ਭਾਈ ਅੰਮ੍ਰਿਤਪਾਲ ਸਿੰਘ ਅਤੇ ਵਹੀਰ ਦਾ …

0
1374

ਇਹ ਕੁਮੈਂਟਰੀ ਇਹ ਦੱਸਦੀ ਹੈ ਕਿ ਬੈਂਚਾਂ ਨੂੰ ਬਾਹਰ ਸੁੱਟਣ ਵਾਲੇ ਹੰਕਾਰ ਅਤੇ ਕੱਟੜਪੁਣੇ ਵਿਚ ਹਨ, ਇਲਜ਼ਾਮ ਇਹ ਵੀ ਹੈ ਕਿ ਉਹ ਨਸ਼ੇ ਵਿਚ ਧੁੱਤ ਹਨ (ਕਮਾਲ ਹੈ ਸਪੋਕਸਮੈਨ ਦਾ) । ਸਿੱਖੀ ਤੋਂ ਇਸ ਅਦਾਰੇ ਨੂੰ ਉੱਚੇਚੀ term and condition ਨਾਲ ਵਿਸ਼ੇਸ਼ ਛੂਟ ਮਿਲੀ ਹੈ ਕਿਉਂ ਕਿ ਇਹਨਾਂ ਨੂੰ ਲੱਗਦਾ ਹੈ ਕਿ ਸਿੱਖੀ ਦਾ ਅਸਲ ਚਾਨਣ ਹੀ ਇਹਨਾਂ ਨੂੰ ਹੋਇਆ ਹੈ। ਬੈਂਚਾ ਨੂੰ ਵਰਤਣ ਅਤੇ ਅੰਦਰ ਰੱਖਣ ਵਾਲਿਆਂ ਦੀ ਅਵਸਥਾ ਕੀ ਹੈ ?

ਇਤਿਹਾਸਕ ਗੁਰਦੁਆਰਿਆਂ ਵਿੱਚ ਬੈਂਚ ਨਹੀਂ ਹਨ। ਮੁਸਲਮਾਨ ਬੈਂਚ ਨਹੀਂ ਵਰਤਦਾ। ਮਹੱਲੇ ਵਿੱਚ ਬਹੁਤਾਤ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਆਧੁਨਿਕਤਾ ਦੇ ਪ੍ਰਪੰਚੀ ਘੇਰੇ ਵਿੱਚ ਇਹ ਖੜ੍ਹਾ ਕੀਤਾ ਹੈ।
ਇਹਨਾਂ ਬੈਂਚਾ ‘ਤੇ ਮੈਂ ਕੋਈ ਵਿਰਲਾ ਬਜ਼ੁਰਗ ਹੀ ਬੈਠਾ ਵੇਖਿਆ ਹੈ। ਕੋਟ ਪੈਂਟ ਵਿਚ ਆਏ ਆਪਣੀਆਂ ਸੂਟਾਂ ਦੀਆਂ ਤੈਹਾਂ ਖਰਾਬ ਹੋਣ ਦੇ ਡਰੋਂ ਵੀ ਬੈਂਚਾ ‘ਤੇ ਆਸਣ ਲਾ ਲੈਂਦੇ ਹਨ।

ਕਮੈਂਟਰੀ ਵਿਚ ਸ਼ਬਦੀ ਜਾਲ ਦੀਆਂ ਹੇਰਾਫੇਰੀਆਂ ਗੁਰੂ ਸਾਹਿਬ ਦੇ ਮੱਕਾ ਘੁੰਮਾਉਣ ਨਾਲ ਦਲੀਲ ਤੇ ਉੱਤਰੇ ਹਨ। ਸਿੱਖੀ ਇਕਲੌਤੀ ਸਿਜਦਾ ਹੋਣ ਦਾ ਕਾਰਜ ਹੈ। ਸਿਜਦਾ ਹੋ ਭਗਤੀ ਸ਼ਕਤੀ,ਦੇਗ ਤੇਗ ਦੀ ਅਵਸਥਾ ਦਾ ਇੱਕ ਮਿੱਕ ਹੋਣ ਦਾ ਕਾਰਜ ਹੈ।

ਗੁਰੂ ਸਾਹਬ ਜਦੋਂ ਮੱਕੇ ਦੀ ਸਾਖੀ ਵਰਤਾਉਂਦੇ ਹਨ ਤਾਂ ਇਸ਼ਾਰਾ ਹੈ ਕਿ ਖ਼ੁਦਾ ਹਰ ਥਾਂ ਹੈ। ਇਹਦਾ ਅਰਥ ਇਹ ਨਹੀਂ ਕਿ ਉਹਨਾਂ ਮਸੀਤ ਦੀ ਜਾਂ ਇਬਾਦਤਗਾਹ ਦੀ ਮਹੱਤਤਾ ਖਤਮ ਕਰਤੀ। ਸੁਲਤਾਨਪੁਰ ਲੋਧੀ ਮਸੀਤ ਵਿਚ ਨਮਾਜ਼ ਅਦਾ ਕਰਨ ਦੀ ਸਾਖੀ ਵੀ ਇਹੋ ਹੈ। ਨਮਾਜ਼ ਅਦਾ ਕਰੋ ਪਰ ਉਹਦੀ ਇਕਾਗਰਤਾ ਸਮਝਾਉਣ ਦਾ ਇਸ਼ਾਰਾ ਮੂਲ ਹੈ।

ਧਰਮ ਅਤੇ ਸੱਭਿਆਚਾਰ ਵਿਚ ਇਹਨਾਂ ਗੱਲਾਂ ਦੀ ਸਮਝ ਬਣਾਉਣੀ ਚਾਹੀਦੀ ਹੈ। ਇਹ ਇੱਕਲਾ ਗੁਰੂ ਘਰ ਨਹੀਂ ਘਰ ਘਰ ਦਾ ਅਨੁਸ਼ਾਸਨ ਹੁੰਦਾ ਹੈ। ਜਦੋਂ ਤੁਸੀਂ ਆਪਣੇ ਘਰ ਵਿਚਰਦੇ ਹੋ ਤਾਂ ਕੀ ਬੂਟਾਂ ਸਮੇਤ ਬੈੱਡ ‘ਤੇ ਸੌਂਦੇ ਹੋ ਜਾਂ ਰਸੌਈ ਵਿਚ ਨਹਾਉਂਦੇ ਹੋ। ਹਰ ਕਮਰੇ ਦਾ ਆਪਣਾ ਅਨੁਸ਼ਾਸ਼ਨ ਹੈ। ਹਰ ਘਰ ਵਿੱਚ ਪ੍ਰਾਹੁਣਚਾਰੀ ਦਾ ਆਪਣਾ ਅਨੁਸ਼ਾਸ਼ਨ ਹੈ। ਤੁਸੀਂ ਸਭ ਰੱਲਗੱਡ ਤਾਂ ਨਹੀਂ ਕਰ ਲੈਂਦੇ।

ਸੋ ਜੇ ਦੁਨਿਆਵੀ ਤੌਰ ‘ਤੇ ਤੁਹਾਡੇ ਇਨੇ ਅਨੁਸ਼ਾਸਨ ਹਨ ਤਾਂ ਗੁਰੂ ਘਰ ਦੀ ਤਰਤੀਬ ਦਾ ਵੀ ਆਪਣਾ ਬੰਦੋਬਸਤ ਹੈ। ਤੁਸੀਂ ਆਪਣੀ ਸਹੂਲਤ ਲਈ ਗੁਰਦੁਆਰਿਆਂ ਵਿੱਚ ਆਪਣੀ ਸਹੂਲਤ ਵਾੜ ਲਈ ਹੈ। ਕੀ ਘਰਾਂ ਵਿੱਚ ਪੰਗਤ ਹੁੰਦੀ ਹੈ ? ਇਹ ਗੁਰਦੁਆਰਿਆਂ ਵਿੱਚ ਹੁੰਦੀ ਹੈ।

ਪਹਿਲਾਂ ਅਸੀਂ ਪੰਗਤ ਗਵਾਈ। ਪਾਠ ਆਪਣੀ ਥਾਂਵੇ ਹੁੰਦਾ ਰਹੇ ਪਰ ਤੁਸੀਂ ਟੇਬਲਾਂ ਤੇ ਲੰਗਰ ਟਿਕਾ ਦਿੱਤਾ ਹੈ। ਪੰਗਤ ਦਾ ਭਾਵ ਬਣਾਉਣ ਵਰਤਾਉਣ ਅਤੇ ਛਕਣ ਵਾਲੇ ਦਾ ਭੇਦ ਖਤਮ ਕਰਨਾ ਸੀ। ਇੰਝ ਹੀ ਹੁਣ ਸੰਗਤ ਗਵਾ ਰਹੇ ਹਾਂ।

ਇਹ ਹੁੰਦਾ ਹੈ ਅਤੇ ਪ੍ਰੋਗਰੈਸਿਵ ਕਲਚਰਲ ਸੈੱਟਅਪ ਦੇ ਬਹਾਨੇ ਕੀ ਤੁਸੀਂ ਸਿੱਖੀ ਦੇ ਹਰ ਰੂਪਕ ਨੂੰ ਹੁਣ ਖਤਮ ਕਰਣ ‘ਤੇ ਉੱਤਰੋਗੇ ? ਸਾਡਾ ਮੁਹਾਵਰਾ ਸ਼ਬਦੀ ਰੂਪਕ ਗੁਰਦੁਆਰਾ ਹੈ। ਅਸੀਂ ਇੰਝ ਹੀ ਪ੍ਰਮਾਣਿਤ ਕਰ ਦਿੱਤਾ ਸਵਰਣ ਮੰਦਿਰ!

ਵਿਦੇਸ਼ਾਂ ਵਿਚ ਨਾਮ ਹਨ ਸਿੱਖ ਟੈਂਪਲ ! ਗੁਰਦੁਆਰਾ ਕਿਉਂ ਨਹੀਂ ? ਜੇ ਸਿੱਖ ਟੈਂਪਲ ਨਿਆਂ ਸੰਗਤ ਹੈ ਤਾਂ ਕੱਲ੍ਹ ਨੂੰ ਕੋਈ ਸਿੱਖ ਚਰਚ ਰੱਖੇ ਹੈਰਾਨ ਨਾ ਹੋਇਓ। ਇੰਝ ਹੀ ਸਾਡੇ ਪਾਹੁਲ ਖੰਡੇਧਾਰ ਛੱਕਣਾ ਹੈ। ਇਹਨੂੰ ਬੈਪਟਾਈਸ ਕਹਿਣਾ ਵੀ ਤੁਸੀਂ ਆਪਣੇ ਸ਼ਬਦ ਤੋਂ ਮੁਨਕਰ ਹੋਣ ਵਾਲਾ ਕੰਮ ਕਰਦੇ ਹੋ।

ਇਹ ਹੈ ਉੱਠਿਆ ਆਪ ਨਾ ਜਾਏ ਫਿਟੇ ਮੂੰਹ ਗੋਡਿਆਂ ਦਾ !

ਸਪੋਕਸਮੈਨ ਆਪਣੇ ਬਾਰੇ ਕੀ ਸੋਚਦਾ ਹੈ ? ਤੁਹਾਡੇ ਤੇ ਦੋਸ਼ ਲੱਗਦਾ ਹੈ ਕਿ ਉੱਚਾ ਦਰ ਬਾਬੇ ਨਾਨਕ ਦਾ ਟ੍ਰਸਟ ਦੇ ਨਾਮ ‘ਤੇ ਤੁਸੀਂ ਕਿੰਨਾ ਕੁਝ ਨਿਚੋੜਿਆ ਹੈ ? ਅਸਲ ਵਿੱਚ ਇਹ ਇੰਝ ਹੈ ਕਿ ਤੁਸੀਂ ਰਹਿਣ ਸਹਿਣ ਬਾਕੀ ਤਰਤੀਬ ਤੋਂ ਗੁਰੂ ਵਾਲੇ ਨਹੀਂ ਬਣਨਾ ਸੋ ਤੁਸੀਂ ਇਹ ਧਾਰਿਆ ਹੈ ਕਿ ਗੁਰੂ ਉਲਟਾ ਸਾਡੇ ਵਰਗਾ ਬਣ ਜਾਵੇ!

ਪੰਜਾਬ ਵਿੱਚ ਨਿਵੇਸ਼ ਸਿਰਫ ਉਚਾ ਦਰ ਬਾਬੇ ਨਾਨਕ ਦਾ ਟ੍ਰਸਟ ਵਿਚ ਹੋਣਾ ਚਾਹੀਦਾ ਹੈ। ਧਰਮ ਦੇ ਨਾਮ ‘ਤੇ ਅਜੂਬਾ ਤਿਆਰ ਕਰਦਿਆਂ ਇਸ ਅਦਾਰੇ ਨੇ ਕੀ ਕੀਤਾ ਹੈ ? ਇਹ ਹਾਲ ਦੁਹਾਈ ਧਰਾਤਲ ਤੇ ਨਹੀਂ ਹੈ। ਵਹੀਰ ਨੂੰ ਮੰਡੀਰ ਕਹਿਣਾ,ਤਾਲੀਬਾਨੀ ਕਹਿਣਾ,ਇਹ ਸਿਰਫ ਸੋਸ਼ਲ ਮੀਡੀਆ ‘ਤੇ ਹੈ।
~ ਹਰਪ੍ਰੀਤ ਸਿੰਘ ਕਾਹਲੋਂ Harpreet Singh Kahlon