ ਭਾਣੇ ਚਾਲੀ ਆਦਮੀ ਕੀ ਕਰ ਸਕਦੇ ਹਨ, ਜੇ ਉਨ੍ਹਾਂ ਉੱਤੇ ਅਚਨਚੇਤ ਦਸ ਲੱਖ (ਅਣਗਿਣਤ) ਫ਼ੌਜ ਟੁੱਟ ਪਵੇ। ਗੁਰੂ ਸਾਹਿਬ ਨੇ ਮੁਗ਼ਲ ਫ਼ੌਜ ਵੱਲੋਂ ਕੀਤੇ ਹੱਲੇ ਦਾ ਬੜੀ ਖ਼ੂਬਸੂਰਤੀ ਨਾਲ ਜ਼ਿਕਰ ਕੀਤਾ ਹੈ:
ਬਰੰਗਿ ਮਗਸ ਸ਼ਯਾਹ-ਪੋਸ਼ ਆਮਦੰਦ।
ਬ: ਯਕ-ਬਾਰਗੀ ਦਸ ਖਰੋਸ਼ ਆਮਦੰਦ।
ਭਾਵ ਤੇਰੀ ਕਾਲੀ ਖੋਸ਼ ਫ਼ੌਜ ਮੱਖੀਆਂ ਵਾਂਗ ਆ ਪਈ ਅਤੇ ਸ਼ੋਰ ਮਚਾਉਂਦੀ ਇਕਦਮ ਟੁੱਟ ਪਈ।
ਗੁਰੂ ਸਾਹਿਬ ਨੇ ‘ਜ਼ਫਰਨਾਮਾ’ ਵਿੱਚ ਚਮਕੌਰ ਦੀ ਜੰਗ ਦੇ ਖ਼ੌਫ਼ਨਾਕ ਦ੍ਰਿਸ਼ਾਂ ਨੂੰ ਬੜੀ ਮੁਹਾਰਤ ਨਾਲ ਚਿੱਤਰਿਆ ਹੈ। ਉਨ੍ਹਾਂ ਲਿਖਿਆ ਕਿ ਅਖ਼ੀਰ ਤੀਰਾਂ ਤੇ ਬੰਦੂਕਾਂ ਦੇ ਫੱਟ ਖਾ-ਖਾ ਥੋੜ੍ਹੇ ਚਿਰ ਵਿੱਚ ਹੀ ਦੋਹਾਂ ਪਾਸਿਆਂ ਦੇ ਬਹੁਤ ਸਾਰੇ ਆਦਮੀ ਮਾਰੇ ਗਏ। ਬੰਦੂਕਾਂ ਤੇ ਤੀਰਾਂ ਦੀ ਇੰਨੀ ਵਰਖਾ ਹੋਈ ਕਿ ਧਰਤੀ ਲਹੂ ਨਾਲ ਪੋਸਤ ਦੇ ਫੁੱਲ ਵਾਂਗ ਲਾਲੋ-ਲਾਲ ਹੋ ਗਈ। ਮਾਰੇ ਗਏ ਬੰਦਿਆਂ ਦੇ ਸਿਰ-ਪੈਰਾਂ ਦੇ ਇਉਂ ਢੇਰ ਲੱਗ ਗਏ ਜਿਵੇਂ ਖੇਡ ਦਾ ਮੈਦਾਨ ਖਿੱਦੋ-ਖੂੰਡੀਆਂ ਨਾਲ ਭਰਿਆ ਹੋਵੇ। ਤੀਰਾਂ ਤੇ ਕਮਾਨਾਂ ਦੀਆਂ ਟਣਕਾਰਾਂ ਨਾਲ ਲੋਕਾਂ ਵਿੱਚ ਚੀਕ-ਚਿਹਾੜਾ ਪੈ ਗਿਆ। ਇਸ ਪਿੱਛੋਂ ਮਾਰੂ ਬਰਛਿਆਂ ਨੇ ਇਸ ਤਰ੍ਹਾਂ ਗੜਬੜ ਮਚਾ ਦਿੱਤੀ ਕਿ ਵੱਡੇ-ਵੱਡੇ ਸੂਰਮਿਆਂ ਦੇ ਵੀ ਹੋਸ਼ ਗੁੰਮ ਗਏ।
44ਵੇਂ ਸ਼ਿਅਰ ਵਿੱਚ ਗੁਰੂ ਸਾਹਿਬ ਲਿਖਦੇ ਹਨ ਕਿ ਨਾ ਉਨ੍ਹਾਂ ਦਾ ਰਤਾ ਵਾਲ ਵਿੰਗਾ ਹੋਇਆ ਤੇ ਨਾ ਹੀ ਉਨ੍ਹਾਂ ਦੇ ਸਰੀਰ ਨੂੰ ਕੋਈ ਖਦ ਪਹੁੰਚਿਆ, ਕਿਉਂਕਿ ਸ਼ੱਤਰੂ-ਹਰਤਾ ਪਰਮੇਸ਼ਰ ਨੇ ਆਪ ਉਨ੍ਹਾਂ ਨੂੰ ਮੁਸੀਬਤ ਵਿੱਚੋਂ ਕੱਢ ਲਿਆਂਦਾ।
45ਵੇਂ ਸ਼ਿਅਰ ਵਿੱਚ ਗੁਰੂ ਸਾਹਿਬ, ਚਮਕੌਰ ਦੀ ਘਟਨਾ ਦੇ ਤਿੱਖੇ ਪ੍ਰਤੀਕਰਮ ਵਜੋਂ ਲਿਖਦੇ ਹਨ ਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਇਕਰਾਰ ਤੋੜਨ ਵਾਲਾ (ਔਰੰਗਜ਼ੇਬ) ਟਕੇ ਦਾ ਮੁਰੀਦ ਹੈ ਤੇ ਧਰਮ ਈਮਾਨ ਨੂੰ ਪਰੇ ਸੁੱਟ ਦੇਣ ਵਾਲਾ ਹੈ। ਅਗਲੇ ਸ਼ਿਅਰ ਵਿੱਚ ਗੁਰੂ ਸਾਹਿਬ ਲਿਖਦੇ ਹਨ,
‘’ਔਰੰਗਜ਼ੇਬ! ਨਾ ਤੂੰ ਦੀਨ ਈਮਾਨ ਉੱਤੇ ਕਾਇਮ ਹੈਂ ਤੇ ਨਾ ਹੀ ਤੂੰ ਸ਼ਰ੍ਹਾ-ਸ਼ਰੀਅਤ ਦਾ ਪਾਬੰਦ ਹੈਂ। ਨਾ ਤੈਨੂੰ ਪਰਮਾਤਮਾ ਦੀ ਪਛਾਣ ਹੈ ਅਤੇ ਨਾ ਹੀ ਤੇਰਾ ਹਜ਼ਰਤ ਮੁਹੰਮਦ ਉੱਤੇ ਹੀ ਕੋਈ ਭਰੋਸਾ ਹੈ।’’
‘ਜ਼ਫ਼ਰਨਾਮਾ’ ਦੇ ਕੁੱਲ 112 ਸ਼ਿਅਰ ਹਨ। ਇਸ ਇਤਿਹਾਸਕ ਪੱਤਰ ਵਿੱਚ ਚਮਕੌਰ ਦੀ ਦਾਸਤਾਨ ਦਾ ਉਭਰਵਾਂ ਸਥਾਨ ਹੈ। ਸਪੱਸ਼ਟ ਹੈ ਕਿ ਚਮਕੌਰ ਦੀ ਜੰਗ ਗੁਰੂ ਸਾਹਿਬ ਦੇ ਦਿਮਾਗ਼ ’ਤੇ ਛਾਈ ਰਹੀ, ਪਰ ਉਦਾਸੀ, ਝੋਰਾ ਤੇ ਕਲੇਸ਼ ਕਦੇ ਵੀ ਉਨ੍ਹਾਂ ਦੇ ਨੂਰਾਨੀ ਜਲਾਲ ਦੀ ਤਾਬ ਨਹੀਂ ਝੱਲ ਸਕੇ। ਨਿਮਨ ਦਰਜ ਸ਼ਿਅਰ ਗੁਰੂ ਸਾਹਿਬ ਦੇ ਚੜ੍ਹਦੀ ਕਲਾ ਦਾ ਅਵਤਾਰ ਹੋਣ ਦੀ ਤਸਵੀਰ ਪੇਸ਼ ਕਰਦਾ ਹੈ:
ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸਤ: ਚਾਰ।
ਕਿ ਬਾਕੀ ਬਮਾਂਦਸਤ ਪੇਚੀਦ: ਮਾਰ।
ਇਸ ਸ਼ਿਅਰ ਵਿੱਚ ਗੁਰੂ ਸਾਹਿਬ ਦਾ ਸਮੇਂ ਦੇ ਸ਼ਕਤੀਸ਼ਾਲੀ ਹੁਕਮਰਾਨ ਨੂੰ ਇਹ ਕਹਿਣਾ,‘‘ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ, ਅਜੇ ਤਾਂ ਕੁੰਡਲੀਦਾਰ ਨਾਗ (ਭਾਵ ਖ਼ਾਲਸਾ) ਬਾਕੀ ਹੈ’’, ਬਾਦਸ਼ਾਹ ’ਤੇ ਜਿੱਤ ਦਾ ਪ੍ਰਤੀਕ ਹੈ।
– ਡਾ. ਹਰਚੰਦ ਸਿੰਘ ਸਰਹਿੰਦੀ