ਕੁਰਸੀਓ ਕੁਰਸੀ ਮੁੜਕਿਓ ਮੁੜਕੀ

0
422

ਲਗਦਾ ਹੁਣ ਹਫਤਾ ਕੁ ਕੁਰਸੀਆਂ ਈ ਚਲਣਗੀਆਂ ਯਾਣੀ ਹੁਣ ਕੁਰਸੀਆਂ ਦਾ ਵਲਡ ਕਪ ਖੇਡਿਆ ਜਾਊ।

ਬਾਬੇ ਤੋਤੇ ਵਰਗਿਆਂ ਕਿਆਂ ਦੀਆਂ ਵੀ ਗਲਾਂ ਮੁਕੀਆਂ ਜਿਹੀਆਂ ਹੋਈਆਂ ਸਨ ਓਹ ਵਿਚਾਰਾ ਅਪਣੇ ਈ ਚੇਲਿਆਂ ਉਪਰ ਖਿਝੀ ਜਾ ਰਿਹਾ ਸੀ ਕਿ ਮੇਰੀਆਂ ਗਲਾਂ ਬਾਂਸ ਦੀ ਫੂਕ ਵਰਗੀਆਂ ਹੋ ਗਈਆਂ ਜਿਹੜੀਆਂ ਟਿਕਦੀਆਂ ਹੀ ਨਹੀ ਕਿਤੇ ਯਾਣੀ ਹਵਾ ਤਰਾਂ ਹੀ ਲੰਘੀ ਜਾਦੀਆਂ। ਪਰ ਹੁਣ ਥੋੜੀ ਜਿਹੀ ਹਰਿਆਲੀ ਦਿਸਦੀ ਜਾਪਦੀ ਉਸ ਦੇ ਮੂੰਹ ਤੇ। ਓਹ ਵੀ ਕੁਰਸੀਓ ਕੁਰਸੀ ਹੋਇਆ ਲਿਪਸਟਿਕ ਵਾਲੇ ਬੁਲਾਂ ਵਿਚਦੀ ਮੁਸਕੜੀਏ ਜਿਹੀ ਹਸਣ ਲਗ ਪਿਆ ਅਤੇ ਪਾਸੇ ਜਿਹੇ ਮਾਰ ਮਾਰ ਚਟਖਾਰੇ ਲੈਣ ਲਗ ਗਿਆ।

ਓਧਰ ਗੋਲਡਮੈਡ ਲਿਸਟਾਂ ਦੇ ਖੇਮੇ ਵਿਚ ਵਿਚ ਵੀ ਥੋੜੀ ਰੌਣਕ ਜਾਪ ਰਹੀ। ਬਾਕੀ ਸਾਰਾ ਗਿਆਨ ਛਡ ਕੇ ਓਹਨਾ ਦਾ ਜੋਰ ਵੀ ਕੁਰਸੀਆਂ ਕੁਰਸੀਆਂ ਖੇਡਣ ਤੇ ਲਗਾ ਵਿਆ। ਬਾਕੀ ਤਾਂ ਪਤਾ ਨਹੀ ਪਰ ਅੰਮ੍ਰਿਤਪਾਲ ਆਕਸੀਜਨ ਜਿਹੀ ਦੇ ਗਿਆ ਬਿਮਾਰ ਜਿਹੀ ਪਈ ਜਿੰਦ ਨੂੰ। ਵੇਰਕੇ ਵਾਲਾ ਦੇਸੀ ਘਿਓ ਪੀਤੇ ਤਰਾਂ ਰਾਤੋ ਰਾਤ ਡੌਲੇ ਫਰਕ ਆਏ ਗਿਆਨੀਆਂ ਦੇ।

ਤੋਤੇ ਕਿਆਂ, ਕਾਮਰੇਡਾਂ ਅਤੇ ਗੋਲਡਮੈਡ ਲਿਸਟਾਂ ਨੂੰ ਇਕ ਸਾਂਝਾ ਦੁਸ਼ਮਣ ਮਿਲ ਗਿਆ ਹੈ ਖੇਡਣ ਨੂੰ ਯਾਣੀ ਕੁਰਸੀਓ ਕੁਰਸੀ ਹੋਣ ਨੂੰ। ਓਹ ਹੁਣ ਇਕ ਦੂਏ ਦੀਆਂ ਪੰਜਾਮੀਆਂ ਖਿੱਚਣ ਦੀ ਬਜਾਇ ਸਾਝੇਂ ਦੁਸ਼ਮਣ ਨਾਲ ਮੁੜਕੋ ਮੁੜਕੀ ਹੋਏ ਆਪਸ ਵਿਚੀਂ ਘਿਓ ਖਿਚੜੀ ਜਾਪ ਰਹੇ ਨੇ।

ਕੁਰਸੀਓ ਕੁਰਸੀ ਦੀ ਇਸ ਲੜਾਈ ਵਿਚ ਸਰਕਾਰ ਅਪਣਾ ਦਾਅ ਲਾ ਰਹੀ ਐ। ਲੋਕ ਬੇਘਰੇ ਹੋ ਰਹੇ ਨੇ। ਭਈਆਂ ਦੀਆਂ ਧਾੜਾਂ ਟਿੱਡੀ ਦਲ ਤਰਾਂ ਪੰਜਾਬ ਉਪਰ ਚੜੀਆਂ ਆ ਰਹੀਆਂ ਨੇ। ਨਸ਼ਿਆਂ ਦਾ ਦਰਿਆ ਓਵੇਂ ਹੀ ਛਲਾਂ ਮਾਰ ਰਿਹਾ ਹੈ। ਨਿਆਣੇ ਡੁਬ ਰਹੇ ਨੇ, ਜਵਾਨੀ ਰੁੜ ਰਹੀ ਹੈ ਪਰ ਕੁਰਸੀਆਂ ਵਾਲਿਆਂ ਦਾ ਜੋਰ ਜੋਰਾਂ ਉਪਰ ਹੈ। ਕੁਰਸੀਆਂ ਵਾਲੇ ਕੁਰਸੀ ਕੁਰਸੀ ਖੇਡ ਕੇ ਢਠੇ ਘਰਾਂ ਵਾਲਿਆਂ ਕੋਲੇ ਵੀ ਜਾ ਪਹੁੰਚੇ ਨੇ ਇਹ ਹਾਲੇ ਤਕ ਕੁਰਸੀ ਦੀਆਂ ਲਤਾਂ ਧੂਹੀ ਫਿਰ ਰਹੇ ਨੇ।

ਵੈਨਕੋਵਰ ਬੜੇ ਚਿਰ ਦੀ ਗਲ ਹੈ। ਮੈਂ ਗੁਰਦੁਆਰੇ ਜਾ ਰਹਿਆ ਸੀ ਰਸਤੇ ਵਿਚ ਬਜੁਰਗ ਇਕ ਨੂੰ ਵੀ ਉਧਰ ਤੁਰਿਆ ਜਾਂਦੇ ਦੇਖ ਮੈਂ ਉਸ ਨੂੰ ਗਡੀ ਵਿਚ ਬੈਠਾ ਲਿਆ ਕਿ ਚਲ ਛਡ ਦਿੰਨਾ। ਪਰ ਬੈਠਦੇ ਸਾਰ ਹੀ ਉਸ ਦੀ ਪੀਤੀ ਸ਼ਰਾਬ ਦਾ ਫਰਾਟਾ ਜਦ ਸਿਰ ਨੂੰ ਚੜਿਆ ਤਾਂ ਮੈਂ ਪੁਛਿਆ ਬਾਬਾ ਪੀਤੀ ਤੇ ਗੁਰੂ ਘਰ ਚਲਿਆਂ? ਤਾਂ ਓਹ ਬੜੀ ਬੇਸ਼ਰਮੀ ਨਾਲ ਕਹਿੰਦਾ ਮੈਂ ਕਿਹੜਾ ਉਪਰ ਜਾਣਾ ਹੇਠੋਂ ਲੰਗਰ ਵਿਚੋਂ ਹੀ ਮੁੜ ਆਓਂਣਾ। ਮੈਂ ਗਡੀ ਰੋਕ ਕੇ ਉਸ ਨੂੰ ਕਿਹਾ ਛੇਤੀ ਉਤਰ ਮੇਰੀ ਗਡੀ ਵਿਚੋਂ ਨਹੀ ਤਾਂ ਧਕੇ ਮਾਰ ਕੇ ਲਾਹੂੰ।

ਅਤੇ ਕੁਰਸੀਆਂ ਤਪੜਾਂ ਦੀ ਓਥੇ ਦੀ ਲੜਾਈ ਸਮੇ ਓਹੀ ਬੁਢੇ ਕਾਮਰੇਡਾਂ ਸਭ ਤੋਂ ਮੂਹਰੇ ਲਾਏ ਹੋਏ ਸਨ ਖੁਰਪੇ ਫੜਾ ਕੇ। ਇਹ ਵਖਰੀ ਗਲ ਕਿ ਓਹੀ ਖੁਰਪਾ ਜਦ ਕਾਮਰੇਡਾਂ ਦੇ ਵਰਿਆ ਤਾਂ ਚਿਟੀ ਬਰਫ ਉਤੋਂ ਦੀ ਲਾਲ ਤਤੀਰੀਆਂ ਛੁਟਦੀਆਂ ਜਾਂਦੀਆਂ ਦੇਖਣ ਵਾਲੀਆਂ ਸਨ।

ਟਰੱਕ ਐਕਸੀਡੈਂਟ ਵਿਚ ਮੇਰੀ ਟੁਟੀ ਹਿਪ ਰਿਪਲੇਸ ਹੋਣ ਕਾਰਨ ਮੇਰੇ ਕੋਲੋਂ ਨਾ ਬਹੁਤਾ ਹੇਠਾਂ ਬੈਠ ਹੁੰਦਾ ਨਾ ਚੌਕੜੀ ਵਜਦੀ ਪਰ ਮੇਰਾ ਹੌਸਲਾ ਤਾਂ ਕਦੇ ਨਹੀ ਪਿਆ ਕਿ ਮੈਂ ਪਿਛੇ ਲਗੇ ਬੈਂਚਾਂ ਤੇ ਜਾ ਬੈਠਾਂ।
ਯਾਦ ਰਹੇ ਮੂਰਤਾਂ ਪਹਿਲਾਂ ਕਾਗਜਾਂ ਤੋਂ ਸ਼ੁਰੂ ਹੋਈਆਂ ਸਨ ਪਰ ਓਹ ਬਿਮਾਰੀ ਅਜ ਬੁਤਾਂ ਦਾ ਰੂਪ ਲੈ ਚੁਕੀ ਹੋਈ। ਅਜ ਗਦਿਆਂ ਵਾਲੇ ਬੈਚਾਂ ਦਾ ਰੂਪ ਪਹਿਲਾਂ ਛੋਟੇ ਜਿਹੇ ਟੂਲਾਂ ਤੋਂ ਸ਼ੁਰੂ ਹੋਇਆ ਸੀ ਅਤੇ ਅਜ ਵਿਆਹ ਵੇਲੇ ਲਾੜੀ ਲਾੜੇ ਵੀ ਕੁਰਸੀਆਂ ਭਾਲਣ ਲਗ ਗਏ ਨੇ।

ਬਿਮਾਰੀ ਸ਼ੁਰੂ ਹੁੰਦੇ ਸਾਰ ਮਹਾਂਮਾਰੀ ਨਹੀ ਹੁੰਦੀ। ਸਾਹ ਘੁਟ ਸੁਟਣ ਵਾਲੀ ਟੀ ਬੀ ਤਾਂ ਛੋਟੀ ਜਿਹੀ ਖੰਘ ਤੋਂ ਚਲਦੀ।

ਮੇਰੇ ਪੈਰ ਠਰਦੇ ਨੇ ਮੈਨੂੰ ਦਰਬਾਰ ਸਾਹਿਬ ਜੁਰਾਬਾਂ ਕਿਓਂ ਨਾ ਪਾਓਂਣ ਦਿਤੀਆਂ ਜਾਣ। ਮੇਰੇ ਕੋਲੋਂ ਤੁਰ ਨਹੀ ਹੁੰਦਾ ਨੰਗੇ ਪੈਰੀਂ ਮੈਨੂੰ ਪਰਕਰਮਾ ਵਿਚ ਰਬੜ ਦੇ ਬੂਟਾਂ ਦੀ ਛੋਟ ਹੋਣੀ ਚਾਹੀਦੀ। ਮੇਰੇ ਗੋਡੇ ਦੁਖਦੇ ਮੈਨੂੰ ਕੁਰਸੀ ਚਾਹੀਦੀ। ਮੇਰੇ ਪੁੜੇ ਦੁਖਦੇ ਮੈਨੂੰ ਗੱਦੀ ਵਾਲੀ ਕੁਰਸੀ ਚਾਹੀਦੀ। ਮੈਂ ਲਤਾਂ ਨਹੀ ਲਮਕਾ ਕੇ ਬੈਠ ਸਕਦਾ ਮੈਨੂੰ ਸੋਫਾ ਚਾਹੀਦਾ। ਯਾਣੀਂ ਇਹ ਸਭ ਮੈਂ ਕਹਿ ਸਕਦਾਂ। ਜਦ ਅੰਦਰ ਅਦਬ ਰਿਹਾ ਹੀ ਨਾ ਤਾਂ ਕੁਝ ਵੀ ਢੁਚਰ ਡਾਹੀ ਜਾ ਸਕਦੀ ਪਰ ਮੈਂ ਕਹਿੰਨਾ ਮੇਰੀ ਲਾਸ਼ ਖੁਣੋਂ ਥੁੜਿਆ ਹੀ ਕੀ ਸੀ ਗੁਰੂ ਘਰ ਦਾ ਮੈਨੂੰ ਸਿਧਾ ਮੜੀਆਂ ਵਿਚ ਹੀ ਕਿਓਂ ਨਾ ਸੁਟ ਆਓ ਜਬ ਨਿਬੜੇ ਵਿਚੋਂ।
ਤੁਸੀਂ ਕਹਿ ਸਕਦੇਂ ਕਿ ਜਿਹੜੇ ਬਾਕੀ ਬੇਅਦਬ? ਮੈਂ ਕਹਿੰਨਾ ਜੋਰ ਚਲਦਾ ਤਾਂ ਓਹ ਵੀ ਸੁਟ ਆਓ।

ਸੁਣਾਇਆ ਤਾਂ ਮੈਨੂੰ ਚਰਖੜੀਆਂ ਤੇ ਚੜਨਾ ਜਾ ਰਿਹਾ ਹੁੰਦਾ, ਗਲ ਤਾਂ ਮੈਨੂੰ ਆਰਿਆਂ ਹੇਠ ਸਿਰ ਦੇਣ ਵਾਲਿਆਂ ਦੀ ਦਸੀ ਜਾ ਰਹੀ ਹੁੰਦੀ ਹੈ ਪਰ ਦਸਣ ਵਾਲਾ ਹੀ ਅਜ ਦਸ ਰਿਹਾ ਕਿ ਜੀ ਇਸ ਦੇ ਗੋਡੇ ਦੁਖਦੇ ਇਸ ਨੂੰ ਕੁਰਸੀ ਦਿਓ।

ਮੈਂ ਕੁਝ ਪਲ ਜੇ ਇਨਾ ਹੀ ਸੈਕਰੀਫਾਈ ਨਹੀ ਕਰ ਸਕਦਾ ਕਿ ਗੁਰਾਂ ਦੇ ਅਦਬ ਵਜੋਂ ਥੋੜਾ ਔਖਾ ਹੋ ਕੇ ਹੇਠਾਂ ਬੈਠ ਲਾਂ ਤਾਂ ਰਹਿਣ ਦਿਆਂ। ਘਰੇ ਸੋਫੇ ਤੇ ਠੀਕ ਹਾਂ।
ਐਵੇਂ ਨਾ ਝਖਾਂ ਤੇ ਉਤਰ ਆਇਓ ਕਿ ਬਾਬਿਆਂ ਦੇ ਗਦੇ। ਬਾਬਿਆਂ ਦੀਆਂ ਗਦੀਆਂ ਜਾਂ ਗਦੇ ਮੇਰੀ ਕੁਰਸੀ ਨੂੰ ਜਸਟੀਫਾਈ ਨਹੀ ਕਰਦੀਆਂ। ਓਨਾ ਮਸੰਦਾਂ ਵੰਨੀ ਵੀ ਹੋਣਾ ਚਾਹੀਦਾ ਕਿਓਂ ਨਹੀ ਹੋਣਾ ਚਾਹੀਦਾ ਅਤੇ ਸਭ ਨੂੰ ਰਲਕੇ ਹੋਣਾ ਚਾਹੀਦਾ ਪਰ ਜਸਟੀਫਾਈ ਨਹੀ ਕਰਨਾ ਬਣਦਾ ਕਿ ਜੇ ਓਨਾ ਦੀਆਂ ਨਹੀ ਚੁਕਾਈਆਂ ਤਾਂ ਮੇਰੀਆਂ ਸਹੀ ਨੇ। ਸਭ ਤੁਰਨ ਤਾਕਤਵਰ ਹੋ ਕੇ ਅਤੇ ਜੇ ਤੁਰ ਪਏ ਤਾਂ ਗਦੀਆਂ ਵਾਲੇ ਮਸੰਦ ਤਾਂ ਇਓਂ ਨਹੀ ਲਭਣੇ ਜਿਵੇਂ ਗਧੇ ਦੇ ਸਿਰ ਤੋਂ ਸਿੰਗ।

ਗੁਰਦੇਵ ਸਿੰਘ ਸੱਧੇਵਾਲੀਆ