ਸਾਕਾ ਸਰਹਿੰਦ ਦੀ ਦਿਲ ਕੰਬਾਊ ਦਾਸਤਾਨ ਤਮਾਮ ਮਨੁੱਖਤਾ ਦੇ ਜ਼ਿਹਨ ‘ਚ ਅਸਹਿ ਪੀੜ ਬਣੀ ਬੈਠੀ ਹੈ। ਰਹਿੰਦੀ ਦੁਨੀਆਂ ਤਕ ਰਿਸਦੇ ਰਹਿਣ ਵਾਲੇ ਇਸ ਨਾਸੂਰ ਦਾ ਨਿਰੀਖਣ ਕਰਨ ਮੌਕੇ ਇਤਿਹਾਸ ਦੀ ਪਾਰਖੂ ਅੱਖ ਨੇ ਇਸ ਕੌਮੀ ਫੱਟ ‘ਤੇ ਟਕੋਰਾਂ ਕਰਨ ਅਤੇ ਨਮਕ ਛਿੜਕਣ ਵਾਲੇ ਵੱਖ-ਵੱਖ ਕਿਰਦਾਰਾਂ ਨੂੰ ਨਾਇਕ ਤੇ ਖਲਨਾਇਕ ਦੇ ਰੂਪ ‘ਚ ਤੱਕਿਆ ਹੈ। ਨੇਕੀ ਅਤੇ ਬਦੀ ਦੇ ਕਿੱਸੇ ‘ਚ ਸ਼ਾਮਿਲ ਨਾਇਕਾਂ ਤੇ ਖਲਨਾਇਕਾਂ ਤੋਂ ਬਾਅਦ ਉਸ ਕਿਰਦਾਰ ਵੱਲ ਝਾਤੀ ਮਾਰਨ ਦੀ ਵੀ ਜ਼ਰੂਰਤ ਹੈ ਜੋ ਸਾਕਾ ਸਰਹੰਦ ਦੀ ਤਾਰੀਖ਼ੀ ਕੈਨਵਸ ‘ਤੇ ਭਾਂਵੇ ਬਹੁਤ ਘੱਟ ਆਉਂਦਾ ਹੈ ਪਰ ਇਹ ਉਹ ਕਿਰਦਾਰ ਹੈ ਜਿਸ ਨੇ ਜਾਨ ਦੀ ਆਹੂਤੀ ਦੇ ਕੇ ਬੁਝਦੀ ਜ਼ਮੀਰਪ੍ਰਸਤੀ ਨੂੰ ਜਗਦਾ ਰੱਖਿਆ ਅਤੇ ਕਮਲ ਵਾਂਗ ਚਿੱਕੜ ‘ਚ ਖੜ੍ਹੇ ਹੋ ਕੇ ਵੀ ਮਹਿਕ ਵੰਡੀ। ਇਤਿਹਾਸ ਦੇ ਪੰਨਿਆ ‘ਤੇ ਵੱਡੀ ਕੁਰਬਾਨੀ ਕਰਨ ਦੇ ਬਾਵਜੂਦ ਇਹ ਕਿਰਦਾਰ ਬਣਦਾ ਮੁਕਾਮ ਨਹੀਂ ਲੈ ਸਕਿਆ। ਇਹ ਕਿਰਦਾਰ ਹੈ ਸੂਬਾ ਸਰਹਿੰਦ ਵਜ਼ੀਦ ਖ਼ਾਨ ਦੀ ਬੇਗਮ ਜ਼ੈਨਬੁਨਿਮਾ ਉਰਫ਼ ਬੇਗਮ ਜ਼ੈਨਾ।
ਭਾਵੇਂ ਜ਼ੈਨਾ ਬਾਰੇ ਇਤਿਹਾਸਕ ਲਿਖਤਾਂ ਅੰਦਰ ਕੋਈ ਹਵਾਲਾ ਨਹੀਂ ਮਿਲਦਾ ਪਰ ਪੰਥ ਪ੍ਰਵਾਨਿਤ ਵਿਦਵਾਨ ਭਾਈ ਵੀਰ ਸਿੰਘ ਨੇ ਰਚਨਾਵਲੀ ਕਲਗੀਧਰ ਚਮਤਕਾਰ ‘ਚ ਸੂਬਾ ਸਰਹਿੰਦ ਦੀ ਅਜ਼ੀਜ਼ ਬੇਗਮ ਜ਼ੈਨਬੁਨਿਮਾ, ਉਰਫ਼ ਜ਼ੈਨਾ ਦੀ ਕੁਰਬਾਨੀ ਅਤੇ ਸਿਦਕ ਨੂੰ ਬਾਖ਼ੂਬੀ ਢੰਗ ਨਾਲ ਬਿਆਨਿਆ ਹੈ। ਬਾਈਧਾਰ ਦੇ ਬਿਲਾਸਪੁਰ ਖੇਤਰ ਦੀ ਜੰਮਪਲ ਜ਼ੈਨਾ ਦਾ ਮੂਲ ਹਿੰਦੂ ਰਾਜਪੂਤ ਘਰਾਣੇ ਨਾਲ ਸੰਬਧਤ ਸੀ ਤੇ ਉਸ ਦਾ ਨਾਂ ਸੀ ਭਾਗੋ। ਛੋਟੀ ਉਮਰ ਦੀ ਭਾਗੋ ਨੂੰ ਅਨੰਦਪੁਰ ਸਾਹਿਬ ਜਾਣ ਦਾ ਇਤਫ਼ਾਕ ਉਦੋਂ ਜੁੜਿਆ ਜਦੋਂ ਉਸ ਦੀ ਮਾਂ ਸੁਭਾਗੋ ਗੁਰੂ ਦਰਬਾਰ ‘ਚ ਆਪਣੇ ਪਤੀ ਸਮੇਤ ਸੇਵਾ ਨਿਭਾਉਂਦੀ ਇੱਕ ਅੰਮ੍ਰਿਤਧਾਰੀ ਬੀਬੀ ਨੂੰ ਮਿਲਣ ਗਈ। ਇਸੇ ਦੌਰਾਨ ਭਾਗੋ ਨੇ ਉਸ ਬੀਬੀ ਨੂੰ ਗੁਰੂ ਕੇ ਸਾਹਿਬਜ਼ਾਦਿਆਂ ਦੀ ਦੇਖਭਾਲ ਕਰਦਿਆਂ ਨੇੜਿਓਂ ਤੱਕਿਆ। ਭਾਗੋ ਦੇ ਜ਼ਿਹਨ ‘ਚ ਗੁਰੂ ਲਾਲਾਂ ਦੇ ਜਾਹੋ-ਜਲਾਲ ਦੀਆਂ ਤਸਵੀਰਾਂ ਇਸ ਕਦਰ ਲੱਗ ਗਈਆਂ ਜਿਨ੍ਹਾਂ ਨੂੰ ਉਹ ਜ਼ਿੰਦਗੀ ਦੇ ਅੰਤਿਮ ਪਲਾਂ ਤਕ ਵੀ ਨਾ ਵਿਸਾਰ ਸਕੀ।
ਸਮੇਂ ਨੇ ਕਰਵਟ ਲਈ ਭਾਗੋ ਦਾ ਵਿਆਹ ਸਰਹਿੰਦ ਖਿੱਤੇ ਦੇ ਇੱਕ ਪਿੰਡ ‘ਚ ਤੈਅ ਕੀਤਾ ਗਿਆ ਪਰ ਉਸ ਦਾ ਡੋਲ਼ਾ ਸੁਹਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਸੂਬਾ ਸਰਹਿੰਦ ਨੇ ਲੁੱਟ ਲਿਆ। ਕਿਹਾ ਜਾਂਦਾ ਹੈ ਕਿ ਸੂਬੇ ਨੂੰ ਰੂਪਵਤੀ ਭਾਗੋ ਦੇ ਸ਼ਬਾਬ ਬਾਰੇ ਪਹਿਲਾਂ ਹੀ ਇਲਮ ਸੀ। ਸੂਬੇ ਦੇ ਮਹਿਲੀਂ ਪੁੱਜੀ ਭਾਗੋ ਦਾ ਦਿਲ ਜਿੱਤਣ ਲਈ ਸੂਬੇ ਨੇ ਐਸ਼ੋ ਇਸ਼ਰਤ ਦੇ ਨਜ਼ਾਰਿਆਂ ਨਾਲ਼ ਭਾਗੋ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਪਰ ਮੰਦੇ ਭਾਗਾਂ ਦੀ ਸ਼ਿਕਾਰ ਹੋਈ ਅਭਾਗਣ ਭਾਗੋ ਦਸੌਂਟੇ ਕੱਟ ਕੇ ਵੀ ਆਪਣੇ ਈਮਾਨ ਦੀ ਸਲਾਮਤੀ ਲਈ ਯਤਨਸ਼ੀਲ ਸੀ। ਆਖ਼ਰ ਬਾਦਸ਼ਾਹੀ ਧੌਂਸ ਅੱਗੇ ਔਰਤ ਜਾਤ ਦੀ ਮਜਬੂਰੀ ਨੇ ਹਥਿਆਰ ਸੁੱਟ ਦਿੱਤੇ। ਨਿਕਾਹ ਤੋਂ ਬਾਅਦ ਉਸ ਦਾ ਨਾਂ ਜ਼ੈਨਬੁਨਿਮਾ ਰੱਖਿਆ ਗਿਆ ਤੇ ਵਜ਼ੀਦ ਖਾਂ ਉਸ ਨੂੰ ਬੇਗਮ ਜ਼ੈਨਾ ਦੇ ਨਾਂ ਨਾਲ ਪੁਕਾਰਦਾ ਰਿਹਾ। ਇਹ ਵੀ ਦੱਸਿਆ ਜਾਂਦਾ ਹੈ ਕਿ ਜ਼ੈਨਾ ਦੀ ਕੁੱਖੋਂ ਵਜ਼ੀਦ ਖ਼ਾਨ ਦੇ ਦੋ ਫ਼ਰਜ਼ੰਦ ਵੀ ਜਨਮੇ।
ਸਮੇਂ ਨੇ ਕਰਵਟ ਲਈ ਲੋਕਾਈ ਦੀ ਦਿਲ ਕੰਬਾਊ ਤੇ ਬੇਨਜ਼ੀਰ ਸ਼ਹਾਦਤ ਨੇ ਸਰਹਿੰਦ ਦੀ ਧਰਤੀ ‘ਤੇ ਆ ਅਲਖ ਜਗਾਈ। ਕਾਜ਼ੀ ਦੇ ਫ਼ਤਵੇ ‘ਤੇ ਕਚਿਹਰੀਆਂ ‘ਚ ਘੜਿਆ ਮਨਸੂਬਾ ਜ਼ੈਨਾ ਦੇ ਕੰਨੀ ਪਿਆ ਤਾਂ ਆਨੰਦਪੁਰੀ ਦੀ ਧਰਤੀ ‘ਤੇ ਤੱਕੀ ਚੰਨ ਅਤੇ ਸੂਰਜ ਵਰਗੇ ਲਾਲਾਂ ਦੀ ਜੋੜੀ ਉਸ ਨੂੰ ਅੱਖਾਂ ਸਾਹਮਣੇ ਅੱਖਾਂ ਮੀਟਦੀ ਪ੍ਰਤੀਤ ਹੋਈ। ਵਕਤ ਨੇ ਭਾਵੇਂ ਭਾਗੋ ਨੂੰ ਸਾਦੇ ਲਿਬਾਸ ਚੋਂ ਕੱਢ ਕੇ ਸ਼ਾਹੀ ਮਹੱਲ ਦੇ ਬਸਤਰਾਂ ‘ਚ ਜ਼ੈਨਾ ਬਣਾ ਕੇ ਲਿਆ ਬੰਨਿ੍ਹਆ ਸੀ ਪਰ ਲਹੂ ‘ਚ ਰਚਿਆ ਆਨੰਦਪੁਰੀ ਦਾ ਜ਼ਮੀਰਪ੍ਰਸਤ ਪ੍ਰਭਾਵ ਜ਼ੈਨਾ ਦੀ ਜ਼ਬਾਨੀ ਬੋਲ ਰਿਹਾ ਸੀ, ”ਅੱਲ੍ਹਾ ਦਾ ਵਾਸਤਾ ਈ ਸਾਈਂਆ। ਸਰਹਿੰਦ ਦੀ ਤਬਾਹੀ ਦੀ ਨੀਂਹ ਹੱਥੀਂ ਨਾ ਚਿਣ। ਤੈਨੂੰ ਬੁਢੱੜੀ ਮਾਂ ਦਾ ਸਰਾਪ ਤਬਾਹ ਕਰ ਸੁੱਟੇਗਾ। ਜੇ ਇਹੋ ਕਲੰਕ ਲਗਵਾਉਣ ਲਈ ਮੈਨੂੰ ਆਪਣੇ ਸੰਗ ਨਿਕਾਹਿਆ ਸੀ ਤਾਂ ਉਦੋਂ ਹੀ ਮੇਰੇ ਲਹੂ ਦਾ ਸੰਧੂਰ ਮੇਰੇ ਮੱਥੇ ਲਾ ਕੇ ਮੇਰੀ ਜ਼ਿੰਦਗੀ ‘ਤੇ ਲੱਗਣ ਵਾਲੀ ਕਾਲਖ਼ ਧੋ ਛੱਡਦਾ ਪਰ ਮੈਂ ਆਹ ਕਹਿਰ…।”
ਉਸ ਨੇ ਈਮਾਨੋ ਦੁਹਾਈ ਦੇ ਕੇ ਵਜ਼ੀਦੇ ਨੂੰ ਰੋ-ਰੋ ਕੇ ਸਮਝਾਇਆ ਪਰ ਹੰਕਾਰਿਆ ਵਜ਼ੀਦਾ ਆਪਣੀ ਕਬਰ ਹੱਥੀਂ ਪੁੱਟਦਾ ਰਿਹਾ ਅੱਧਖਿੜੇ ਫੁੱਲ ਨੀਹਾਂ ‘ਚ ਖ਼ਾਮੋਸ਼ ਹੋ ਗਏ ਧਰਤੀ ਕਲੇਜਿਉਂ ਫਟ ਗਈ। ਠੰਡੇ ਬੁਰਜ ਵਿੱਚ ਮਾਤਾ ਗੁਜਰੀ ਨੂੰ ਖ਼ਬਰ ਮਿਲੀ ਤਾਂ ਉਸ ਦੀ ਆਤਮਾ ਵੀ ਪਰਵਾਜ਼ ਭਰ ਗਈ। ਮਨੁੱਖਤਾ ਧਾਂਹੀ ਰੋਈ ਅੰਬਰ ਨੇ ਲਹੂ ਦੇ ਅੱਥਰੂ ਕੇਰੇ। ਇਸ ਸਮੁੱਚੇ ਸਿਲਸਿਲੇ ਦਾ ਦੁਖਾਂਤ ਕੰਨੀ ਸੁਣ ਕੇ ਜ਼ੈਨਾ ਦੀਆਂ ਅੱਖਾਂ ਬਰਸ ਪਈਆਂ। ਤੇਜ਼ ਸੰਗੀਨ ਕਟਾਰੀ ਆਪਣੇ ਸੀਨੇ ਮਾਰ ਕੇ ਜ਼ੈਨਾ ਨੇ ਆਪਣੇ ਲਹੂ ਨਾਲ ਆਪਣੇ ਸੰਕਲਪ ਦੀਆਂ ਸੁੱਕਦੀਆਂ ਜੜ੍ਹਾਂ ਮੁੜ ਹਰੀਆਂ ਕਰ ਦਿੱਤੀਆਂ। ਨਿਰਜਿੰਦ ਲੋਥ ਸੂਬੇ ਦੇ ਮਹਿਲੀਂ ਛੱਡ ਕੇ ਜ਼ੈਨਾ ਦੀ ਆਤਮਾ ਵੀ ਨਿੱਕੀਆਂ ਜਿੰਦਾ ਦੇ ਮਗਰ ਹੋ ਤੁਰੀ।
ਪਰ ਅੱਜ ਸਮਾਂ ਜਵਾਬ ਮੰਗਦਾ ਹੈ ਕਿ ਕੀ ਵਜ਼ੀਦੇ ਦੇ ਅਨਿਆਂ ਤੋਂ ਬਾਅਦ ਅਸੀਂ ਜ਼ੈਨਾ ਨਾਲ ਨਿਆਂ ਕੀਤਾ ਹੈ? ਜੇ ਨਵਾਬ ਸ਼ੇਰ ਮੁਹਮੰਦ ਮਲੇਰਕੋਟਲਾ ਜਿਸ ਨੇ ਮੁਗ਼ਲਾਂ ਵੱਲੋਂ ਗੁਰੂ ਜੀ ਖ਼ਿਲਾਫ਼ ਲੜੀਆਂ ਤਮਾਮ ਜੰਗਾਂ ‘ਚ ਠੋਕ ਵਜਾ ਕੇ ਹਿੱਸਾ ਲਿਆ। ਜਿਸ ਦੇ ਭਰਾ ਗਨੀ ਖਾਂ ਤੇ ਨਾਹਰ ਖਾਂ ਚਮਕੌਰ ਦੀ ਜੰਗ ‘ਚ ਗੁਰੂ ਖ਼ਿਲਾਫ਼ ਲੜਦੇ ਮਾਰੇ ਗਏ। ਜਿਸ ਨੇ ਸਰਹਿੰਦ ਦੀ ਮਾਰ ਵੇਲੇ ਮਾਝੇ ਦੇ ਸਿੰਘਾਂ ਦੇ ਰੂਪਨਗਰ ਵੱਲੋਂ ਜਾ ਰਹੇ ਜਥੇ ਦਾ ਬਤੌਰ ਸੈਨਾਪਤੀ ਮੁਕਾਬਲਾ ਕੀਤਾ ਅਤੇ ਆਪਣੇ ਦੋ ਭਤੀਜੇ ਇਸ ਮੁਠਭੇੜ ‘ਚ ਮਰਵਾ ਲਏ, ਉਹ ਨਵਾਬ ‘ਹਾਅ ਦਾ ਨਾਅਰਾ’ ਮਾਰਨ ਬਦਲੇ ਸਿੱਖਾਂ ਦੇ ਸਤਿਕਾਰ ਦਾ ਪਾਤਰ ਬਣ ਸਕਦਾ ਹੈ ਤਾਂ ਸਾਕਾ ਸਰਹਿੰਦ ਦੇ ਮੁੱਖ ਖਲਨਾਇਕ ਦੀ ਬੇਗਮ ਦੀ ਹੈਸੀਅਤ ‘ਚ ਗੁਰੂ ਲਾਲਾਂ ਲਈ ਜਾਨ ਵਾਰਨ ਵਾਲੀ ਬੇਗਮ ਜ਼ੈਨਾ ਦੀ ਤਸਵੀਰ ਤਵਾਰੀਖ਼ ‘ਤੇ ਧੁੰਦਲੀ ਕਿਉਂ?
ਜੇ ਨਵਾਬ ਮਲੇਰਕੋਟਲਾ ਦੀ ਯਾਦ ‘ਚ ਅੱਜ ਫਤਹਿਗੜ੍ਹ ਸਾਹਿਬ ਦੀ ਸਰਜ਼ਮੀਨ ‘ਤੇ ਗੇਟ ਉਸਰ ਸਕਦਾ ਹੈ ਤਾਂ ਜ਼ੈਨਾ ਦੇ ਨਾਂ ‘ਤੇ ਕਿਉਂ ਨਹੀਂ? ਸਿੱਖ ਕੌਮ ਨੇ ਹਮੇਸ਼ਾਂ ਬੁਰਿਆਈ ਨੂੰ ਤਿਆਗ ਕੇ ਚੰਗਿਆਈ ਅਪਣਾਉਣ ਵਾਲੇ ਹਰ ਸ਼ਖ਼ਸ ਨੂੰ ਕਲ਼ੇਜੇ ਲਾਇਆ ਹੈ। ਦਸਮ ਪਾਤਸ਼ਾਹ ਨੂੰ ਔਰੰਗਜੇਬ ਦੇ ਜ਼ੁਲਮਾਂ ਦੇ ਪਛਤਾਵੇ ਮਗਰੋਂ ਉਸ ਵੱਲੋਂ ਪ੍ਰਗਟਾਈ ਮਿਲਣ ਦੀ ਇੱਛਾ ਨੂੰ ਨਹੀਂ ਸੀ ਦੁਰਕਾਰਿਆ ਪਰ ਇਸ ਬੁਰਿਆਈ ਦੇ ਖ਼ਿਲਾਫ਼ ਚੰਗਿਆਈ ਦਾ ਝੰਡਾ ਗੱਡਣ ਵਾਲੀ ਜ਼ੈਨਾ ਤਵਾਰੀਖ਼ ਦੇ ਪੰਨਿਆ ਤੋਂ ਗਾਇਬ ਕਿਉਂ? ਬਹੁ-ਚਰਚਿਤ ਫ਼ਿਲਮ ਚਾਰ ਸਾਹਿਬਜ਼ਾਦੇ ‘ਚ ਜ਼ੈਨਾ ਦੇ ਕਿਰਦਾਰ ਨੂੰ ਪੇਸ਼ ਕਰਨਾ ਸ਼ਲਾਘਾਯੋਗ ਉਪਰਾਲਾ ਹੈ ਪਰ ਲਹੂ ਨਾਲ ਕਲੰਕ ਧੋਣ ਵਾਲੇ ਕਿਰਦਾਰ ਨੂੰ ਸਾਕਾ ਸਰਹਿੰਦ ਦੀ ਤਾਰੀਖ਼ੀ ਕੈਨਵਸ ‘ਤੇ ਯੋਗ ਸਥਾਨ ਨਾ ਮਿਲਣਾ ਵੀ ਮੰਦਭਾਗੀ ਗੱਲ ਹੈ।
-ਸ਼ਮਸ਼ੇਰ ਸਿੰਘ ਡੂਮੇਵਾਲ