ਭੋਏਵਾਲ (ਮਜੀਠਾ) 25 ਨਵੰਬਰ “ਵਾਰਿਸ ਪੰਜਾਬ ਦੇ” ਜਥੇਬੰਦੀ ਦੇ ਆਗੂਆਂ ਨੇ ਅੱਜ ਅਕਾਲੀ ਦਲ ਬਾਦਲ ਅਤੇ ਸ਼ਿਵ ਸੈਨਾ ਗੱਠਜੋੜ ਦੇ ਮੁੱਖ ਆਗੂ ਬਿਕਰਮਜੀਤ ਮਜੀਠੀਆ ਦੇ ਬਿਆਨ ਦੀ ਨਿਖੇਧੀ ਕੀਤੀ ਜਿਸ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ “ਵਾਰਿਸ ਪੰਜਾਬ ਦੇ” ਦੱਸਿਆ ਹੈ। ਜਥੇਬੰਦੀ ਵੱਲੋ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਅਤੇ ਭਾਈ ਕੁਲਵੰਤ ਸਿੰਘ ਰਾਊਕੇ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਬਿਨਾਂ ਸ਼ੱਕ ਪੰਜਾਬ ਦਾ ਹਰ ਜੰਮਪਲ “ਵਾਰਿਸ ਪੰਜਾਬ ਦਾ” ਹੈ ਤੇ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਤੇ ਜਥੇਬੰਦੀ ਦੇ ਮੁਖੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨਾਲ ਡੱਟ ਕੇ ਖੜਾ ਹੈ। ਪਰ ਕੋਈ ਵੀ ਉਹ ਵਿਆਕਤੀ ਆਪਣੇ ਆਪ ਨੂੰ ਪੰਜਾਬ ਦਾ ਵਾਰਿਸ ਹੋਣ ਦਾ ਦਾਹਵਾ ਨਹੀਂ ਕਰ ਸਕਦਾ ਜਿਸ ਉਤੇ ਚਿੱਟੇ ਦੇ ਕਾਰੋਬਾਰ ਦੇ ਦੋਸ਼ ਹੋਣ ਤੇ ਅਜਿਹੇ ਕੁਕਰਮ ਲਈ ਜੇਲ ਕੱਟ ਚੁੱਕਾ ਹੋਵੇ। ਭਾਈ ਬੁੱਕਣਵਾਲਾ ਨੇ ਕਿਹਾ ਕਿ ਪੰਜਾਬ ਜਿਹੀ ਮਹਾਨ ਧਰਤੀ ਅਤੇ ਸੱਭਿਅਤਾ ਦੇ ਵਾਰਿਸ ਹੋਣਾ ਅਤਿ ਮਾਣ ਵਾਲੀ ਗੱਲ ਹੈ । ਪਰ ਕੋਈ ਵਿਅਕਤੀ ਜਾਂ ਪਰਿਵਾਰ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਗੁਰਸਿੱਖਾਂ ਦੇ ਕਤਲੇਆਮ ਦਾ ਦੋਸ਼ੀ ਹੋਵੇ, ਉਹ ਪੰਜਾਬ ਦਾ ਵਾਰਿਸ ਅਖਵਾਉਣ ਦਾ ਅਧਿਕਾਰੀ ਨਹੀਂ। ਭਾਈ ਰਾਊਕੇ ਨੇ ਕਿਹਾ ਕਿ ਅਸੀਂ ਮਜੀਠੀਆ ਨੂੰ ਅਸਲ ਅਕਾਲੀ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੇ ਕਹੇ ਬਚਨ ਯਾਦ ਕਰਾਉਂਦੇ ਹਾਂ । ਜਿੰਨ੍ਹਾਂ ਨੇ ਕਿਹਾ ਸੀ ਕਿ “ਅਸਲ ਪੰਜਾਬੀ ਉਹ ਹੈ ਜਿਹੜਾ ਸੱਚੀਓਂ ਅਣਖ਼ ਦੀ ਜ਼ਿੰਦਗੀ ਜੀਉਣ ਲਈ ਤੜਫ਼ਦਾ ਹੈ”।
ਸੱਤਾ ਲਈ ਹਰ ਤਰਾਂ ਦਾ ਸਮਝੌਤਾ ਕਰਨ ਵਾਲੇ ਪੰਜਾਬ ਦੇ ਵਾਰਿਸ ਨਹੀਂ ਹੋ ਸਕਦੇ।
ਜਥੇਬੰਦੀ ਦੇ ਆਗੂਆਂ ਨੇ ਸ਼ਿਵ ਸੈਨਾ ਤੇ ਅਕਾਲੀ ਦਲ ਬਾਦਲ ਗੱਠਜੋੜ ਦੇ ਆਗੂਆਂ ਨੂੰ ਕੁੜਤਣ ਭਰੀ ਬਿਆਨਬਾਜੀ ਤੋਂ ਸੰਕੋਚ ਕਰਨ ਦੀ ਵੀ ਤਾੜਨਾ ਕੀਤੀ ਹੈ । ਉਨ੍ਹਾਂ ਕਿਹਾ ਕਿ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਇਸ ਸਮੇਂ ਧਰਮ ਪ੍ਰਚਾਰ ਲਈ ਖਾਲਸਾ ਵਹੀਰ ਵਿਚ ਰੁੱਝੇ ਹੋਏ ਹਨ । ਅੱਜ ਉਹ ਨਸ਼ਿਆਂ ਦੀ ਮਾਰ ਹੇਠਲੇ ਮਜੀਠਾ ਹਲਕਾ ਦੇ ਪਿੰਡ ਭੋਏਵਾਲ ਵਿਚ ਪਹੁੰਚ ਰਹੇ ਹਨ ਸੋ ਨਸ਼ੇ ਦੇ ਵਪਾਰੀ ਉਨ੍ਹਾਂ ਤੇ ਘਟੀਆ ਪੱਧਰ ਦੇ ਸ਼ਬਦੀ ਹਮਲੇ ਕਰ ਰਹੇ ਹਨ, ਜਿਨ੍ਹਾਂ ਦਾ ਉਹ ਜਵਾਬ ਦੇਣਾ ਵੀ ਭਾਈ ਸਾਹਿਬ ਜਰੂਰੀ ਨਹੀਂ ਸਮਝਦੇ। ਪਰ ਅਜਿਹੀ ਕੁੜਤਣ ਭਰੀ ਬਿਆਨਬਾਜੀ ਸਿੱਖਾਂ ਦੇ ਹਿਰਦਿਆ ਨੂੰ ਠੇਸ ਪਹੁੰਚਾਉੰਦੀ ਹੈ, ਭਾਈ ਅਮ੍ਰਿਤਪਾਲ ਸਿੰਘ ਖਾਲਸਾ, ਸ੍ਰੋਮਣੀ ਅਕਾਲੀ ਦਲ ਦੇ ਪੰਥਕ ਕਾਰਕੁੰਨਾਂ ਨਾਲ ਆਪਸੀ ਸਾਂਝ ਤੇ ਪਰਸਪਰ ਪ੍ਰੇਮ ਦੀ ਇੱਛਾ ਰੱਖਦੇ ਹਨ। ਪਰ ਦਲ ਤੇ ਕਾਬਜ ਪਰਿਵਾਰ ਦੇ ਕੁਝ ਇਕ ਜੀਆਂ ਵੱਲੋਂ ਕੀਤੀ ਜਾ ਰਹੀ ਅਜਿਹੀ ਕੁੜਤਣ ਵਾਲੀ ਬਿਆਨਬਾਜੀ ਸਿੱਖਾਂ ਵਿਚ ਆਪਸੀ ਫੁੱਟ ਦਾ ਕਾਰਨ ਬਣਦੀ ਹੈ। ਅਕਾਲੀ ਆਗੂਆਂ ਨੂੰ ਮੀਰੀ ਪੀਰੀ ਦੇ ਅਕਾਲੀ ਸਿਧਾਂਤ ਖਿਲਾਫ ਬਿਆਨ ਨਹੀਂ ਦੇਣੇ ਚਾਹੀਦੇ।
ਇਸ ਮੌਕੇ ਹੋਰਨਾਂ ਤੋ ਇਲਾਵਾ ਭਾਈ ਲਵਪ੍ਰੀਤ ਸਿੰਘ ਤੂਫ਼ਾਨ ਜਿਲ੍ਹਾ ਪ੍ਰਧਾਨ ਗੁਰਦਾਸਪੁਰ, ਭਾਈ ਗੁਰਪ੍ਰੀਤ ਸਿੰਘ ਜਿਲ੍ਹਾ ਪ੍ਰਧਾਨ ਤਰਨਤਾਰਨ, ਭਾਈ ਅਮਨਦੀਪ ਸਿੰਘ ਜਿਲ੍ਹਾ ਪ੍ਰਧਾਨ ਫਰੀਦਕੋਟ, ਭਾਈ ਹਰਮੇਲ ਸਿੰਘ ਜੋਧੇ ਜਿਲ੍ਹਾ ਪ੍ਰਧਾਨ ਯੂਥ ਅਕਾਲੀ (ਅ) ਅੰਮ੍ਰਿਤਸਰ, ਭਾਈ ਗੁਰਮੇਜ ਸਿੰਘ ਗੁਰ ਔਜਲਾ ਅਤੇ ਭਾਈ ਜਗਮੋਹਣ ਸਿੰਘ ਜੱਗਾ ਮੌਜੂਦ ਸਨ।
ਜਾਰੀ ਕਰਤਾ : ਵਾਰਿਸ ਪੰਜਾਬ ਦੇ