ਸੰਸਾਰ ਯੁੱਧਾਂ ‘ਚ ਅੰਗਰੇਜ਼ ਦੀ ਕਮਾਂਡ (ਕੌਮਨਵੈਲਥ) ਹੇਠ ਲੜ ਕੇ ਸ਼ਹੀਦ ਹੋਏ ਫ਼ੌਜੀਆਂ ਨੂੰ ਯਾਦ ਕਰਨ ਦਾ ਦਿਨ

0
274

11 ਨਵੰਬਰ ਦਾ ਦਿਨ – ਕਿਨ੍ਹਾਂ ਨੂੰ ਯਾਦ ਕਰੀਏ, ਅੰਗਰੇਜ਼ਾਂ ਲਈ ਲੜਨ ਵਾਲਿਆਂ ਨੂੰ ਜਾਂ ਅੰਗਰੇਜ਼ਾਂ ਨਾਲ ਲੜਨ ਵਾਲਿਆਂ ਨੂੰ?

ਅੱਜ ਰਿਮੈਂਬਰਸ ਡੇਅ ਮਨਾਇਆ ਜਾ ਰਿਹਾ। ਸੰਸਾਰ ਯੁੱਧਾਂ ‘ਚ ਅੰਗਰੇਜ਼ ਦੀ ਕਮਾਂਡ (ਕੌਮਨਵੈਲਥ) ਹੇਠ ਲੜ ਕੇ ਸ਼ਹੀਦ ਹੋਏ ਫ਼ੌਜੀਆਂ ਨੂੰ ਯਾਦ ਕਰਨ ਦਾ ਦਿਨ। #LestWeForget

ਦੋਵੇਂ ਸੰਸਾਰ ਯੁੱਧਾਂ ‘ਚ ਹਜ਼ਾਰਾਂ ਸਿੱਖਾਂ ਨੇ ਯੂਰਪ ਅਤੇ ਉੱਤਰੀ ਅਮਰੀਕਾ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ, ਬਲਕਿ ਸੂਰਮਗਤੀ ਦੇ ਇਤਿਹਾਸ ਸਿਰਜੇ। ਕੁਝ ਨਾਮ ਯਾਦ ਰੱਖੇ ਗਏ, ਕੁਝ ਸਮੇਂ ਦੀ ਧੁੱਦਲ ‘ਚ ਗਵਾਚ ਗਏ।

ਕੈਸੀ ਤ੍ਰਾਸਦੀ ਸੀ ਕਿ ਇੱਕ ਪਾਸੇ ਦਸਤਾਰਾਂ ਵਾਲੇ ਅੰਗਰੇਜ਼ ਅਤੇ ਉਸਦੇ ਸਾਥੀਆਂ ਦੀ ਆਜ਼ਾਦੀ ਲਈ ਲੜ ਰਹੇ ਸਨ ਤੇ ਜਾਨਾਂ ਵਾਰ ਰਹੇ ਸਨ, ਦੂਜੇ ਪਾਸੇ ਦਸਤਾਰਾਂ ਵਾਲੇ ਹੀ ਦੱਖਣੀ ਏਸ਼ੀਆ ‘ਚ ਅੰਗਰੇਜ਼ ਤੋਂ ਆਜ਼ਾਦ ਹੋਣ ਲਈ ਅੰਗਰੇਜ਼ ਖਿਲਾਫ ਲੜ ਰਹੇ ਸਨ, ਫਾਹੇ ਲੱਗ ਰਹੇ ਸਨ।

ਆਪਣੀ ਆਜ਼ਾਦੀ ਲਈ ਲੜਨ ਵਾਲੇ ਦਸਤਾਰਾਂ ਵਾਲਿਆਂ ਦੇ ਪਵਿੱਤਰ ਗੁਰਧਾਮ ਢਾਹੁਣ ਵਿੱਚ ਅੰਗਰੇਜ਼ ਨੇ ਚੌਰਾਸੀ ‘ਚ ਇੰਦਰਾ ਦਾ ਸਾਥ ਦਿੱਤਾ। ਹੁਣ ਤੱਕ ਅੰਗਰੇਜ਼ ਵੱਲੋਂ ਆਜ਼ਾਦੀ ਮੰਗਦੇ ਦਸਤਾਰਾਂ ਵਾਲਿਆਂ ਨੂੰ ਭਾਰਤ ਨਾਲ ਰਲ ਕੇ ਖੱਜਲ ਕੀਤਾ ਜਾ ਰਿਹਾ।

ਸੱਚ ਤਾਂ ਇਹ ਹੈ ਕਿ ਭਾਰਤੀ ਹਾਕਮ ਵੀ ਜਿਹੜੀ ਨੀਤੀ ਨਾਲ ਦਸਤਾਰਾਂ ਵਾਲਿਆਂ ਨੂੰ ਕੁਚਲ ਰਹੇ ਹਨ, ਉਸਦੀ ਬੁਨਿਆਦ ਵੀ ਅੰਗਰੇਜ਼ ਹੀ ਰੱਖ ਕੇ ਗਏ ਹੋਏ ਹਨ, ਜਿਵੇਂ ਕਿ ਬੋਲੀ ਖਤਮ ਕਰਨਾ, ਸਿੱਖਾਂ ਹੱਥੋਂ ਤਲਵਾਰ ਛੁਡਾ ਕੇ ਮਾਲਾ ਫੇਰਨ ਵਾਲਿਆਂ ਵੱਲ ਤੋਰਨਾ।

ਇੱਥੇ ਹੀ ਬੱਸ ਨਹੀਂ, ਜਿਨ੍ਹਾਂ ਮੁਲਕਾਂ ਦੀ ਆਜ਼ਾਦੀ ਲਈ ਦਸਤਾਰਾਂ ਵਾਲੇ ਜਾਨਾਂ ਵਾਰ ਗਏ, ਕੁਝ ਸਾਲ ਪਹਿਲਾਂ ਉਨ੍ਹਾਂ ਹੀ ਕਈ ਮੁਲਕਾਂ ‘ਚ ਦਸਤਾਰਾਂ ‘ਤੇ ਪਾਬੰਦੀਆਂ ਲਾਈਆਂ ਗਈਆਂ। ਕਿਆ ਇਨਾਮ ਦਿੱਤਾ!

11 ਨਵੰਬਰ ਦਾ ਇਹ ਦਿਨ ਮੇਰੇ ਲਈ ਹਮੇਸ਼ਾ ਤਕਲੀਫਦੇਹ ਹੁੰਦਾ ਕਿ ਕਿਨ੍ਹਾਂ ਨੂੰ ਯਾਦ ਕਰਾਂ? ਅੰਗਰੇਜ਼ਾਂ ਲਈ ਲੜਨ ਵਾਲਿਆਂ ਨੂੰ ਜਾਂ ਅੰਗਰੇਜ਼ਾਂ ਨਾਲ ਲੜਨ ਵਾਲਿਆਂ ਨੂੰ?

ਜਦ ਤੱਕ ਸੋਚ ਦਾ ਕੋਈ ਹੋਰ ਰਾਹ ਨਹੀਂ ਖੁੱਲ੍ਹਦਾ, ਇਹੀ ਨਿਸ਼ਚਾ ਕੀਤਾ ਕਿ ਦੋਵਾਂ ਨੂੰ ਯਾਦ ਕਰ ਲਿਆ ਕਰਾਂ। ਦੋਵਾਂ ਦੇ ਮਨ ਵਿੱਚ ਮਾੜੀ ਭਾਵਨਾ ਨਹੀਂ ਸੀ। ਚਾਹੇ ਆਪਣੀ ਆਜ਼ਾਦੀ ਲਈ ਲੜ ਰਹੇ ਸਨ ਜਾਂ ਕਿਸੇ ਹੋਰ ਦੀ ਲਈ, ਗੁਰੂ ਆਸ਼ੇ ਮੁਤਾਬਕ ਸਰਬੱਤ ਦੇ ਭਲੇ ਲਈ ਹੀ ਜੂਝ ਰਹੇ ਸਨ।

ਮਾੜੀ ਮਨਸ਼ਾ ਤਾਂ ਦੋਵਾਂ ਨੂੰ ਵਰਤਣ ਵਾਲਿਆਂ ਦੀ ਸੀ, ਕੁਝ ਯੂਰਪ ਤੇ ਉੱਤਰੀ ਅਮਰੀਕਾ ਦੀ ਅਜ਼ਾਦੀ ਲਈ ਦਸਤਾਰਾਂ ਵਾਲਿਆਂ ਨੂੰ ਵਰਤ ਗਏ ਤੇ ਕੁਝ ਭਾਰਤ ਦੀ ਅਜ਼ਾਦੀ ਲਈ, ਦਸਤਾਰਾਂ ਵਾਲਿਆਂ ਨੂੰ ਅਜ਼ਾਦੀ ਕਿਤੇ ਵੀ ਨਹੀਂ ਮਿਲੀ।

ਚਲੋ! ਕੋਈ ਨਾ, ਅਗਾਂਹ ਦਾ ਸੋਚੀਏ!

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ