ਦਿੱਲੀ ਦੇ ਰੋਹਿਣੀ ਇਲਾਕੇ ਅੰਦਰ ਬਣੇ ਗੁਰਦੁਆਰਾ ਸਾਹਿਬ ਤੇ ਐਸ ਡੀ ਐਮ ਨੇ ਲਗਾਈਆਂ ਪਾਬੰਦੀਆਂ

0
171

ਦਿੱਲੀ ਦੇ ਰੋਹਿਣੀ ਇਲਾਕੇ ਅੰਦਰ ਬਣੇ ਗੁਰਦੁਆਰਾ ਸਾਹਿਬ ਤੇ ਐਸ ਡੀ ਐਮ ਨੇ ਲਗਾਈਆਂ ਬੇਤੁੱਕੀਆਂ ਪਾਬੰਦੀਆਂ

ਨਵੀਂ ਦਿੱਲੀ – ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, 21 ਸੈਕਟਰ ਰੋਹਿਣੀ ਵਿਚ ਆਉਣ ਵਾਲੀ ਸੰਗਤ ਦੀ ਸੰਖਿਆ, ਖੁੱਲਣ ਦੇ ਸਮੇਂ ਅਤੇ ਰੌਲੇ ਦੀ ਪਾਬੰਦੀ ਸਬੰਧੀ ਸ਼ਾਹਜ਼ਾਦ ਆਲਮ, ਐੱਸਡੀਐੱਮ ਰੋਹਿਨੀ ਨੇ ਹੁਕਮ ਜਾਰੀ ਕੀਤੇ ਹਨ। ਜਿਸ ਕਾਰਨ ਹੁਣ ਸਿਆਸਤ ਗਰਮਾ ਗਈ ਹੈ। ਇਸ ਹੁਕਮ ਨੂੰ ਗਲਤ ਦੱਸਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਜੀ.ਕੇ ਨੇ ਉਪ ਰਾਜਪਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਦਾ ਇਸ ਪਾਸੇ ਧਿਆਨ ਦਿਵਾਉਣ ਦੀ ਮੰਗ ਕਰਦਿਆਂ ਹੈਰਾਨੀ ਪ੍ਰਗਟਾਈ ਕਿ ਐਸਡੀਐਮ ਨੂੰ ਵੀ ਇਤਰਾਜ਼ ਹੈ ਕਿ ਗੁਰਦੁਆਰਾ ਸਾਹਿਬ ਰਿਹਾਇਸ਼ੀ ਖੇਤਰ ਵਿਚ ਕਿਉਂ ਬਣਾਇਆ ਗਿਆ ਹੈ। ਜੀ.ਕੇ ਨੇ ਉਕਤ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਐਸ.ਡੀ.ਐਮ ਨੇ ਗੁਰਦੁਆਰਾ ਸਾਹਿਬ ਵਿਚ ਇਕ ਸੀਮਤ ਸਮੇਂ ਵਿਚ 10 ਤੋਂ ਵੱਧ ਵਿਅਕਤੀਆਂ ਨੂੰ ਇਕੱਠਾ ਨਾ ਕਰਨ ਦੇ ਨਾਲ ਸ਼ਾਮ 7:15 ਤੋਂ 8:15 ਤੱਕ ਸੀਮਤ ਸਮਾਂ ਸੀਮਾ ਦੌਰਾਨ ਗੁਰਦੁਆਰਾ ਸਾਹਿਬ ਵਿਚ ਬਿਨਾਂ ਮਾਈਕ ਦੀ ਵਰਤੋਂ ਤੋਂ ਬਿਨ੍ਹਾਂ ਗੁਰਦੁਆਰਾ ਸਾਹਿਬ ਖੋਲ੍ਹਣ ਦਾ ਤੁਗਲਕੀ ਹੁਕਮ ਜਾਰੀ ਕੀਤਾ ਹੈ।

ਹਾਲਾਂਕਿ ਗੁਰਦੁਆਰਾ ਸਾਹਿਬ ਐਤਵਾਰ ਨੂੰ ਸਵੇਰੇ 6.45 ਤੋਂ ਸਵੇਰੇ 7.15 ਵਜੇ ਤੱਕ ਖੋਲ੍ਹਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਹਿਲਾ ਸ਼ਰਧਾਲੂਆਂ ਨੂੰ ਵੀਰਵਾਰ ਨੂੰ ਦੁਪਹਿਰ 3:30 ਵਜੇ ਤੋਂ ਸ਼ਾਮ 5:30 ਵਜੇ ਤੱਕ ਬਿਨਾਂ ਮਾਈਕ ਅਤੇ ਸ਼ੋਰ ਸੀਮਾ ਦੇ ਅੰਦਰ ਪਾਠ/ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਜਦਕਿ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਕੋਈ ਸਮਾਂ ਸੀਮਾ ਨਹੀਂ ਹੋਵੇਗੀ।

ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਇਸ ਪਾਬੰਦੀ ਪਿੱਛੇ ਮਾਨਸਿਕਤਾ ਸਮਝ ਤੋਂ ਬਾਹਰ ਹੈ। ਸੁਪਰੀਮ ਕੋਰਟ ਨੇ ਵੀ ਸ਼ੋਰ ਪੱਧਰ ਦੀ ਸੀਮਾ ਤੈਅ ਕੀਤੀ ਹੈ। ਪਰ ਐਸਡੀਐਮ ਦੇ ਹੁਕਮਾਂ ਵਿੱਚ ਇਸ ਦਾ ਕਿਤੇ ਵੀ ਜ਼ਿਕਰ ਨਹੀਂ ਹੈ। ਕੇਵਲ ਗੁਰਦੁਆਰਾ ਸਾਹਿਬ ਬਾਰੇ ਹੀ ਅਜਿਹਾ ਹੁਕਮ ਦੇਣਾ ਦੂਜੇ ਧਰਮਾਂ ਦੇ ਸਥਾਨਾਂ ਅਤੇ ਸਮਾਜਿਕ ਸਮਾਗਮਾਂ ਬਾਰੇ ਚੁੱਪ ਧਾਰਨ ਕਰਨ ਵਾਲੀ ਕਾਰਵਾਈ ਹੈ। ਇਸ ਲਈ ਅਜਿਹੇ ਮਨਮਾਨੇ ਹੁਕਮ ਦੇਣ ਵਾਲੇ ਅਧਿਕਾਰੀ ਦਾ ਤੁਰੰਤ ਤਬਾਦਲਾ ਕੀਤਾ ਜਾਵੇ।

ਜਾਗੋ ਪਾਰਟੀ ਦੇ ਮੁੱਖ ਜਨਰਲ ਸਕੱਤਰ ਡਾ: ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਦਿੱਲੀ ਵਿਚ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਸ਼ੋਰ ਦੀ ਸੀਮਾ 55 ਡੈਸੀਬਲ ਹੈ ਅਤੇ ਰਾਤ 10 ਵਜੇ ਤੋਂ ਬਾਅਦ ਇਹ ਸੀਮਾ 45 ਡੈਸੀਬਲ ਹੈ। ਪਰ ਗੁਰਦੁਆਰਾ ਸਾਹਿਬ ਦੀ ਅਵਾਜ਼ ਨੂੰ ਮਿਣਨ ਤੋਂ ਬਿਨਾਂ ਸੰਗਤ ਦੀ ਗਿਣਤੀ ਅਤੇ ਸਮੇਂ ਬਾਰੇ ਹੁਕਮ ਦੇਣਾ ਅਸੰਭਵ ਹੈ। ਪਹਿਲੀ ਨਜ਼ਰੇ ਇਹ ਬੇਲੋੜਾ ਜਾਪਦਾ ਹੈ ਅਤੇ ਵਿਧਾਨਕ ਆਦੇਸ਼ ਦੀ ਉਲੰਘਣਾ ਕਰਦਾ ਹੈ।

ਇਸ ਦੇ ਨਾਲ ਹੀ ਇਸ ਮਾਮਲੇ ਬਾਰੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਨਵੇਂ ਪ੍ਰਧਾਨ ਪਰਮਜੀਤ ਸਰਨਾ ਦਾ ਕਹਿਣਾ ਹੈ ਕਿ ਇਹ ਗੱਲ ਸੁਣ ਕੇ ਉਹਨਾਂ ਨੂੰ ਬਹੁਤ ਦੁੱਖ ਲੱਗਾ ਹੈ ਕਿ ਸੈਕਟਰ 21 ਦੇ ਰੋਹਿਨੀ ਗੁਰਦੁਆਰਾ ਸਾਹਿਬ ਦੇ ਇਲਾਕੇ ਦੇ ਜੋ ਐੱਸਡੀਐੱਮ ਹਨ ਉਹਨਾਂ ਨੇ ਇਹ ਹੁਕਮ ਜਾਰੀ ਕੀਤਾ ਹੈ ਕਿ ਇਹ ਗੁਰਦੁਆਰਾ ਸਾਹਿਬ ਸਿਰਫ਼ ਐਤਵਾਰ ਨੂੰ ਹੀ ਖੁਲ੍ਹੇਗਾ ਅਤੇ ਬਾਕੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਬੰਦ ਰਹੇਗਾ।

ਉਹਨਾਂ ਕਿਹਾ ਕਿ ਇਹ ਹੁਕਮ ਤਾਲੀਬਾਨੀਆਂ ਵਾਂਗ ਜਾਰੀ ਕੀਤਾ ਗਿਆ ਹੈ ਪਰ ਸਿੱਖ ਇਸ ਹੁਕਮ ਨੂੰ ਕਿਸੇ ਹਾਲਤ ਵਿਚ ਨਹੀਂ ਮੰਨਣਗੇ। ਉਹਨਾਂ ਕਿਹਾ ਕਿ ਉਹਨਾਂ ਨੇ ਇਲਾਕੇ ਦੀ ਸੰਗਤ ਨੂੰ ਇਹ ਹਦਾਇਤ ਦਿੱਤੀ ਹੈ ਕਿ ਜੇ ਕੋਈ ਸਰਕਾਰ ਪਹੁੰਚਦੀ ਹੈ ਤਾਂ ਉਹਨਾਂ ਨੂੰ ਦੱਸਿਆ ਜਾਵੇ ਤੇ ਉਹ ਅਪਣੇ ਵਰਕਰਾਂ ਸਮੇਤ ਉੱਥੇ ਪਹੁੰਚਣਗੇ।

ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹਨਾਂ ਨੇ ਇਹ ਹੁਕਮ ਕਿਹੜੀ ਸਰਕਾਰ ਦੇ ਕਹਿਣ ‘ਤੇ ਦਿੱਤੇ ਹਨ। ਉਹਨਾਂ ਕਿਹਾ ਕਿ ਜੇ ਐੱਸਡੀਐੱਮ ਨੇ ਇਹ ਹੁਕਮ ਅਪਣੀ ਮਰਜ਼ੀ ਨਾਲ ਹੀ ਜਾਰੀ ਕੀਤੇ ਹਨ ਤਾਂ ਉਹਨਾਂ ਨੇ ਅਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਹੈ। ਉਹਨਾਂ ਨੇ ਇਹ ਹੁਕਮ ਜਲਦ ਤੋਂ ਜਲਦ ਵਾਪਸ ਲੈਣ ਦੀ ਮੰਗ ਕੀਤੀ ਹੈ।


ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, 21 ਸੈਕਟਰ ਰੋਹਿਣੀ ਦਿੱਲੀ ਵਿਖੇ ਆਉਣ ਵਾਲੀ ਸੰਗਤ ਦੀ ਗਿਣਤੀ, ਖੁੱਲਣ ਦਾ ਸਮਾਂ ਅਤੇ ਅਵਾਜ਼ ‘ਤੇ ਪਾਬੰਦੀ ਸਬੰਧੀ SDM ਰੋਹਿਣੀ ਨੇ ਫਰਮਾਨ ਜਾਰੀ ਕੀਤਾ ਹੈ….. SDM ਨੂੰ ਇਸ ਗੱਲ ਉਤੇ ਵੀ ਇਤਰਾਜ ਹੈ ਕਿ ਰਿਹਾਇਸ਼ੀ ਇਲਾਕੇ ‘ਚ ਗੁਰਦੁਆਰਾ ਸਾਹਿਬ ਕਿਉਂ ਬਣਿਆ ਹੈ…… SDM ਮੁਤਾਬਿਕ ਗੁਰਦੁਆਰਾ ਸਾਹਿਬ ਐਤਵਾਰ ਹੀ ਸੰਗਤ ਲਈ ਖੁੱਲੇਗਾ ਉਹ ਵੀ ਸੀਮਤ ਸਮੇਂ ਲਈ,….ਧਿਆਨ ਨਾਲ ਦੇਖੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਮੰਦਿਰ ਵੀ ਬਣਿਆ ਹੋਇਆ ਹੈ। ਪਰ SDM ਰੋਹਿਣੀ ਨੇ ਸਿਰਫ ਗੁਰਦੁਆਰਾ ਸਾਹਿਬ ਉਤੇ ਪਾਬੰਦੀ ਲਗਾ ਦਿੱਤੀਆਂ